ਲੀਲ੍ਹਾ ਵਿਚੋਂ ਕਵਿਤਾਵਾਂ


 

 

 

 

 

 

 

 ਕਿੱਲੇ ਨਾਲ਼ ਨਾ ਬੰਨ੍ਹੀਏ
 ਨਵਤੇਜ ਭਾਰਤੀ

ਕਿੱਲੇ ਨਾਲ਼ ਨਾ ਬੰਨੀਏ
ਘਣੇ ਬਿਰਛ ਦੀ ਛਾਂ
ਕਿੱਲੇ ਨਾਲ਼ ਨਾ ਬੰਨੀਏ
ਅਪਣਾ ਦੇਸ ਗਿਰਾਂ
ਵਗਦੀ ਨਦੀ ਦੇ ਨਾਲ਼ ਹੀ
ਵਗਦਾ ਉਸਦਾ ਦੇਸ
ਹਰ ਦਿਨ ਸੂਰਜ ਸੱਜਰਾ
ਹਰ ਦਿਨ ਧਰਤ ਨਵੇਸ

ਦੋਵੇਂ ਹੱਥ ਲੈ ਲਾ
ਅਜਮੇਰ ਰੋਡੇ

ਤੂੰ ਮੇਰੇ ਦੋਵੇਂ ਹੱਥ ਲੈ ਲਾ
ਇਹਨਾਂ ਦੇ ਅੱਠ ਪੈਰ ਬਣਾ ਦੇ
ਤੇ ਉਸ ਮਕੜੀ ਦੇ ਲਾ ਦੇ
ਜਿਸ ਉਤੇ ਮੈਥੋਂ ਗਰਮ ਪਾਣੀ
ਡੁੱਲ੍ਹ ਗਿਆ ਸੀ
ਅਪਾਹਜ ਮਕੜੀ ਰੋੜ ਵਾਂਗ
ਚੁੱਪ ਵਿਚ ਗੁਛਾਮੁਛਾ
ਹੋਈ ਬੈਠੀ ਹੈ

ਮੈਂ ਆਪਣਾ ਕੁਹਜ ਕੁੜਤੇ ਦੀਆਂ
ਲੰਮੀਆਂ ਬਾਹਾਂ ਵਿਚ ਢਕ ਲਵਾਂਗਾ
ਆਪਣਾ ਅਧੂਰਾ ਚਿਤਰ
ਮੂੰਹ ਵਿਚ ਬੁਰਸ਼ ਫੜ੍ਹ ਕੇ
ਪੂਰਾ ਕਰ ਲਵਾਂਗਾ
ਪਰ ਮੇਰੇ ਦੋਵੇਂ ਹੱਥ ਲੈ ਲਾ

ਜੇ ਮਕੜੀ ਗੁੰਮਸੁੰਮ ਉਸੇ ਤਰ੍ਹਾਂ
ਬੈਠੀ ਰਹੀ ਤਾਂ
ਮਰ ਜਾਵੇਗੀ ਮਰ ਕੇ
ਮੇਰੀ ਰੂਹ ਵਿਚ ਜਾਲਾ ਜਾ ਬੁਣੇਗੀ
ਚੁਰਾਸੀ ਲੱਖ ਜੂਨਾਂ ਮੇਰੇ ਨਾਲ਼
ਸਫਰ ਕਰੇਗੀ

ਬਾਜੀਗਰਨੀ
ਨਵਤੇਜ ਭਾਰਤੀ

ਘੱਗਰੀ ਵਾਲੀ ਬਾਜੀਗਰਨੀ
ਆਲੇ ਭੋਲੇ ਵੇਚਣ ਆਈ
ਬਾਜੀ ਪਾ ਗਈ
ਘੁੱਗੂ ਦੇ ਵਿਚ ਫੁਕ ਮਾਰ ਕੇ
ਗੁੰਗੀ ਮਿੱਟੀ ਬੋਲਣ ਲਾ ਗਈ

ਬੂਹੇ ਬੂਹੇ ਹੋਕਾ ਦਿੰਦੀ
ਘੁੱਗੂ ਘੋੜੇ ਗੇਰੂ ਰੰਗ ਦੇ
ਨਿਆਣੀ ਢਿਲਕੀ ਕੱਛ ਸਾਂਭਦੇ
ਨੱਸੇ ਆਵਣ ਹੱਥ ਲਾਂਵਦੇ ਸੰਗਦੇ ਸੰਗਦੇ
ਜਿਵੇਂ ਪਲੋਸਣ ਨਵੇਂ ਕਤੂਰੇ
ਘੱਗਰੀ ਵਾਲੀ ਬਾਜੀਗਰਨੀ
ਕ੍ਰਿਸ਼ਮਾ ਕਰ ਗਈ
ਗੇਰੂਆ ਮਿੱਟੀ ਵਿੱਚ ਸਾਹ ਭਰ ਗਈ
ਉਸਦੀ ਘੱਗਰੀ ਵਿੱਚ ਸਿਉਂਤੀ
ਹਰ ਧਰਤੀ ਦੀ ਟਾਕੀ
ਵੰਨ ਸੁਵੰਨੀ, ਫਿੱਕੀ, ਗੂੜ੍ਹੀ
ਮੈਲੀ ਅਧਮੈਲੀ ਅਧਪਾਟੀ
ਕੁਝ ਰੰਗ ਹੱਸਣ, ਕੁਝ ਰੰਗ ਰੋਵਣ
ਕੁਝ ਰੰਗ ਚੁਪ ਚੁਪੀਤੇ ਬਾਕੀ
ਘੱਗਰੀ ਵਾਲੀ ਬਾਜੀਗਰਨੀ
ਸਾਰੀਆਂ ਰੁੱਤਾਂ ਲੱਕ ਨਾਲ ਬੰਨ੍ਹ ਕੇ
ਜਾਂਦੀ ਜਾਂਦੀ ਰੰਗ ਖਿੰਡਾ ਗਈ
ਘੱਗਰੀ ਵਾਲੀ ਬਾਜੀਗਰਨੀ
ਬਾਜੀ ਪਾ ਗਈ

