ਬਾਬਾ ਮੱਕੜ
ਬਾਬਾ ਮੱਕੜ
ਤਖਤਪੋਸ਼ ਤੇ ਬੈਠਾ ਛੱਡੇ ਜੱਕੜ
ਪੰਜਾਬ ਦੇਸ ਦੇ ਪੈਰੀਂ ਚੱਕਰ
ਅਸੀਂ ਨਹੀਂ ਤਾਂ
ਸਾਡੇ ਪੁੱਤਾਂ ਧੀਆਂ ਦੇਸ ਬਿਗਾਨੇ ਜਾਣਾ
ਸਾਡੇ ਪੈਰੀਂ ਕਿਹੜੀਆਂ ਨੂੰਹਾਂ ਨੇ ਹੱਥ ਲਾਣਾ।
ਪਹੁੰਚੇ ਸੱਜਣਾ ਦੇ ਚਰਨਾਂ ਵਿਚ ਲੋਕੀਂ ਸੀਸ ਨਿਵਾਂਦੇ
ਪਦਮਾਂ ਵਾਲੇ ਚਰਨਾਂ ਤਾਈਂ ਪਲਕੀਂ ਚੁੱਕ ਬਿਠਾਂਦੇ
ਇਕਨਾਂ ਹਿੱਸੇ ਉੱਚੀ ਪਦਵੀ ਇਕ ਦਾਸਨ ਕੇ ਦਾਸਾ
ਉੱਚੀ ਪਦਵੀ ਵਾਲੇ ਸੱਜਣ ਚਰਨ ਭੋਇੰ ਨਾ ਲਾਂਦੇ।
ਨਾ ਤਾਂ ਸਾਡੀ ਉੱਚੀ ਪਦਵੀ ਨਾ ਅਸੀਂ ਪਹੁੰਚੇ ਸੱਜਣ
ਪੈਰ ਜੋ ਤੁਰਦੇ ਕੱਚੇ ਰਾਹੀਂ ਕਦ ਚਰਨਾ ਦਾ ਰੁਤਬਾ ਪਾਂਦੇ।
ਚਰਨਾਂ ਵਾਲੇ ਸੱਜਣਾਂ ਤਾਈਂ ਮਾਣ ਮੁਹੱਬਤ ਕਦਰਾਂ
ਚਰਨਾ ਵਾਲੇ ਸੱਜਣ ਕਦੇ ਨਾ ਛਡ ਕੇ ਜਾਣ ਟਿਕਾਣਾ।
ਜੋ ਨੰਗੇ ਰੋੜਾਂ ਤੇ ਤੁਰ ਤੁਰ ਗੇਰੂ ਰੰਗੇ ਹੋਏ
ਉਹ ਪੈਰਾਂ ਨੇ ਇਕ ਦਿਨ ਯਾਰੋ ਹੱਲ ਟਿਕਾਣਿਓਂ ਜਾਣਾ।
ਔਹ ਨਿਰਛਲ ਦੋ ਪੈਰ ਨਿਮਾਣੇ ਡੰਡੀਆਂ ਨਾਲ ਸਿਉਂਤੇ
ਸਿਖਰ ਦੁਪਹਿਰੇ ਤੁਰਦੇ ਤੁਰਦੇ ਐਥੇ ਹੀ ਸੜ ਜਾਣਾ
ਔਹ ਪੈਰਾਂ ਨੇ ਨਦੀ ਦੇ ਪੁਲ ਤੇ ਬਹਿ ਕੇ ਝੁਰਦੇ ਰਹਿਣਾ
ਗਏ ਨੀਰ ਨੇ ਮੁੜ ਨਾ ਆਉਣਾ ਨਾ ਝੋਰੇ ਨੇ ਜਾਣਾ।
ਔਹ ਦੋ ਪੈਰਾਂ ਧੜ ਵੀ ਚੁੱਕਿਆ ਉਤੇ ਸੀਸ ਟਿਕਾਇਆ
ਜਕਦੇ ਜਕਦੇ ਪਿੰਡੋਂ ਨਿਕਲੇ ਭਾਲਣ ਨਵਾਂ ਟਿਕਾਣਾ
ਔਹ ਦੋ ਪੈਰਾਂ ਜੜ੍ਹਾਂ ਵੀ ਪੁੱਟੀਆਂ ਪੁੱਟ ਕੇ ਮੋਢੇ ਰੱਖੀਆਂ
ਧਰਤੀ ਮਾਂ ਤੋਂ ਮਾਫੀ ਮੰਗੀ ਮੁੜ ਐਥੇ ਨਾ ਆਉਣਾ
ਗਲ ਵਿਚ ਫਸਿਆ ਅੱਥਰ
ਉਤੋਂ ਉਤੋਂ ਹੱਸੇ ਬਾਬਾ ਮੱਕੜ
ਮਨ ਭਰ ਆਇਆ
ਕਿਉਂ ਧਰਤੀ ਤੇ ਸਾੜ੍ਹਸਤੀ
ਕਿਉਂ ਸਮਾਂ ਕੁਸ਼ਗਨਾ ਆਇਆ
ਅੰਦਰੇ ਅੰਦਰ ਬੋਲੀ ਪਾ ਕੇ ਜੀਅ ਪਰਚਾਇਆ:
“ਬੋਦੀ ਵਾਲਾ ਤਾਰਾ ਚੜ੍ਹਿਆ
ਘਰ ਘਰ ਹੋਣ ਵਿਚਾਰਾਂ
ਕੁਛ ਲੁੱਟ ਲੀ ਮੈਂ ਪਿੰਡ ਦਿਆਂ ਪੈਂਚਾਂ
ਕੁਛ ਲੁੱਟ ਲੀ ਸਰਕਾਰਾਂ
ਗਹਿਣੇ ਗੱਟੇ ਮਾਪਿਆਂ ਲਾਹ ਲੇ
ਰੂਪ ਹੰਡਾ ਲਿਆ ਯਾਰਾਂ
ਭੇਡਾਂ ਚਾਰਦੀਆਂ
ਬੇ-ਕਦਰਾਂ ਦੀਆਂ ਨਾਰਾਂ”
ਆਪਣੀ ਧਰਤੀ ਰਹਿੰਦੇ ਰਹਿੰਦੇ ਕੌਣ ਬੇਕਦਰੇ ਹੋਏ
ਕੌਣ ਜਿਨ੍ਹਾਂ ਦੀਆਂ ਤੜਕੇ ਤੜਕੇ ਭੇਡਾਂ ਚਾਰਨ ਨਾਰਾਂ
ਹੌਲੀ ਹੌਲੀ ਬੋਲੇ ਬਾਬਾ ਮੱਕੜ
ਕਲਜੁਗ ਦੇ ਪੈਰਾਂ ਵਿਚ ਚੱਕਰ
ਆਪਣੇ ਪੁੱਤਾਂ ਧੀਆਂ ਕੋਲੋਂ ਅੱਖਾਂ ਫੇਰਨ ਮਾਵਾਂ
ਦੋ-ਚਿੱਤੀ ਵਿਚ ਟੁੱਟਿਆ ਬੰਦਾ ਪਲ ਪਲ ਬਦਲੇ ਰਾਵਾਂ
ਦੇਸ ਚ ਵੀ ਪਰਦੇਸ ਚ ਵੀ ਬੱਸ ਸੋਚੀ ਜਾਵੇ
ਜਾਵਾਂ ਕਿ ਨਾ ਜਾਵਾਂ?
ਦੋਚਿੱਤੀ
ਦੋਚਿੱਤੀ ਵਿਚ ਘਰ ਦੀਆਂ ਨੀਹਾਂ ਸਦਾ ਕੱਚੀਆਂ
ਦੋਚਿੱਤੀ ਵਿਚ ਰੁੱਖ ਨਾ ਲਾਉਂਦੇ ਜੜ੍ਹਾਂ ਪੱਕੀਆਂ
ਦੋਚਿੱਤੀ ਦੇ ਹੱਥ ਵਿਚ ਨਸ਼ਤਰ ਤਿੱਖਾ ਮੁੜ ਮੁੜ ਦੇਵੇ ਚੀਰਾ
ਸੁਪਨੇ ਬੁਣ ਬੁਣ ਜੋ ਵੀ ਵਸਤਰ ਕਰੀਏ ਪੂਰਾ
ਗਲ ਵਿਚ ਪਾਉਣੋ ਪਹਿਲਾਂ ਹੋ ਜੇ ਲੀਰਾਂ ਲੀਰਾਂ।
ਦੋਚਿੱਤੀ ਵਿਚ ਬਾਲਕ ਕੁਝ ਨਾ ਕਹਿੰਦੇ
ਰੁਸ ਰੁਸ ਬਹਿੰਦੇ
ਜਿਨ੍ਹਾਂ ਦੀ ਮਾਂ-ਬੋਲੀ ਦੇ ਨੰਨ੍ਹੇ ਪੰਛੀਆਂ ਵਰਗੇ
ਸ਼ਬਦ ਪਿਆਰੇ ਬਣੇ ਵਿਚਾਰੇ
ਉਡਣ ਤੋਂ ਪਹਿਲਾਂ ਜਿਨ੍ਹਾਂ ਦੇ ਪੰਖ ਮਰੋੜੇ ਜਾਵਣ ਸਾਰੇ।
ਪ੍ਰਸ਼ਨ ਅਵੱਲੇ
ਲੈ ਪਿਆਰੇ ਮੈਂ ਤੇਰੇ ਦੁੱਧ ਚੋਂ