ਹਵਾ ਵਾਂਗਰਾਂ ਗਲੀਆਂ ਵਿੱਚ ਦੀ
ਕਿੱਥੋਂ ਆਈ ਕਿੱਧਰ ਤੁਰ ਗਈ
ਬੂਹੇ ਬ੍ਹਹੇ ਹੋਕਾ ਸੁਣਦਾ
ਨਿੱਕਾ ਜਿਹਾ ਇਕਤਾਰਾ ਵਜਦਾ
ਬਹੁਤੇ ਦੁੱਖ ‘ਚ ਜਿਵੇਂ ਕਿਸੇ ਦੀ
ਲੇਰ ਨਿਕਲ ਜੇ
ਉਹ ਇਸ ਪਿੰਡ ਦੀ ਕੀ ਲਗਦੀ ਹੈ?
ਨਾ ਇਹ ਪੇਕਾ ਨਾ ਇਹ ਸਹੁਰਾ
ਹਵਾ ਬਿਰਖ ਦੀ ਕੀ ਲਗਦੀ ਹੈ
ਯਾਦ ਦਾ ਹੁਣ ਨਾਲ ਕੀ ਰਿਸ਼ਤਾ ਹੈ
ਤੁਰ ਜਾਵਣ ਦਾ ਵੀ ਰਿਸ਼ਤਾ ਹੈ
ਵਿਛੜ ਜਾਣ ਦਾ ਵੀ ਰਿਸ਼ਤਾ ਹੈ
ਪਿੰਡ ਦੀਆਂ ਸੁੰਨੀਆਂ ਰੌੜਾਂ ਵਿੱਚੋਂ
ਗੱਡੀਆਂ ਦੇ ਪਹੀਆਂ ਦੀਆਂ ਲੀਹਾਂ
ਮਿਸ ਗਈਆਂ ਹਨ
ਉਸ ਦੇ ਇਕਤਾਰੇ ਦੀਆਂ ਹੇਕਾਂ
ਅਜੇ ਵੀ ਸੁਲਘਣ ਮਲਬੇ ਹੇਠਾਂ
ਕਿਹੋ ਜਿਹਾ ਰਾਗ ਵਜਾ ਗਈ
ਘੱਗਰੀ ਵਾਲੀ ਬਾਜੀਗਰਨੀ
ਬਾਜੀ ਪਾ ਗਈ