ਸੂਰਮਿਆਂ ਦੀ ਤੱਤੀ ਗਾਥਾ ਕੱਢੀ
ਸ਼ਾਨ ਸ਼ਹੀਦੀ ਦਾ
ਕੋਈ ਫੋਕਾ ਸੁਆਦ ਨਾ ਆਊ ਤੈਨੂੰ ਇਸ ‘ਚੋਂ
ਦੇਸ਼-ਭਗਤ ਦਾ ਸ਼ਬਦ ਅਫੀਮੀ
ਮੈਂ ਤੇਰੇ ਲਈ ਉਹ ਵੀ ਖਾਰਜ ਕੀਤਾ
ਜਿਸਦੇ ਨਸ਼ੇ ‘ਚ ਤੇਗਾਂ ਵਾਹੁੰਦਾ
ਤੈਨੂੰ ਵੇਖਣ ਤੋਂ ਪਹਿਲਾਂ ਹੀ ਤੇਰਾ ਬਾਪ ਖ਼ਾਮੋਸ਼ ਹੋ ਗਿਆ।
ਮਹਾਂਵੀਰ ਚੱਕਰ ਦੀ ਤੇਰੇ ਮਨ ਵਿਚ
ਕਦੇ ਨਾ ਉਪਜੇ ਲੋਚਾ।
ਭਲੇ ਮਨੁੱਖ ਨੇ ਉਹ ਵੀ ਜੋ ਦੂਜਿਆਂ ਲਈ ਮਰਦੇ
ਪਰਮ ਮਨੁੱਖ ਨੇ ਓਹੋ ਜੋ ਦੂਜਿਆਂ ਲਈ ਜਿਉਂਦੇ
ਮੇਰਾ ਦੁਧ ਚੁੰਘ ਚੁੰਘ ਕੇ ਤੂੰ ਜੀਵੇਂ
ਉਹਨਾਂ ਖ਼ਾਤਰ
ਜਿਹਨਾਂ ਦਾ ਕੋਈ ਦੇਸ਼ ਨਾ ਥਾਂ-ਟਿਕਾਣਾ
ਦੇਸ਼-ਭਗਤ ਦਾ ਸ਼ਬਦ ਜਿਨ੍ਹਾਂ ਲਈ
ਹੋਇਆ ਬਹੁਤ ਬੇ-ਅਰਥਾ
ਸੌ ਵੀਰਾਂ ਦੀ ਸ਼ਕਤੀ ਤੇਰੇ ਮਨ ਵਿਚ
ਸੌ ਵੀਰਾਂ ਦਾ ਨਿਸਚਾ ਤੇਰੀ ਸਹਿਜ ਸੋਚਣੀ ਅੰਦਰ
ਦਿਲ ਦੇ ਚਾਰੇ ਕੋਨੇ ਕਰੁਣਾ ਦੀਪ ਜਗੇ
ਕੁਰਬਾਨੀ ਦਾ ਫੁੱਟੇ ਅੰਕੁਰ
ਮੇਰੇ ਅੰਦਰ
ਖਿਣ ਖਿਣ ਨਿੱਕੇ ਪੌਦੇ ਵਾਂਗਰ ਵਧਦੇ ਮੇਰੇ ਬੱਚੇ
ਮੇਰੇ ਸਾਹਾਂ ਵਿਚੋਂ ਨੰਨ੍ਹੇ ਨੰਨ੍ਹੇ ਸਾਹ ਭਰਦਾ ਹੈਂ
ਆਪਣੀ ਟੱਪ ਟਪੂਸੀ ਦੀ ਭਾਸ਼ਾ ਵਿਚ
ਮੇਰਾ ਧਿਆਨ ਮੰਗਦੈਂ
ਹਰ ਪਲ ਮੈਥੋਂ ਪ੍ਰਸ਼ਨ ਅਵੱਲੇ ਪੁਛਦਾ ਰਹਿਨੈਂ
ਸੂਹੇ ਸਿਉ ਤੇ ਦੰਦੀ
ਸੂਹੇ ਸਿਉ ਤੇ ਦੰਦੀ ਵਢਾਂ
ਸੁਆਦ ਕਸੈਲਾ ਆਵੇ
ਅੰਮੜੀਏ ਨੀ ਏਸ ਨਗਰ ਵਿਚ
ਸੰਤਰਿਆਂ ਤੇ ਮੋਹਰਾਂ ਲੱਗੀਆਂ
ਹਾਸਾ ਆਵੇ
ਏਸ ਨਗਰ ਦੇ ਚੱਜ ਅਵੱਲੇ
ਗਲੀ ਗਲੀ ਵਿਚ ਰੁੱਖ ਖੜੋਤੇ
ਥੱਕੀਆਂ ਭੇਡਾਂ ਵਾਂਗਰ
ਨਾ ਤੋਤਾ ਕੋਈ ਅੱਖ ਮਟਕਾਵੇ