ਦੋਹਰੇ
ਅਜਮਰੇ ਰੋਡੇ

ਜੇ ਸੁਫਨੇ ਤੂੰ ਮਾਰ ਲੇ ਠੰਢੇ ਜਲ ਵਿਚ ਡੋਬ
ਔਖਾ ਹੋ ਜੂ ਚੁੱਕਣਾ ਸਿਰ ਆਪਣੇ ਦਾ ਬੋਝ

ਤੂੰ ਕਿਸ ਦੀ ਰਾਹ ਵੇਖਦੀ ਜਾਗੀ ਸਾਰੀ ਰਾਤ
ਸੁਪਨਾ ਨੀਂਦ ਉਡੀਕਦਾ ਕਰ ਗਿਆ ਆਤਮਘਾਤ

ਭੇਦ ਨਾ ਖੁੱਲ੍ਹੇ ਕਦੇ ਜੋ ਆਖਿਰ ਜਾਂਦਾ ਮਿਟ
ਬੰਦ ਨਾ ਹੋ ਕਿ ਦਿਸੇ ਨਾ ਕੁਝ ਵੀ ਤੇਰੇ ਵਿਚ

ਭੁਲ ਕੇ ਜੂਠਾ ਪੀ ਲਿਆ ਨਾ ਕਰ ਦਿਲ ਦਿਲਗੀਰ
ਤੇਰੀ ਅੱਖ ਚ ਆਣ ਕੇ ਸੁੱਚਾ ਹੋ ਗਿਆ ਨੀਰ

ਰਿਸ਼ਤਾ ਸੱਚੇ ਪਿਆਰ ਦਾ ਪਾਣੀ ਕੋਲੋਂ ਸਿੱਖ
ਜਿਸ ਭਾਂਡੇ ਵਿਚ ਗੰਧਲੇ ਨਿੱਤਰੇ ਓਸੇ ਵਿਚ

ਕੱਠੇ ਰਹਿ ਕੇ ਛੱਡ ਗੇ ਕੁੱਤਾ ਬਿੱਲੀ ਵੈਰ
ਨਰ ਨਾਰੀ ਕਿਉਂ ਹੋ ਗਏ ਇਕ ਦੂਜੇ ਤੋਂ ਗੈਰ

ਸੋਨਾ ਕੰਤੀ ਜਸ ਮਿਲੇ ਫਿਰ ਵੀ ਖੁੱਲ੍ਹੇ ਹਥ
ਬਹਿ ਅਜਮੇਰਾ ਸੋਚ ਤੂੰ ਕੀ ਹੈ ਤੇਰਾ ਸੱਚ

ਦਰੀ ਗਲੀਚੇ ਫਰਸ਼ ਤੇ ਛੱਤ ਚੋਂ ਦਿਸੇ ਅਕਾਸ਼
ਮਹਿਲਾ ਸ਼ਾਨਾਂ ਵਾਲਿਆ ਤੂੰ ਕਿਉਂ ਐਡ ਉਦਾਸ

ਮੇਰੇ ਵਿਚ ਕੋ ਨਾ ਰਹੇ ਕੂਇਆ ਮਹਿਲ ਉਦਾਸ
ਅਪਣੇ ਆਪ ਚ ਰਹਿ ਰਹੇ ਤੀਵੀਂ ਮਰਦ ਜੁਆਕ

ਜੇ ਉਸਤਤ ਨਾ ਕਰ ਸਕੇਂ ਮੰਦਾ ਬੋਲ ਨਾ ਬੋਲ
ਮੰਦਾ ਚੰਗਾ ਅੰਤ ਨੂੰ ਪੈਣਾ ਤੇਰੀ ਝੋਲ਼

ਇਕ ਆਪਣਾ ਨੌਂ ਕਿਸੇ ਦੇ ਦਸਾਂ ਨੌਹਾਂ ਦੀ ਕਿਰਤ
ਜੇ ਤੂੰ ਸਾਰੀ ਸਾਂਭ ਲੀ ਚੋਰਾਂ ਦਾ ਤੂੰ ਮਿੱਤ

ਬੂੰਦ ਕਿਸੇ ਦੇ ਖੂਨ ਦੀ ਮੈ ਵਿਚ ਮਿਲੀ ਜ਼ਰੂਰ
ਜਾਮ ਭਿੜਾਏ ਖੁਸ਼ੀ ਨਾਂ ਹੋ ਗਏ ਚਕਨਾਚੂਰ

ਅੱਧ ਅਸਮਾਨੋਂ ਡਿੱਗਿਆ ਅਟਕਿਆ ਵਿਚ ਖਜੂਰ
ਹੌਲੀ ਹੌਲੀ ਉਤਰ ਪਾ ਬਹਿ ਟੀਸੀ ਨਾ ਝੂਰ

ਟਪਦਾ ਸੂਏ ਕੱਸੀਆਂ ਗਿਆ ਸਮੁੰਦਰ ਟੱਪ
ਵੱਡੀ ਛਾਲ ਜੇ ਮਾਰੀਏ ਵੱਡੀ ਲਗਦੀ ਸੱਟ

ਪਹਿਲੀ ਮਿਲ਼ਣੀ ਰੱਖ ਲੇ ਅੱਖਾਂ ਉਤੇ ਹੱਥ
ਅੱਖਾਂ ਤਲ਼ੀਆਂ ਪਾੜ ਕੇ ਲਿਆ ਸੱਜਣ ਨੂੰ ਤੱਕ

ਚੰਗੀ ਮੰਦੀ ਜੋ ਬਣੀ ਤੇਰੀ ਇਹੋ ਪਛਾਣ
ਪੁਸਤਕ ਉਤੇ ਲਿਖ ਦਈਂ ਤੂੰ ਅਜਮੇਰਾ ਨਾਮ

ਦਾਹੜੀ ਮੁੱਛਾਂ ਭਿੱਜੀਆਂ ਬਰਫ ਚ ਖੁੱਭੀ ਲੱਤ
ਲੋਕੀਂ ਆਖਣ ਜਾ ਪਿਆ ਸੁਰਗਾਂ ਦੇ ਵਿਚ ਜੱਟ

ਕਦ ਤੱਕ ਬੱਤੀ ਮੋਮ ਦੀ ਨਿਭਣੀ ਤੇਰੇ ਨਾਲ਼
ਤੂੰ ਅਜਮੇਰਾ ਤਲ਼ੀ ਤੇ ਲਾਟ ਗੁਲਾਬੀ ਬਾਲ਼

ਉੱਕਤੀ
ਅਜਮੇਰ ਰੋਡੇ

ਗ੍ਰੰਥ ਵਿਚ
ਇਕ ਉੱਕਤੀ ਹੈ ···
ਚੁੱਪ !!!
ਕਿਸੇ ਨੇ ਜੋਰ ਦੀ ਕਿਹਾ
ਉਹ ਚੁੱਪ ਹੋ ਗਿਆ
ਤੇ ਬਾਕੀ ਦੀ ਉਮਰ
ਆਪਣੇ ਆਪ ਨਾਲ਼
ਉੱਚੀ ਉੱਚੀ ਲੜਦਾ ਰਿਹਾ

ਤਿੰਨ ਬਾਹਾਂ ਵਾਲ਼ਾ ਆਦਮੀ
ਨਵਤੇਜ ਭਾਰਤੀ

ਨਾ ਇਹ ਨਗਰ ਕਪਲਵਸਤੂ ਸੀ
ਅਤੇ ਨਾ ਹੀ ਮੈਂ ਸਿਧਾਰਥ
ਪਰ ਇਸਦੀ ਸੜਕ ਤੇ ਇਕ ਅੰਨ੍ਹਾ
ਬੈਠਾ ਸੀ
ਚੁੱਪ ਚਾਪ ਅਤੇ ਅਹਿੱਲ
ਅੱਡੇ ਹਥ ਵਾਲ਼ੀ ਬਾਂਹ
ਫੈਲਾਈ
ਮੈਂ ਚੋਰਾਂ ਵਾਂਗ, ਦੱਬੇ ਪੈਰੀਂ
ਉਸ ਕੋਲੋਂ ਲੰਘ ਗਿਆ
ਸ਼ੁਕਰ ਹੈ ਉਹ ਮੈਨੂੰ ਵੇਖ ਨਹੀਂ ਸੀ ਸਕਦਾ

ਜਿਹੜਾ ਮੰਗਤਾ
ਮੇਰੀਆਂ ਅੱਖਾਂ ਵਿਚ ਝਾਕ ਕੇ ਮੰਗਦਾ ਹੈ
ਮੈਂ ਉਸ ਕੋਲੋਂ ਡਰ ਜਾਂਦਾ ਹਾਂ
ਉਸਨੂੰ ਭਿਖਿਆ ਦੇਣ ਵੇਲੇ
ਮੈਂ ਆਪ ਭਿਖਾਰੀ ਬਣ ਜਾਂਦਾ ਹਾਂ
ਸ਼ੁਕਰ ਹੈ ਇਹ ਮੰਗਤਾ ਅੰਨ੍ਹਾ ਸੀ
ਤੇ ਮੈਂ ਇਸਨੂੰ  ਧੋਖਾ ਦੇ ਕੇ
ਲੰਘ ਆਇਆ ਸੀ

ਮੋੜ ਤੇ ਪਹੁੰਚ ਕੇ
ਇਕ ਵਾਰ ਮੈਂ ਫਿਰ
ਪਿੱਛੇ ਮੁੜ ਕੇ ਵੇਖਿਆ
ਹੁਣ ਮੈਨੂੰ ਲੱਗਿਆ
ਜਿਵੇਂ ਉਸਦੇ ਅੱਡੇ ਹਥ ਦੀ
ਹਰ ਉਂਗਲ ਤੇ ਅੱਖ ਲਗੀ ਹੋਈ ਸੀ
ਜੋ ਮੇਰੇ ਵੱਲ ਵੇਖ ਰਹੀ ਸੀ
ਮੈਂ ਸੰਨ੍ਹ ਤੋਂ
ਫੜੇ ਚੋਰ ਵਾਂਗ ਘਬਰਾ ਕੇ
ਭੀੜ ਵਿਚ ਲੁਕ ਗਿਆ

ਨਾ ਇਹ ਨਗਰ ਕਪਲਵਸਤੂ ਸੀ
ਅਤੇ ਨਾ ਮੈਂ ਸਿਧਾਰਥ
ਪਰ ਸੜਕ ਉਤੇ ਬੈਠੇ
ਅੰਨ੍ਹ ਮੰਗਤੇ ਨੂੰ ਇਸ ਗੱਲ ਨਾਲ਼æ
ਕੀ ਵਾਸਤਾ ਸੀ
ਉਸ ਲਈ ਨਾ ਕਪਲਵਸਤੂ
ਤੇ ਲੁਧਿਆਣੇ ਵਿਚ ਕੋਈ ਅੰਤਰ ਹੈ
ਅਤੇ ਨਾ ਹੀ
ਮੇਰੇ ਅਤੇ ਸਿਧਾਰਥ ਵਿਚ
ਉਸਦਾ ਹਥ ਤਾਂ
ਦੋਹਾਂ ਹਾਲਤਾਂ ਵਿਚ ਹੀ
ਖਾਲੀ ਰਹਿਣਾ ਸੀ

* * * * *

ਰਾਤ ਪਤਾ ਨਹੀਂ ਕਿੰਨੀ ਕੁ
ਲੰਘੀ ਹੋਵੇਗੀ
ਕਿ ਮੈਂ ਅਭੜਵਾਹੇ ਉਠ ਬੈਠਾ
ਮੇਰੇ ਸਰੀਰ ਤੇ
ਉਹੀ ਕਾਲ ਕਲੂਟੀ ਢਿੰਗਰੀ ਵਰਗੀ
ਬਾਂਹ ਉੱਗ ਆਈ ਸੀ
ਉਸਦੇ ਅੱਡੇ ਹਥ ਤੇ
ਮੇਰਾ ਦੂਜਾ ਹਥ
ਇਕ ਸਿੱਕਾ ਰੱਖ ਰਿਹਾ ਸੀ