ਨਾ ਕਾਟੋ ਚਕਚੋਲੜ ਪਾਵੇ
ਅੰਮੜੀਏ ਨੀ ਮੈਂ ਵੀ ਹੁਣ ਤਾਂ
ਰੋਜ਼ ਦਿਹਾੜੀ ਘਾਹ ਕੱਟਣ ਦੀ ਆਦੀ ਹੋਈ
ਘਾਹ ਨੂੰ ਰੋਜ਼ ਦਿਹਾੜੀ ਕਿਸ ਲਈ ਕੱਟਾਂ
ਕੱਟ ਕੇ ਕੂੜੇ ਅੰਦਰ ਸੁੱਟਾਂ, ਖੁਸ਼ ਜਿਹੀ ਹੋਵਾਂ
ਸਮਝ ਨਾ ਆਵੇ।
ਏਸ ਨਗਰ ਵਿਚ ਨਾ ਮੱਸਿਆ ਨਾ ਪੁੰਨਿਆ
ਤਾਕੀ ਖੋਲ੍ਹਾਂ
ਲੱਖ ਹਜਾਰਾਂ ਲਾਟੂ ਝਿਲਮਿਲ ਝਿਲਮਿਲ
ਕੂਲਾ ਚਾਨਣ ਲੈ ਕੇ
ਚੰਨ ਪੂਰੇ ਦਾ ਪੂਰਾ ਖ਼ਬਰੇ ਕਿਸ ਪਾਸੇ ਤੁਰ ਜਾਵੇ
ਏਸ ਮੁਲਕ ਦਾ ਪਹਿਲਾ ਲੱਛਣ
ਕਾਹਲੀ ਕਾਹਲੀ ਲੁਛ ਲੁਛ ਕਰਨਾ
ਗੋਲੀ ਲੈ ਕੇ ਸੌਣਾ, ਕਾਹਲੀ ਕਾਹਲੀ ਸੁਪਨਾ ਲੈਣਾ
ਉਠਣਾ ਤੇ ਤੁਰ ਜਾਣਾ
ਸੜਕਾਂ ਉਤੇ ਕਾਰ ਭਜਾਉਂਦੇ ਇਸ਼ਕ ਰਚਾਉਣਾ
ਭੁੱਖ ਲੱਗੇ ਤਾਂ ਸੜਕ ਕਿਨਾਰੇ ਕਾਰ ਖੜੀ ਕਰ
ਵਿਚੇ ਬੈਠੇ ਖਾਣਾ ਆਡਰ ਕਰਨਾ
ਮਿੰਟ ਸਕਿੰਟੀਂ ਖਾਣਾ ਤੇ ਤੁਰ ਜਾਣਾ।
ਵਡੇ ਮੁਰਗੀਖਾਨੇ ਅੰਦਰ
ਚਿੱਟੀ ਕੁਕੜੀ ਦਿਨੇ ਰਾਤ ਜਾਲੀ ਵਿਚ ਬੈਠੀ
ਇਕੋ ਥਾਵੇਂ ਧੌਣ ਉਤਾਂਹ ਨੂੰ ਕੀਤੀ
ਨਾਲੀ ਵਿਚੋਂ ਆਉਂਦੇ ਦਾਣੇ ਕਾਹਲੀ ਕਾਹਲੀ ਅੰਦਰ ਕਰਦੀ
ਕਾਹਲੀ ਕਾਹਲੀ ਆਂਡੇ ਦਿੰਦੀ ਕਦੇ ਨਾ ਕੁੜ ਕੁੜ ਕਰਦੀ
ਬਹੁਤ ਵਿਚਾਰੀ ਸਾਡੇ ਵਰਗੀ।
ਕਦੇ ਕਦੇ ਬੱਸ ਲੰਮੇ ਵਹਿਣੀਂ ਵਹਿ ਜਾਂ
ਪਿੰਡ ਦੀ ਕੱਸੀ ਚੇਤਨ ਵਿਚ ਉਜਾਗਰ ਹੋਵੇ
ਪੁਲ ਤੇ ਬਹਿ ਜਾਂ
ਏਥੇ ਸਭ ਕੁਝ ਛੋਹਲਾ ਛੋਹਲਾ
ਮੇਰੀਆਂ ਸੋਚਾਂ ਇਨ ਬਿਨ ਓਹੀ
ਭਰੀ ਨਦੀ ਦੀ ਚਾਲੇ।
ਆਪਾਂ ਸਰਲ ਸਰਲ ਜਿਹੇ ਲੋਕੀਂ
ਸਹਿਜੇ ਸਹਿਜੇ ਤੁਰਨਾ ਸਿਖਿਆ
ਸਹਿਜੇ ਸਹਿਜੇ ਦਿਨ ਤੁਰਦਾ ਸੀ
ਸੁਪਨੇ ਚੰਨ ਚਾਨਣੀ ਵਾਂਗ ਉਜਾਗਰ ਹੁੰਦੇ
ਕਿਸ ਪੁਸਤਕ ਵਿਚ ਲਿਖਿਆ
ਕਾਹਲੀ ਕਾਹਲੀ ਦਿਲ ਦੀ ਧੜਕਣ
ਸਹਿਜੇ ਸਹਿਜੇ ਵਗਦੇ ਪ੍ਰਾਣਾਂ ਨਾਲੋਂ ਚੰਗੀ
ਕਿਸ ਅਫਲਾਤੂ ਦੱਸਿਆ
ਲਿਸ਼ਕੋਰਾਂ ਦੀ ਅਗਨ ਰੋਸ਼ਨੀ
ਸੀਤਲ ਪੁੰਨਿਆਂ ਕੋਲੋਂ ਚੰਗੀ
ਜੇ ਅੰਬੋ ਮੈਂ ਸਿੱਧੀ ਸਾਦੀ
ਪਿੰਡ ਦੀਆਂ ਅਲਸਾਈਆਂ ਪੌਣਾਂ ਵਿਚ
ਸਾਗ ਤੋੜਦੀ, ਤੀਆਂ ਨਚਦੀ, ਸ਼ਗਨ ਮਨਾਉਂਦੀ
ਪੰਜ-ਗ੍ਰੰਥੀ ਪੜ੍ਹਦੀ ਜੂਨ ਹੰਢਾਉਂਦੀ
ਫਿਰ ਕੀ ਘਾਟਾ ਖਾਂਦੀ
ਝਟਪਟ ਤੁਰਤ ਤੁਰੰਤ ਦਾ ਜਿਉਣਾ
ਰਾਸ ਨਾ ਆਵੇ
ਕੱਚੇ ਦੁਧ ਦੀ ਗੜਵੀ ਅੰਦਰਨਿੰਬੂ ਦਾ ਛਿੱਟਾ ਪੈ ਜਾਵੇ
ਟਹਿਣੀ ਲੱਗੇ ਫਲਾਂ ਤੇ ਕੋਈ
ਛਿੜਕ ਦਵਾਈ ਜਾਵੇ
ਸੂਹੇ ਸਿਉ ਤੇ ਦੰਦੀ ਵਢਾਂ
ਸੁਆਦ ਕਸੈਲਾ ਆਵੇ।
ਨਾਨਕ ਤੇ ਮਰਦਾਨਾ
ਟੁੱਟੀ ਨੀਂਦ ਰਬਾਬੋਂ ਮਿੱਠੀ
ਤੜਕਸਾਰ ਬੂਹੇ ਤੇ ਦਸਤਕ ਕਿਸ ਨੇ ਦਿਤੀ?
ਬਿਖਰੇ ਸੁਪਨਿਆਂ ਦੇ ਨਿਕਸੁਕ ਚੋਂ
ਕਰਕੇ ਸੁਰਤ ਇਕੱਠੀ
ਮਰਦਾਨੇ ਅੱਖ ਪੁੱਟੀ
ਫੇਰ ਕਿਸੇ ਨੇ ਦਸਤਕ ਦਿਤੀ
ਦੂਜੇ ਪਲ ਮਰਦਾਨਾ ਉਠਿਆ
ਅੰਦਰੇ ਅੰਦਰ ਮਨ ਆਪਣੇ ਤੇ ਹੱਸਿਆ
ਵਾਹ ਰੇ ਮੂਰਖ ਪ੍ਰਾਣੀ
ਇਸ ਸੀਤਲ ਪ੍ਰਭਾਤ ਚ
ਬਿਨ ਨਾਨਕ ਕਿਸ ਬੂਹੇ ਤੇਰੇ ਦਸਤਕ ਦੇਣੀ
ਨੰਗੇ ਪੈਰੀਂ ਨੱਸਿਆ ਮਿੱਤਰ ਨੂੰ ਗਲਵੱਕੜੀ ਕੱਸਿਆ
ਟਾਕੀਆਂ ਲੱਗੇ ਨਿੱਘੇ ਲੇਫ ਚ ਆਣ ਬਠਾਇਆ
ਕਹਿ ਪਿਆਰੇ ਅੱਜ ਭਿੰਨੀ ਰੈਣ ਚ
ਕੌਣ ਚਮਕਦੇ ਤਾਰੇ ਲੱਥੇ ਧਿਆਨ ਤੇਰੇ ਦੇ ਅੰਦਰ
ਕਿਸ ਸੱਜਰੀ ਰਚਨਾ ਦੇ ਅੰਕੁਰ
ਹੋਏ ਵਿਆਕੁਲ ਤੇਰੇ ਅੰਦਰ
ਮੇਰੇ ਕੰਨ ਸੁਣਨ ਲਈ ਤਰਸਣ
ਟੋਟੇ ਟੋਟੇ ਸ਼ਬਦ ਅਲੌਕਿਕ