ਡਰ ਕੇ ਮੇਰੇ  ਸੰਘ ਵਿਚ
ਆਈ ਚੀਕ ਯਖ਼ ਹੋ ਗਈ
ਮੈਂ ਆਪਣੀਆਂ ਦੋਹਾਂ ਬਾਹਾਂ ਨਾਲ਼
ਤੀਜੀ ਬਾਂਹ ਨੂੰ
ਪੱਟਣ ਲਈ ਸਾਰਾ ਤਾਣ ਲਾਇਆ
ਪਰ ਤੀਜੀ ਬਾਂਹ
ਮੇਰੀ ਲਾਚਾਰੀ ਤੇ ਹਸਦੀ ਰਹੀ
ਉਸਦੀਆਂ ਪੰਜੇ ਉਂਗਲਾਂ ਉੱਤੇ ਲਗੀਆਂ ਅੱਖਾਂ
ਮੇਰੇ ਸਰੀਰ ਵਿਚ
ਛੇਕ ਕਰਦੀਆਂ ਰਹੀਆਂ

ਮੈਂ ਇਸ ਬਾਂਹ ਨੂੰ ਨਾ ਪੱਟ ਸਕਦਾ ਸੀ
ਨਾ ਆਰੀ ਨਾਲ਼ ਕੱਟ ਸਕਦਾ ਸੀ
ਨਾ ਇਹ ਅੱਗ ਵਿਚ
ਜਲ਼ ਸਕਦੀ ਸੀ
ਨਾ ਇਹ ਬਰਫ ਵਿਚ
ਗਲ਼ ਸਕਦੀ ਸੀ

ਇਸ ਤੋਂ ਤਾਂ ਚੰਗਾ ਸੀ
ਕਿ ਮੇਰੇ  ਪੂਛ ਉਗ ਆਉਂਦੀ
ਤੇ ਮੈਂ ਹਨੂਮਾਨ ਬਣ ਜਾਂਦਾ
ਜਾਂ ਮੇਰੀ ਗਰਦਨ ਤੇ
ਹਾਥੀ ਦਾ ਮੂੰਹ ਉਗ ਆਉਂਦਾ
ਤੇ ਗਣੇਸ਼ ਬਣ ਜਾਂਦਾ
ਤਿੰਨ ਬਾਹਾਂ ਨਾਲ਼ ਤਾਂ ਮੈਂ
ਕਲਜੁਗ ਦਾ ਕਲਕੀ ਅਵਤਾਰ
ਵੀ ਨਹੀਂ ਅਖਵਾ ਸਕਦਾ

ਇਹ ਤੀਜੀ ਬਾਂਹ
ਇਕ ਸਰਾਪ ਵਾਂਗ
ਮੈਨੂੰ ਚੁੰਬੜ ਗਈ ਹੈ
ਜਦ ਮੈਂ ਸੂਟ ਬੂਟ ਪਾ
ਕਲੱਬਾਂ ਕਾਨਫਰੰਸਾਂ ਵਿਚ
ਭਾਸ਼ਨ ਦਿੰਦਾ ਹਾਂ
ਤਾਂ ਅਚਾਨਕ
ਲਮਕਦੀਆਂ ਲੀਰਾਂ ਵਿਚ ਲਿਪਟੀ
ਮੇਰੀ ਤੀਜੀ ਬਾਂਹ
ਫੈਲ ਜਾਂਦੀ ਹੈ ਤੇ
ਗਾਉਣ ਲਗ ਜਾਂਦੀ ਹੈ
ਚਿੜੀ ਚੋਂਚ ਭਰ ਲੇ ਗਈ
ਨਦੀ ਨਾ ਘਟਿਓ ਨੀਰ
ਦਾਨ ਦੀਏ ਧਨ ਨਾ ਘਟੇ
ਕਹਿ ਗਏ ਭਗਤ ਕਬੀਰ

ਜਦ ਮੈਂ ਕਵਿਤਾ ਲਿਖਣ ਬੈਠਦਾ ਹਾਂ
ਤਾਂ ਤੀਜੀ ਬਾਂਹ
ਮੇਰੇ ਹਥ ਵਿਚੋਂ
ਕਲਮ ਖੋਹ ਲੈਂਦੀ ਹੈ ਤੇ
ਅਲੰਕਾਰਾਂ ਰੂਪਕਾਂ ਵਾਲ਼ੀਆਂ
ਪੰਕਤੀਆਂ ਕੱਟ ਕੇ
ਲਿਖਣ ਲਗ ਜਾਂਦੀ ਹੈ:
ਅੱਖਾਂ ਵਾਲਿਓ
ਅੱਖਾਂ ਬੜੀ ਨਿਹਮਤ ਨੇ
ਇਸ ਅੰਨ੍ਹੇ ਮੁਥਾਜ ਤੇ
ਤਰਸ ਕਰੋ

ਰਾਤ ਨੂੰ ਮੇਰੇ ਬਿਸਤਰ ਤੇ
ਲੀਰਾਂ ਪਤੀਰਾਂ, ਕਿੱਲ ਕਾਂਟੇ
ਕਚ ਕਾਤਰਾਂ, ਛਿਲਕਾਂ, ਫੁੱਲੀਆਂ , ਦਾਣੇ
ਕੌਡੀਆਂ ਤੇ ਟੁੱਟੇ ਛਿੱਤਰ
ਖਿਲਾਰ ਦਿੰਦੀ ਹੈ
ਮੇਰੀ ਤੀਜੀ ਬਾਂਹ
ਕਦੇ ਕਦੇ ਆਪਣੇ ਆਪ
ਲੰਬੀ ਹੋਣ ਲਗ ਪੈਂਦੀ ਹੈ
ਰੰਗ ਬਰੰਗੀਆਂ ਲੀਰਾਂ ਨਾਲ਼ ਮੜ੍ਹੀ ਖਿੱਦੋ
ਉਧੇੜਨ ਲਗ ਜਾਂਦੀ ਹੈ
ਜਦੋਂ ਪਿੜੀਆਂ ਦੇ ਧਾਗੇ ਟੁਟਦੇ ਹਨ
ਤਾਂ ਗਲੋਬ ਦਾ ਨਕਸ਼ਾ
ਬਦਲਣ ਲਗਦਾ ਹੈ
ਉਸਦੀਆਂ ਸਰਹੱਦਾਂ
ਟੁੱਟਣ ਲਗਦੀਆਂ ਹਨ

ਮੇਰੇ ਦੂਜੇ ਦੋ ਹਥ
ਜਿਨ੍ਹਾਂ ਨੇ ਮਸ਼ੀਨਾਂ ਤੇ ਜੰਤਰ
ਬੰਬ ਤੇ ਮਿਜ਼ਾਇਲਾਂ  ਤੋਪਾਂ ਬਣਾਈਆਂ
ਇਸ ਤੀਜੀ ਬਾਂਹ ਤੋਂ
ਸਹਿਮ ਜਾਂਦੇ ਹਨ
ਤਿੰਨਾਂ ਬਾਹਾਂ ਵਾਲ਼ਾ ਆਦਮੀ
ਮੈਂ ਤਿੰਨਾਂ ਬਾਹਾਂ ਦੇ
ਮਹਾਂ ਭਾਰਤ ਵਿਚ
ਜਿਉਂ ਰਿਹਾ ਹਾਂ

ਪਾਸ਼ ਲਈ ਨਜ਼ਮ
ਅਜਮੇਰ ਰੋਡੇ

ਸਾਥੋਂ ਜ਼ਰਾ ਜਿੰਨੀ ਵਿਥ ਤੇ ਪਾਸ਼ ਸੌਂ ਰਿਹਾ ਹੈ
ਇਹ ਜ਼ਰਾ ਜਿੰਨੀ ਵਿਥ ਪਾਸ਼ ਦੇ ਹੋਠਾਂ ਤੇ
ਖੇਡਦੀ ਆਖਰੀ ਮੁਸਕਾਨ ਹੈ
ਜੋ ਸਾਡੇ ਵੇਖਦਿਆਂ ਵੇਖਦਿਆਂ ਯਖ ਹੋ ਗਈ
ਸਾਡੀਆਂ ਮੁਸਕਾਨਾਂ ਖੁਲ੍ਹਦੀਆਂ ਖੁਲ੍ਹਦੀਆਂ ਉਸ ਵਿਚ
ਕੁਲਫੀਆਂ ਦੇ ਡੱਕੇ ਬਣ ਕੇ ਗੱਡੀਆਂ ਗਈਆਂ

ਇਹ ਜ਼ਰਾ ਜਿੰਨੀ ਵਿਥ ਪਾਸ਼ ਦੀ ਅਣਲਿਖੀ ਆਖਰੀ ਨਜ਼ਮ ਹੈ
ਜਿਸਦੀ ਲਾਸ਼ ਹਾੜ ਸਿਆਲ਼ ਸਾਡੀਆਂ ਰੂਹਾਂ ਸੰਗ ਸੌਂਦੀ ਹੈ

ਇਹ ਜ਼ਰਾ ਜਿੰਨੀ ਵਿਥ ਪਾਸ਼ ਦੀ ਪਰਦੇਸ ਯਾਤਰਾ ਦਾ
ਪਹਿਲਾ ਦਿਨ ਹੈ ਜਿਸ ਵਿਚ ਉਸਨੇ ਆਪਣੇ ਪਿੰਡ ਦੇ ਨਾਮ
ਇਕ ਅਜੀਬ ਰੁੱਕਾ ਲਿਖਿਆ ਤੇ ਅੰਦਰੇ ਅੰਦਰ
ਆਪਣੇ ਨਾਲ਼ ਲੜ ਕੇ ਪਾੜ ਦਿਤਾ

ਇਹ ਜ਼ਰਾ ਜਿੰਨੀ ਵਿਥ ਆਪਣੇ ਡੂੰਘੇ ਖੁਹ ਵਿਚ ਲਾਈ
ਪਾਸ਼ ਦੀ ਆਖਰੀ ਚੁਭੀ ਹੈ ਜਿਸ ਵਿਚੋਂ ਲਭੀ ਸਿੱਪੀ ਮੋਤੀ
ਨੂੰ ਜਨਮ ਦਿੰਦੀ ਦਿੰਦੀ ਉਸਦੀ ਤਲ਼ੀ ਤੇ ਹੀ ਪੱਥਰ ਹੋ ਗਈ
ਤੇ ਅਸੀਂ ਖਾਲੀ ਘੋਗਾ ਵੇਖਦੇ ਰਹਿ ਗਏ

ਇਹ ਜ਼ਰਾ ਜਿੰਨੀ ਵਿਥ ਸੌਂ ਰਹੇ ਪਾਸ਼ ਦੇ ਹਥ ਵਿਚ
ਅਣਜਗੀ ਮਤਾਬੀ ਹੈ ਜਿਸ ਨੂੰ ਜਗਾਉਣ ਲਈ ਸਾਡੇ ਹਥ ਕੰਬ
ਰਹੇ ਹਨæ ਇਹ ਜ਼ਰਾ ਜਿੰਨੀ ਵਿਥ ਕਤਲ ਕਰ ਕੇ ਗਏ ਬੰਦੇ ਦੀ
ਪੈੜ ਹੈ ਜਿਸ ਦੀ ਪਛਾਣ ਕਰਦਿਆਂ ਸਾਡੀਅਂ ਅੱਖਾਂ
ਫੁੱਲ ਰਹੀਆਂ ਹਨ

ਸਾਥੋਂ ਜ਼ਰਾ ਜਿੰਨੀ ਵਿਥ ਤੇ ਪਾਸ਼ ਸੌਂ ਰਿਹਾ ਹੈ
ਇਹ ਜ਼ਰਾ ਜਿੰਨੀ ਵਿਥ ਸਾਡੇ ਜੰਮੇ ਕਦਮਾਂ ਦਾ
ਮਖੌਲ ਉਡਾ ਰਹੀ ਹੈ

ਜੋਬਨ ਭਰਿਆ
 ਨਵਤੇਜ ਭਾਰਤੀ

ਜੋਬਨ ਭਰਿਆ ਚੋਲੀ ਮੇਰੀ ਦੀਆਂ
ਟੁੱਟ ਗਈਆਂ ਨੇ ਤਣੀਆਂ
ਰਿਮ ਝਿਮ ਰਿਮ ਝਿਮ ਅੰਦਰ ਹੁੰਦੀ
ਬਾਹਰ ਵਰ੍ਹਦੀਆਂ ਕਣੀਆਂ

ਲੂੰ ਲੂੰ ਅੰਦਰ ਹੁੱਲ ਗਈਆਂ ਨੇ
ਮੌਲਸਰੀ ਦੀਆਂ ਕਲੀਆਂ
ਧਰਤੀ ਉਤੇ ਫੁੱਲ ਖਿੜ ਉਠਣ
ਜਿਥੇ ਰੱਖਾਂ ਤਲੀਆਂ
ਖਹਿ ਖਹਿ ਨਾਲ਼ ਸਿਤਾਰਿਆਂ ਲੰਘਾਂ
ਤੰਗ ਅੰਬਰ ਦੀਆਂ ਗਲੀਆਂ