ਜੋ ਤੇਰੇ ਅੰਤਰਗਤ ਪਰਗਟ ਹੋਏ
ਆ ਉਹਨਾਂ ਨੂੰ ਸ਼ਬਦਾਂ ਦੀ ਜੂਨੀ ਪਾ ਦੇਈਏ
ਰਾਗਾਂ ਦੇ ਵਸਤਰ ਪਹਿਨਾਈਏ
ਕੋਈ ਅਨੂਪਮ ਖੇਡ ਜਿਹੀ ਰਚ ਲਈਏ
ਛੋਹ ਕੇ ਵੇਖ ਰਬਾਬ ਕਿਸ ਤਰ੍ਹਾਂ ਇਕਸੁਰ ਹੋਈ
ਸ਼ਬਦ ਉਚਾਰ, ਨਵਾਂ ਕੋਈ ਛੰਦ ਸਿਰਜੀਏ
ਨਾਨਕ ਗਹਿਰ ਗੰਭੀਰ
ਸੂਖਮ ਲੋਅ ਵਿਚ ਜੀਕਣ
ਸੰਗ-ਤਰਾਸ਼ੀ ਨੈਣ ਝੁਕਾਈ ਬੈਠਾ:
ਨਾ ਮਿੱਤਰਾ ਨਾ ਅੱਜ ਨਾ ਮੇਰੇ ਅੰਦਰ
ਰਚਨਾ ਕੋਈ ਵਿਆਕੁਲ
ਨਾ ਹੀ ਪਹਿਲੇ ਪਹਿਰੇ ਦੀ ਕੋਈ ਨੈਣ ਸਲੋਨੀ
ਮੇਰੇ ਧਿਆਨ ਦੇ ਬੂਹੇ ਕਵਿਤਾ ਮੰਗਣ ਆਈ
ਨਾ ਹੀ ਮਹਾਂ ਸ੍ਰਿਸ਼ਟੀ ਦੇ ਗਗਨਾਚਰ ਚੰਦ ਸਿਤਾਰੇ
ਮੇਰੀ ਚੇਤਨਤਾ ਭਰਮਾਵਣ
ਅੱਜ ਅਚਾਨਕ ਇਸ ਨਿੱਕੇ ਸੰਸਾਰ ਚ ਰਚਿਆ
ਕੂੜ ਕਪਟ ਇੰਜ ਪਰਗਟ ਹੋਇਆ
ਨਿਰਮਲ ਜਲ ਜਿਉਂ ਵਹਿੰਦਾ ਵਹਿੰਦਾ
ਖਿਣ ਵਿਚ ਜਾਏ ਗੰਧਲਿਆ
ਲਾਲੋ ਸਾਡਾ ਸਾਦ ਮੁਰਾਦਾ ਪਿਆਰਾ ਮਿੱਤਰ
ਗਈ ਸੰਧਿਆ ਲਾਲੋ ਘਰ ਮੈਂ
ਰੁੱਖਾ ਮਿੱਸਾ ਭੋਜਨ ਕੀਤਾ
ਥਾਂ ਥਾਂ ਉਸ ਭੋਜਨ ਦਾ ਚਰਚਾ ਛਿੜਿਆ:
‘ਨਾਨਕ ਲਾਲੋ ਦੇ ਘਰ ਭੋਜਨ ਕੀਤਾ
ਨੀਚੀ ਜਾਤ ਨੂੰ ਉੱਚਾ ਕੀਤਾ’
ਮੈਨੂੰ ਜਾਪੇ ਮੈਂ ਲਾਲੋ ਦੀ ਜਾਤ ਦਾ
ਨੀਵਾਂ ਇਕ ਪਰਿਮਾਣ ਜਿਹਾ ਛੱਡ ਆਇਆ।
ਜੇ ਮੈਂ ਕਿਸੇ ਛੰਦ ਦੀ ਰਚਨਾ
ਤੇਰੇ ਸੰਗ ਕਰਨ ਲਈ ਆਵਾਂ
ਆਖਣ ਮੈਂ ਕੋਈ ਦੈਵੀ ਕਾਰ ਕਮਾਵਾਂ
ਕੰਗਲੇ ਨੀਚੇ ਮਰਦਾਨੇ ਘਰ ਚਰਨ ਛੁਹਾਵਾਂ
ਮਨ ਹੋ ਜਾਏ ਬਹੁਤ ਉਦਾਸ
ਕੋਈ ਪੰਡਤ ਬੈਠੇ ਊਚਨ ਤੇ ਊਚੇ
ਕੌਈ ਨੀਚਨ ਨੀਚੀ ਜਾਤ
ਕਿਸ ਥਾਪੇ ਭੂਪਨ ਕੇ ਭੂਪਾ ਕਿਸ ਦਾਸਨ ਕੇ ਦਾਸ?
ਊਚ ਨੀਚ ਨੂੰ ਸਹਿਣਾ ਮੁਸ਼ਕਲ, ਜੀਅ ਉਚਾਟ।
ਦੇਸੋਂ ਦੂਰ ਵਾਟ ਤੇ ਜਾਣਾ ਲੋਚਾਂ
ਵੇਖਾਂ, ਕਿੰਨਾ ਬਾਕੀ ਜਗਤ ਉਦਾਸ
ਕਿੰਨਾ ਡੂੰਘਾ ਦਰਦ ਸ੍ਰਿਸ਼ਟੀ ਅੰਦਰ ਧਸਿਆ
ਕੌਣ ਦਰਸ਼ਨੀ ਬੈਠੇ ਸੁੰਨ ਸਮਾਧੀ ਅੰਦਰ
ਦੁਖ-ਸੁਖ ਤੋਂ ਬੇਲਾਗ
ਸਤਿ ਜਾਣਨ ਲਈ ਹਿਰਦਾ ਵਿਆਕੁਲ
ਮੇਰਾ ਮਨ ਉਤਾਵਲ
ਐਸੇ ਘੜੀ ਹੀ ਤੁਰਨਾ ਲੋਚੇ।
ਚੱਲ ਉਠ ਪਰਮ ਪਿਆਰੇ ਮਿੱਤਰਾ ਚੁੱਕ ਰਬਾਬ
ਲੋਚਾਂ ਤੇਰਾ ਸਾਥ
ਡੰਡੀਆਂ ਪਗਡੰਡੀਆਂ ਘੋਰ ਵਣਾਂ ਵਿਚਕਾਰ
ਚੱਲ ਉਦਾਸੀਆਂ ਦੇ ਨਾਂ
ਇਸ ਜੀਵਨ ਦੇ ਸੱਤਿ ਦੀ ਕਰੀਏ ਭਾਲ
ਚੱਲ ਤੁਰ ਪਈਏ ਨੰਗੇ ਪੈਰੀਂ
ਚਾਰੇ ਕੂੰਟਾਂ ਕਰਨ ਪੁਕਾਰ
ਕੋਰਾ ਪੰਨਾ
ਆਹ ਲੈ ਕੋਰਾ ਪੰਨਾ ਕਲਮ ਤੇ ਨੀਲੀ ਸ਼ਾਹੀ
ਮਾਰ ਚੌਂਕੜੀ ਬਹਿ ਜਾ
ਅੱਜ ਕੋਈ ਪਿਆਰ ਦੀ ਨਜ਼ਮ ਬਣਾ
ਐਸੇ ਅੱਖਰ ਪਾ
ਅੱਖਰਾਂ ਨੂੰ ਕੋਈ ਸ਼ਹਿਦ ਜਿਹਾ ਦੇ ਲਾ
ਐਸੇ ਸ਼ਬਦ ਸਜਾ
ਸ਼ਬਦਾਂ ਵਿਚ ਕੋਈ ਲੋਅ ਜਿਹੀ ਦੇ ਜਗਾ
ਪੜ੍ਹ ਕੇ ਮਨ ਨੂੰ ਹੋ ਜੇ ਕੋਈ ਸ਼ੁਦਾ
ਤੇਰੇ ਬਿਖਰੇ ਮਨ ਦੀ ਸ਼ਾਇਦ
ਏਹੋ ਇਕ ਦਵਾ
ਚੱਲ ਪਰਉਪਕਾਰ ਕਮਾ
ਅੱਜ ਕੋਈ ਪਿਆਰ ਦੀ ਨਜ਼ਮ ਬਣਾ
ਮਨ ਹੀ ਮਨ ਵਿਚ ਕਵਿਤਾ ਵਰਗੀ ਓਸ ਕੁੜੀ ਦਾ
ਹੱਥ ਫੜ੍ਹ ਲਾ
ਜਕਦੇ ਜਕਦੇ ਨਾਂ ਪੁੱਛ ਲਾ
ਡੂੰਘੇ ਧਿਆਨ ‘ਚ ਪੜ੍ਹਦੇ ਬੱਚੇ ਦੀ ਵੱਖੀ ਸੰਗ
ਚੀਚੀ ਲਾ ਦੇ
ਖਿੜ ਖਿੜ ਹਸਦਾ ਵੇਖ ਕੇ ਖੁਸ਼ ਹੋ ਜਾ
ਚੋਗਾ ਚੁਗਦੇ ਪੰਛੀਆਂ ਪਿੱਛੇ ਵਾਂਗ ਸ਼ੁਦਾਈਆਂ ਨੱਸ ਪਾ
ਕੰਮ ਧੰਦੇ ਨੂੰ ਵਿਚੇ ਛੱਡ ਕੇ ਰੇਡੀਓ ਲਾ ਲਾ,
ਫਿਲਮ ਵੇਖ ਲਾ, ਕੁਝ ਵੀ ਕਰ ਲਾ
ਅੱਜ ਕੋਈ ਪਿਆਰ ਦੀ ਨਜ਼ਮ ਬਣਾ।
ਹੁਣ ਤਾਂ ਮਿੱਤਰਾ ਤੇਰੀ ਕਵਿਤਾ