ਅੰਦਰ ਬਾਹਰ ਮੇਲਾ ਭਰਿਆ
ਜੀਉਣਾ ਚੰਗਾ ਲਗਦਾ
ਆਸੇ ਪਾਸੇ, ਹੇਠਾਂ ਉਤੇ
ਨਸ਼ਾ ਹੋਣ ਦਾ ਵਗਦਾ

ਹਜਾਰਾ ਸਿਹੁੰ
ਅਜਮੇਰ ਰੋਡੇ

ਹਜਾਰਾ ਸਿਹੁੰ ਨੂੰ ਸ਼ਬਦ ਹਜਾਰੇ
ਮੂੰਹ ਜ਼ੁਬਾਨੀ ਯਾਦ ਹਨ
ਸ਼ਾਮ ਦੇ ਚਾਰ ਵਜਦੇ ਹਨ ਤਾਂ
ਸ਼ਬਦ ਹਜਾਰਿਆਂ ਦੇ ਸ਼ਬਦ
ਸਹਿਜ ਭਾਅ ਹੀ
ਉਸਦੀ ਰਸਨਾ ਤੇ ਅੰਮ੍ਰਿਤ ਦੀਆਂ
ਬੂੰਦਾਂ ਵਾਂਗ ਉਤਰਨ ਲੱਗ
ਪੈਂਦੇ ਹਨ:

ਮੇਰਾ ਮਨ ਲੋਚੇ ਗੁਰ ਦਰਸਨ ਤਾਈਂ
ਬਿਲਪ ਕਰ ਚਾਤ੍ਰਿਕ ਕੀ ਨਿਆਈਂ
ਤ੍ਰਿਖਾ ਨਾ ਉਤਰੈ ਸਾਂਤਿ ਨਾ ਆਵੈ
ਬਿਨੁ ਦਰਸਨ ਸੰਤ ਪਿਆਰੇ ਜੀਉ॥

ਪਰ ਉਸਦੇ
ਆਪਣੇ ਹੀ ਬੋਲਾਂ ਦਾ ਸੰਗੀਤ
ਸ਼ਬਦਾਂ ਦਾ ਰਹੱਸ, ਮਨ ਦੇ
ਪਰਦੇ ਉਤੇ ਉਪਜਦੇ ਬਿਨਸਦੇ ਬਿੰਬ
ਪਲਾਂ ਵਿਚ ਉਸ ਤੇ ਜਾਦੂ ਧੂੜ ਦਿੰਦੇ ਹਨ
ਤੇ ਖੁਮਾਰ ਵਿਚ ਮਦਹੋਸ਼ ਕਰ ਦਿੰਦੇ ਹਨ
ਸੁਰਤ ਸ਼ਬਦਾਂ ਨਾਲ਼ ਜੁੜ ਜਾਂਦੀ ਹੈ।

(ਉਸ ਅੰਦਰ ਗੁਰੂ ਅਰਜਨ ਦੇਵ ਦਾ ਨੂਰਾਨੀ ਚਿਹਰਾ
ਉਦੇ ਹੁੰਦਾ ਹੈ ਤੇ ਫੇਰ ਪੀਹੂੰ ਪੀਹੂੰ ਕਰਦਾ ਰੁਖ ਤੇ
ਬੈਠਾ ਪਪੀਹਾ ਦਿਸਦਾ ਹੈ ਜਿਸਨੂੰ ਉਸਨੇ ਜ਼ਿੰਦਗੀ ਵਿਚ
ਕਦੇ ਨਹੀਂ ਵੇਖਿਆ ਹਜਾਰਾ ਸਿਹੁੰ ਅਕਸਰ ਹੈਰਾਨ
ਹੁੰਦਾ ਹੈ ਕਿ ਉਸਦਾ ਬੋਲ ਕਿੰਨਾ ਖਰ੍ਹਵਾ ਹੈ ਤੇ ਪਾਠ
ਕਰਨ ਵੇਲੇ ਕਿੰਨਾ ਮਿਠਾ ਨਿਕਲਦਾ ਹੈ)

ਪਾਠ ਦੀ ਲੈਅ ਵਿਚ ਬੱਧੇ
ਹਜਾਰਾ ਸਿੰਘ ਦਾ ਮਨ ਅਚਿੰਤੇ ਹੀ
ਮੁਕਤ ਹੋ ਜਾਂਦਾ ਹੈ। ਸਿਮਰਨ ਵੇਲੇ ਸੋਚਣ ਦੀ ਤਾਂ
ਲੋੜ ਨਹੀਂ ਤੇ ਨਾਂ ਹੀ  ਕੁਝ ਸੋਚਣਾ
ਚਾਹੀਦਾ ਹੈ,
ਕੇਵਲ ਉਸ ਇਕ ਸੱਚੇ ਨਾਲ਼ ਲਿਵ ਲਗਣੀ
ਚਾਹੀਦੀ ਹੈ

ਪਰ ਮਨੁਖੀ ਮਨ!
ਇਹ ਤਾਂ ਬਣਿਆ ਹੀ ਸੋਚਣ ਲਈ ਹੈ
ਇਹ ਦਾ ਕੋਈ ਕੀ ਕਰੇ
ਵਡੇ ਵਡੇ ਸਿੱਧ ਪੀਰ ਫਕੀਰ,
ਮਨ ਨੂੰ ਸੋਚ-ਮੁਕਤ ਕਰਨ ਲਈ
ਵਾਹ ਲਾ ਥੱਕੇ, ਜੋਗੀਆਂ ਦੇ ਸਿਰਤਾਜ ਜੋਗੀ
ਗੋਰਖਨਾਥ ਨੇ
ਇਸਤਰੀਆਂ ਦਾ ਆਪਣੇ ਟਿੱਲੇ ਤੇ ਆਉਣਾ
ਬੰਦ ਕਰ ਦਿਤਾ ਪਰ ਉਹ ਕੀ ਜਾਣਦਾ ਸੀ ਉਸਦੇ
ਚੇਲਿਆਂ ਦੇ ਮਨ ਸਮਾਧੀ ਵੇਲੇ ਕਿਧਰ ਭਟਕਦੇ
ਫਿਰਦੇ ਹਨ ਤੇ ਕੌਣ ਜਾਣਦਾ ਸੀ ਗੋਰਖਨਾਥ ਦੀ
ਆਪਣੀ ਸਮਾਧੀ ਵਿਚ ਰਾਣੀ ਸੁੰਦਰਾਂ ਦਾ ਮੂੰਹ ਕਿੰਨੀ
ਵਾਰ ਉਜਾਗਰ ਹੁੰਦਾ ਸੀ