ਕਦੇ ਪੜ੍ਹੀ ਨਾ ਪੂਰੀ
ਜੋਰ ਵੀ ਲਾਵਾਂ ਵਿਚੇ ਰਹੇ ਅਧੂਰੀ
ਬਹੁਤ ਖੁਸ਼ਕ ਨੇ ਅੱਖਰ
ਬੇਹੀ ਰੋਟੀ ਵਾਂਗਰ
ਬੁਲ੍ਹਾਂ ਉਤੇ ਭੁਰ ਭੁਰ ਜਾਂਦੇ
ਸਤਰਾਂ ਅੰਦਰ ਬਹੁਤ ਢੀਠ ਜਿਹੇ
ਛੁਰੀਆਂ ਚਾਕੂ ਕੱਚ ਕੰਕਰਾਂ
ਜੇ ਅੰਦਰ ਲੰਘ ਜਾਵਣ
ਕਿੰਨਾ ਕੁਝ ਹੀ ਪਾੜਦੇ ਜਾਵਣ।
ਲੋਹਾ ਲੋਹੇ ਦੇ ਸੰਗ ਕਟਦਾ
ਨਫਰਤ ਨਫਰਤ ਨਾਲ ਨਾ ਕਟਦੀ
ਮੁਮਕਿਨ ਹੈ ਔਹ ਬੰਦਾ, ਏæਕੇ-47 ਵਾਲਾ
ਤੇਰੀ ਕਵਿਤਾ ਸੁਣਨ ਖੁਣੋਂ ਹੀ
ਬਹੁਤ ਕ੍ਰੋਧੀ ਹੋਇਆ ਫਿਰਦਾ
ਖਬਰੇ ਘੂਰ ਕੇ ਦੱਸ ਰਿਹਾ ਹੈ
ਕਵੀਆ ਤੂੰ ਤਾਂ ਸਿਧੇ ਰਾਹ ਤੇ ਆ
ਅੱਜ ਕੋਈ ਪਿਆਰ ਦੀ ਨਜ਼ਮ ਬਣਾ
ਸਹਿਜ ਸੁਭਾ ਮੁਸਕਾਈ ਸੁਰਤੀ
ਸਹਿਜ ਸੁਭਾ ਮੁਸਕਾਈ ਸੁਰਤੀ
ਸਹਿਜ ਸੁਭਾ ਫਿਰ ਬੋਲੀ
ਮੈਂ ਤਾਂ ਇਸ ਪਲ ਤੇਰੇ ਅੰਦਰ
ਨਦੀਆ ਬਣ ਕੇ ਵਗਣਾ ਤੇ ਤੁਰ ਜਾਣਾ
ਇਸ ਪਲ ਜਲਥਲ ਜਲਥਲ ਹੋ ਜਾ
ਅਗਲੇ ਪਲ ਵਿਚ ਕਿਣਕਾ ਕਿਣਕਾ ਸੁੱਕ ਜਾ
ਅਗਲੇ ਪਲ ਵਿਚ ਕੋਈ ਸੋਮਾ ਬਣ ਕੇ ਫੁੱਟ ਪਾ
ਤੇਰੀ ਇਛਾ
ਮੈਂ ਅਗਲੇ ਪਲ ਤੁਰ ਜਾਣਾ ਹੈ
ਮੋਹ ਮਿੱਟੀ ਦੇ ਬੰਧਨ ਸਿਰਜੇ ਰੁੜ੍ਹ ਜਾਵਣਗੇ
2
ਸਹਿਜ ਸੁਭਾ ਮੁਸਕਾਈ ਸੁਰਤੀ
ਸਹਿਜ ਸੁਭਾ ਫਿਰ ਬੋਲੀ
ਏਸ ਬਿਰਖ ਦੀਆਂ ਨਦੀਆਂ ਅੰਦਰ
ਪਰਾਣਾਂ ਦਾ ਜਲ ਵਗਦਾ
ਜਲ ਦੇ ਅੰਦਰ ਮੈਂ ਵਸਦੀ ਹਾਂ
ਏਸ ਬਿਰਖ ਦੀਆਂ ਅੱਖਾਂ ਵਿਚੋਂ
ਲੋਅ ਝਰਦੀ ਹੈ
ਲੋਅ ਦੇ ਅੰਦਰ ਮੈਂ ਤਕਦੀ ਹਾਂ
ਬਿਰਖ ਏਸ ਦਾ ਜੇ ਤੂੰ ਪੱਤਾ ਬਣ ਕੇ ਫੁੱਟਿਆ
ਤੇਰੀ ਹੋਣੀ
ਜੇ ਤੁਰ ਸਕਦੈਂ ਟਹਿਣੀਓਂ ਟਹਿਣੀ
ਮੁਢ ਤਣੇ ਵਿਚ ਆ ਜਾ
ਕਣ ਕਣ ਅੰਦਰ ਘੁਲ ਜਾ
ਧੁਰ ਦੀ ਜੜ੍ਹ ਤੋਂ ਲੈ ਕੇ ਸਿਖਰ ਕਰੂੰਬਲ ਤੀਕਰ
ਤੇਰੀ ਧਰਤੀ