ਤੇ ਹਜਾਰਾ ਸਿੰਘ ਵਿਚਾਰਾ ਕੀ ਚੀਜ ਸੀ
ਉਸਨੂੰ ਪਤਾ ਵੀ ਨਾ ਲੱਗਾ ਕਦੋਂ ਉਸ ਦਾ ਮਨ
ਕਲ੍ਹ ਤਾਰੇ ਨਾਲ਼ ਹੋਈਆਂ ਗਲਾਂ ਵਿਚ
ਉਲਝ ਗਿਆ:
ਜੇ ਦਾਤੇ ਦੀ ਮਿਹਰ ਹੋ ਜੇ, ਤਾਰੇ ਦੇ ਮੁੰਡੇ ਨਾਲ਼
ਗੱਲ ਪੱਕੀ ਹੋ ਜੇ, ਕੁੜੀ ਸੁਰਗਾਂ ਚ ਜਾ ਪਵੇ,
ਮੁੰਡਾ ਬਾਹਰੋਂ ਆਇਆ, ਬਣਦਾ ਤਣਦੈ,
ਘਰ ਬਾਰ, ਰਿਸਤੇਦਾਰੀਆਂ ··· ਕਿਸੇ ਚੀਜ ਦੀ
ਕਸਰ ਨੀ, ਨਾਲ਼ੇ ਸਰੀਕਾਂ ਕੰਜਰਾਂ ਨੂੰ ਵੀ ਪਤਾ ਲਗ ਜੂ
ਇਕ ਵਾਰੀ ਤਾਂ, ਗੱਲਾਂ ਬਣੌਂਦੇ ਫਿਰਦੇ ਐ ···
ਗੁਰੂ ਸੱਚੇ ਪਾਤਸ਼ਾਹ
ਕਾਰਜ ਸਿਰੇ ਚਾੜ੍ਹ ਦੇ ਇਕ ਵਾਰ ਬੱਸ···
ਗੁਰੂ ਦਾ ਸ਼ਬਦ ਮੂੰਹ ਚ ਆAਂਦੇ ਹੀ ਉਸਨੂੰ
ਖਿਆਲ ਆਇਆ
ਉਹ ਤਾਂ ਪਾਠ ਕਰ ਰਿਹਾ ਹੈ,
ਉਹ ਤੇਰੇ ਦੀ! ਉਸਨੇ ਮਨ ਨੂੰ ਕੋਸਿਆ
ਸੋਚਿਆ,
ਗੁਰੂ ਕਿਤੇ ਕਰੋਪ ਈ ਨਾ ਹੋ ਜਾਵੇ,
ਰਿਸ਼ਤੇ ਦੀ ਗੱਲ ਵਿਚੇ ਈ ਨਾ ਰਹਿ ਜਾਵੇ!
ਫਿਟੇ ਮੂੰਹ ਤੇਰਾ ਹਜਾਰਾ ਸਿਹਾਂ!
ਉਸ ਨੇ ਧਿਆਨ ਫੇਰ ਪਾਠ ਵਲ
ਮੋੜਿਆ:

ਕਾਇਆ ਰੰਗਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ॥
ਰੰਗਣਿ ਵਾਲਾ ਜੇ ਰੰਗੈ ਸਾਹਿਬੁ ਐਸਾ ਰੰਗ ਨਾ ਡੀਠ॥
ਜਿਨਕੇ ਚੋਲੇ ਰੱਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ॥
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ॥

ਉਂਜ ਹਜਾਰਾ ਸਿਹੁੰ ਨੂੰ ਅੰਦਰੇ ਅੰਦਰ ਪਤਾ ਸੀ
ਉਸਦੀ ਧੀ ਉਤੇ ਅੰਤਾਂ ਦਾ ਰੂਪ ਸੀ
ਤਾਹੀਏਂ ਤਾਂ
ਤਾਰੇ ਦਾ ਮੁੰਡਾ ਝੱਟ ਰਿਸ਼ਤੇ ਲਈ ਤਿਆਰ ਹੋ ਗਿਆ
ਨਹੀਂ ਤਾਂ ਹਜਾਰਾ ਸਿਹੁੰ ਕੀਹਦੇ ਪਾਣੀਹਾਰ ਸੀ
ਉਸਦੇ ਮਨ ਵਿਚ
ਆਪਣੀ ਧੀ ਦਾ ਚਿਹਰਾ
ਅਚਿੰਤੇ ਹੀ ਉਜਾਗਰ ਹੋ ਗਿਆ
ਜਿਸਦੀਆਂ ਗਲ੍ਹਾਂ
ਹੱਸਣ ਵੇਲੇ ਉਨਾਬੀ ਹੋ ਜਾਂਦੀਆਂ ਸਨ
ਚੁੱਪ ਕਰਨ ਵੇਲੇ ਬਿਸਕੁਟੀ
ਤੇ ਬਿਸਕੁਟੀ ਰੰਗ ਹੀ ਸੀ
ਤਾਰੇ ਦੀ ਵਹੁਟੀ, ਰੂਬੀ, ਦਾ ਜੋ ਤਾਰੇ ਨਾਲ਼
ਹਜਾਰਾ ਸਿਹੁੰ ਦੀ ਧੀ ਨੂੰ ਵੇਖਣ ਆਈ ਸੀ।
ਕਿੰਨੀ ਜੁਆਨ ਪਈ ਐ ਅਜੇ, ਹਜਾਰਾ ਸਿਹੁੰ ਨੇ ਸੋਚਿਆ,
ਬਾਹਰਲੇ ਮੁਲਕਾਂ ਚ ਖੁਰਾਕ ਈ ਕਹਿੰਦੇ ਬਹੁਤ ਐ,
ਤੇ ਉਸਦੇ ਮਨ ਦੀਆਂ ਅੱਖਾਂ
ਰੋਕਦੇ ਰੋਕਦੇ ਵੀ ਰੂਬੀ ਦੀ ਸੱਜੀ ਲੱਤ ਤੇ ਜਾ ਪਈਆਂ,
ਜੋ ਪਿੰਜਣੀ ਤੱਕ ਨੰਗੀ ਸੀ

ਉਸ ਸਮੇ ਤਾਂ ਹਜਾਰਾ ਸਿਹੁੰ ਨੇ ਚੋਰੀ
ਛਿਣ ਭਰ ਹੀ ਨਜ਼ਰ ਮਾਰੀ ਸੀ,
ਪਰ ਹੁਣ ਤਾਂ ਉਸਦੀ ਕਲਪਨਾ ਪੂਰੀ ਅਜਾਦ ਸੀ
ਉਸਨੇ ਨਿਝੱਕ ਲੱਤ ਨੂੰ ਹਥ ਲਾ ਦਿਤਾ
ਝੁਣਝਣੀ ਦਾ ਇਕ ਹੜ੍ਹ ਉਸਦੇ ਸਾਰ ਪਾਰ ਹੋ ਗਿਆ
ਹਜਾਰਾ ਸਿੰਘ ਤ੍ਰਭਕਿਆ, ਜਾਗਿਆ,
ਮੂੰਹ ਉਹਦਾ ਅਜੇ ਵੀ
ਉਚੀ ਉਚੀ ਪਾਠ ਕਰ ਰਿਹਾ ਸੀ।
ਹੈ ਤੇਰੇ ਦੀ! ਹਜਾਰਾ ਸਿੰਘ ਅਟਕਿਆ,
ਕੀ ਦਾ ਕੀ ਸੋਚੀ ਜਾਨੈ ਪਾਪੀਆ,

ਬਾਣੀ ਵਿਚ ਧਿਆਨ ਕਿਉਂ ਨੀ ਜੋੜਦਾ ਦੁਸ਼ਟਾ
ਓਦੋਂ ਲੱਗੂ ਪਤਾ
ਜਦੋਂ ਓਸ ਸਗਤੇ ਨੇ ਪੁੱਠਾ ਚੱਕ ਚੱਕ
ਧਰਤੀ ਤੇ ਮਾਰਿਆ
ਹਜਾਰਾ ਸਿਹੁੰ ਨੇ ਜੋਰ ਲਾ ਕੇ ਧਿਆਨ
ਫੇਰ ਮੋੜਿਆ
ਪਾਠ ਅੱਗੇ ਤੋਰਿਆ:

ਅੰਧੁਲਾ ਨੀਚ ਜਾਤਿ ਪਰਦੇਸੀ
ਖਿਨੁ ਆਵੈ ਤਿਲ ਜਾਵੈ॥
ਤਾਕੀ ਸੰਗਤਿ ਨਾਨਕੁ ਰਹਦਾ
ਕਿਉ ਕਰਿ ਮੂੜਾ ਪਾਵੈ॥

ਦੀਵੇ ਦਾ ਕਰਮ
ਨਵਤੇਜ ਭਾਰਤੀ

ਮੈਂ ਚੁਰੱਸਤੇ ਵਿਚ
ਦੀਵਾ ਜਗਾ ਦਿਤਾ ਹੈ
ਦੀਵੇ ਦਾ ਕਰਮ
ਰੌਸ਼ਨੀ ਦੇਣਾ ਹੈ
ਰਾਹ ਦੱਸਣਾ ਨਹੀਂ

ਜੋ ਤੁਰਦੇ ਹਨ
ਨਵਤੇਜ ਭਾਰਤੀ

ਜੇ ਮੈਂ ਤੁਰਦਾ ਤੁਰਦਾ
ਖੜ੍ਹ ਜਾਵਾਂ
ਤਾਂ ਮੇਰੇ ਪੈਰ
ਉਹਨਾਂ ਨੂੰ ਦੇ ਦੇਣੇ
ਜੋ ਤੁਰਦੇ ਹਨ
ਅੱਖਾਂ ਉਹਨਾਂ ਨੂੰ
ਜੋ ਵੇਖਦੇ ਹਨ
ਦਿਲ ਉਹਨਾਂ ਨੂੰ
ਜੋ ਪਿਆਰ ਕਰਦੇ ਹਨ

ਹਿਰਨ ਦਾ ਪ੍ਰਣਾਮ
ਅਜਮੇਰ ਰੋਡੇ

ਮਰਦੇ ਹਿਰਨ ਨੇ ਰਾਮਚੰਦਰ ਨੂੰ
ਪ੍ਰਣਾਮ ਕੀਤਾ ਤੇ ਦਮ ਤੋੜ ਦਿਤਾ

ਰਾਮਚੰਦਰ ਨੇ ਹਿਰਨ ਦੇ ਮੋਟੇ ਨੈਣਾਂ ਵਿਚ
ਤੱਕਿਆ ਤੇ ਕਿਹਾ
ਹੇ ਮਿਰਗ ਮੈਂ ਤੇਰੀ ਮੁਕਤੀ ਕਰ ਦਿਤੀ ਹੈ
ਹੁਣ ਤੂੰ ਆਪਣੀਆਂ ਅੱਖਾਂ ਬੰਦ ਕਰ ਲੈ

ਮੇਰੇ ਇਸ ਸਰੀਰ ਵਾਂਗ
ਤੇਰਾ ਸਰੀਰ ਵੀ ਮਾਇਆ ਸੀ
ਤੂੰ ਮਾਇਆ ਜਾਲ਼ ਤੋਂ ਸੁਰਖਰੂ ਹੋ ਗਿਆ ਹੈਂ
ਤੂੰ ਆਪਣੀਆਂ ਅੱਖਾਂ ਬੰਦ ਕਰ ਲੈ

ਹੇ ਮਿਰਗ ਇਹ ਮੇਰੀ ਪ੍ਰਿਆ ਸੀਤਾ ਦੀ ਇੱਛਾ ਸੀ
ਕਿ ਮੈਂ ਤੇਰਾ ਸੁੰਦਰ ਸਰੀਰ ਉਸ ਦੀ ਭੇਟਾ ਕਰਾਂ
ਤੂੰ ਆਪਣੀਆਂ ਅੱਖਾਂ ਬੰਦ ਕਰ ਲੈ

ਹੇ ਮਿਰਗ ਮੈਂ ਤੈਨੂੰ ਉਚਤਮ ਮਨੁੱਖਾ ਜੂਨੀ
ਵਿਚ ਪਾ ਦੇਵਾਂਗਾ ਤੈਨੂੰ ਦੇਵਰਾਜ ਇੰਦਰ ਦੇ
ਸਿੰਘਾਸਣ ਤੇ ਬਿਠਾ ਦੇਵਾਂਗਾ
ਤੂੰ ਆਪਣੀਆਂ ਅੱਖਾਂ ਬੰਦ ਕਰ ਲੈ
ਹੇ ਮਿਰਗ ਮੈਂ ਆਖਰੀ ਵਾਰ
ਇਸ ਧਰਤੀ ਤੇ ਆਇਆ ਹਾਂ
ਮੈਂ ਕਿਸੇ ਹੋਰ ਯੁਗ ਵਿਚ ਤੇਰੇ ਨੈਣ
ਬੰਦ ਕਰਨ ਨਹੀਂ ਆਵਾਂਗਾ
ਤੂੰ ਆਪਣੀਆਂ ਅੱਖਾਂ ਬੰਦ ਕਰ ਲੈ

ਹਿਰਨ ਖੁਲ੍ਹੀਆਂ ਅੱਖਾਂ ਨਾਲ਼
ਉਸੇ ਤਰਾਂ ਪਿਆ ਰਿਹਾ
ਹਰੇ ਕਚੂਰ ਘਾਹ ਦੀ ਤਿੜ
ਮੁੜ ਮੁੜ
ਉਸ ਦੇ ਗੁਲਾਬੀ ਹੋਠਾਂ ਨੂੰ ਛੋਂਹਦੀ ਰਹੀ

 

–