ਮੁਲਾਕਾਤ ਤੇ ਲੀਲ੍ਹਾ ਸੰਬੰਧੀ ਖ਼ਬਰਾਂ
(ਪੰਜਾਬੀ ਟ੍ਰਿਬਿਊਨ)
ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਲੈਕਚਰ ਹਾਲ ਵਿਚ ਪਿਛਲੇਰੇ ਦਿਨੀਂ ਭੂਤਵਾੜਾ ਦੌਰ ਦੇ ਲੋਕਾਂ ਵੱਲੋਂ ਆਪਣੇ ਇਕ ਪੁਰਾਣੇ ਸਾਥੀ ਨਵਤੇਜ ਭਾਰਤੀ ਅਤੇ ਉਸਦੇ ਭਾਈ ਅਜਮੇਰ ਰੋਡੇ ਦੀ ਕਰੀਬ ਤਿੰਨ ਦਹਾਕਿਆਂ ਦੀ ਸਵੈ-ਇੱਛਤ ਜਲਵਤਨੀ ਪਿੱਛੋਂ ਵਤਨ ਵਾਪਸੀ ‘ਤੇ ਉਨ੍ਹਾ ਦੇ ਮਾਣ ਵਿਚ ਕਰਵਾਇਆ ਗਿਆ ਕਵਿਤਾ ਪਾਠ ਬਹੁਤ ਹੀ ਸਫਲ ਰਿਹਾ ਅਤੇ ਆਪਣੇ ਪਿੱਛੇ ਭਾਵਪੂਰਤ ਯਾਦਾਂ ਛੱਡ ਗਿਆ।
ਕਵਿਤਾ ਪਾਠ ਦੀ ਸ਼ੁਰੂਆਤ ਭੂਤਵਾੜੇ ਦੇ ਮਹਾਂਭੂਤਾਂ – ਹਰਦਿਲਜੀਤ ਲਾਲੀ, ਹਰਿੰਦਰ ਮਹਿਬੂਬ, ਡਾ: ਗੁਰਭਗਤ ਸਿੰਘ ਅਤੇ ਪ੍ਰੋ: ਕੁਲਵੰਤ ਸਿੰਘ ਗਰੇਵਾਲ ਦੇ ਪੰਜਵੇ ਸਾਥੀ ਨਵਤੇਜ ਭਾਰਤੀ ਨੇ ਆਪਣੇ ਕਾਵਿ ਗ੍ਰੰਥ ‘ਲੀਲ੍ਹਾ’ ਦੇ ਇਨ੍ਹਾਂ ਬੋਲਾਂ ਨਾਲ ਕੀਤੀ:
ਆਪਣੀ ਕਵਿਤਾ ਵਿਚ
ਮੈਂ ਇਕੋ ਬੰਦਨਾ ਕਰਦਾ ਹਾਂ
ਮਾਨਵ ਤੇਰੀ ਵੇਲ ਹਰੀ ਰਹੇ
ਤੇਰੀਆਂ ਜੜ੍ਹਾਂ ਲੱਗੀਆਂ ਰਹਿਣ
ਆਪਣੀ ਲੰਮੀ ਕਵਿਤਾ ‘ਸੂਪਨਖਾ’ ਦਾ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਉਸ ਵੱਲੋਂ ਜ਼ਿੰਦਗੀ ਦੇ ਸਦੀਵੀ ਮੁੱਲਾਂ ਅਤੇ ਭਾਵਾਂ ਨੂੰ ਪ੍ਰਗਟਾਉਂਦੀਆਂ ਕਈ ਨਿੱਕੀਆਂ ਨਿੱਕੀਆਂ ਨਜ਼ਮਾਂ ਸੁਣਾਈਆਂ ਗਈਆਂ। ਇਨ੍ਹਾਂ ਨਜ਼ਮਾਂ ਵਿਚੋਂ ‘ਤੁਰਨ ਦੀ ਧੂਹ’ ਸਿਰਲੇਖ ਹੇਠਲੀ ਨਜ਼ਮ ਦੇ ਇਹ ਬੋਲ ਹਨ:
ਵਗਦੀ ਨਦੀ ਤੋਂ ਮੈਂ
ਪਾਣੀ ਨਹੀਂ
ਤੁਰਨ ਦੀ ਧੂਹ ਮੰਗਦਾ ਹਾਂ
ਮੇਰੀ ਪਿਆਸ ਵੱਖਰੀ ਹੈ
ਨਿੱਕੀਆਂ ਨਜ਼ਮਾਂ ਤੋਂ ਬਾਅਦ ਭਾਰਤੀ ਨੇ ‘ਰਾਮਾਇਣ’ ਕਥਾ ਦੇ ਖਲਨਾਇਕ ਰਾਵਣ ਦੀ ਭੈਣ ਸੂਪਨਖਾ ਦੀ ਮਿੱਥ ਨੂੰ ਅਸਲੋਂ ਹੀ ਨਵੇਂ ਕੋਨਿਆਂ ਤੋਂ ਪਰਿਭਾਸ਼ਤ ਕਰਦੀ ਆਪਣੀ ਲੰਮੀ ਕਵਿਤਾ ਸੁਣਾਈ। ਇਸ ਨਜ਼ਮ ਵਿਚ ਸੂਪਨਖਾ ਦੇ ਲਛਮਣ ਤੋਂ ਮੁਹੱਬਤ ਲਈ ਅਗ੍ਰਹਿ ਕਰਨ ਤੇ ਉਲਟਾ ਆਪਣੇ ਨੱਕ ਅਤੇ ਕੰਨ ਕਟਵਾ ਕੇ ਘੋਰ ਬੇਇਜ਼ਤੀ ਦਾ ਸ਼ਿਕਾਰ ਹੋਣ ਪਿੱਛੋਂ ਰਾਮ ਅਤੇ ਰਾਮ ਦੀ ਮਰਿਆਦਾ ਵਿਰੁੱਧ ਰੋਹ ਭਰੇ ਵਿਰਲਾਪ ਨੂੰ ਜ਼ੁਬਾਨ ਦਿੰਦੇ ਇਹ ਬੋਲ ਵਿਸ਼ੇਸ਼ ਤੌਰ ਉਤੇ ਸਰੋਤਿਆਂ ਦੇ ਧਿਆਨ ਦਾ ਕੇਂਦਰ ਬਣੇ:
ਮੇਰੇ ਬਣ ਦੇ ਬਿਰਖੋ, ਪਰਬਤੋ
ਮੇਰੀ ਚੀਕ ਨੂੰ ਰਾਹ ਦੇਣ ਲਈ
ਪਾਸੇ ਹਟ ਜਾਵੋ
ਪਸੂ, ਪੰਖੀਓ
ਆਪਣੀਆਂ ਚੀਕਾਂ
ਮੇਰੀ ਚੀਕ ਵਿਚ ਰਲਾ ਦਿਓ
ਤੇ ਅਯੁੱਧਿਆ ਦੇ ਹਰ ਕੰਨ ਵਿਚ
ਸਦਾ ਲਈ ਗੂੰਜਣ ਦਿਓ
ਨਵਤੇਜ ਭਾਰਤੀ ਤੋਂ ਪਿੱਛੋਂ ਉਸਦੇ ਛੋਟੇ ਵੀਰ ਅਜਮੇਰ ਰੋਡੇ ਨੇ ਕਵਿਤਾ ਪਾਠ ਦੀ ਸੁੰੁਰੂਆਤ ਆਪਣੀ ਛੋਟੀ ਨਜ਼ਮ ‘ਕਰੁਣਾ ਬੂਹੇ ਆਣ ਖੜ੍ਹੀ’ ਦੇ ਇਨ੍ਹਾਂ ਬੋਲਾਂ ਨਾਲ ਕੀਤੀ:
ਸੁੰਦਰ, ਸਤਿ, ਆਨੰਦ ਸ੍ਰਿਸ਼ਟੀ
ਤੇਰੇ ਦਰਸ਼ਨ ਕਰ ਕੇ
ਜਦ ਹੋਇਆ ਸੰਪੂਰਨ
ਹੋਈ ਤ੍ਰਿਪਤੀ
ਕਰੁਣਾ ਬੂਹੇ ਆਣ ਖੜ੍ਹੀ
ਅੱਥਰੂ ਅੱਥਰੂ ਝੜੀ ਝੜੀ
ਫਿਰ ‘ਛੁਹ ਦੀ ਅਭਿਲਾਸ਼ਾ’ ਅਤੇ ‘ਮੈਂ ਜੋ ਵੀ ਸ਼ਬਦ ਲਿਖਾਂ ਤੇਰੀ ਉਸਤਤ ਵਿਚ ਲਿਖਾਂ’ ਸਿਰਲੇਖਾਂ ਵਾਲੀਆਂ ਕੁਝ ਛੋਟੀਆਂ ਛੋਟੀਆਂ ਨਜ਼ਮਾਂ ਸੁਣਾਉਣ ਤੋਂ ਬਾਅਦ ਉਸ ਨੇ ਆਪਣੀ ਲੰਮੀ ਨਜ਼ਮ ‘ਪ੍ਰਥਮ ਨਾਦ’ ਦਾ ਅਰੰਭ ਇਨ੍ਹਾਂ ਪੰਕਤੀਆਂ ਨਾਲ ਕੀਤਾ:
ਮੈਂ ਆਪਣੀਆਂ ਅੱਖਾਂ
ਬੰਦ ਕਰ ਲਈਆਂ ਹਨ
ਕਿ ਤੇਰੇ ਨੈਣਾਂ ਦੀ ਰੌਸ਼ਨੀ ਦੂਣੀ ਹੋ ਜਾਵੇ
ਫੇਰ ਅਜਮੇਰ ਨੇ ਇਹ ਕਵਿਤਾ ਪੇਸ਼ ਕੀਤੀ:
ਜਦੋਂ ਤੂੰ ਇਕ ਇਕ ਕਰਕੇ
ਆਪਣੇ ਵਸਤਰ ਲਾਹ ਮੇਰੀ
ਕਲਪਨਾ ਦੇ ਹਵਾਲੇ ਕਰ ਦਿੱਤੇ
ਤਾਂ ਮੈਂ ਸਾਹ ਰੋਕ ਕੇ ਖੜ੍ਹ ਗਿਆ
ਕਦ ਸੋਚਿਆ ਸੀ ਤੂੰ ਏਨੀ ਸੁੰਦਰ ਹੋਵੇਂਗੀ
ਕਵਿਤਾ ਪਾਠ ਦੇ ਅਖੀਰ ਵਿਚ ਮਾਹੌਲ ਉਸ ਸਮੇਂ ਹੋਰ ਵੀ ਭਾਵੁਕ ਹੋ ਉਠਿਆ ਜਦੋਂ ਦਲੀਪ ਕੌਰ ਟਿਵਾਣਾ ਨੇ ਨਵਤੇਜ ਭਾਰਤੀ ਅਤੇ ਹੋਰ ‘ਭੂਤਾਂ’ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ। ਉਨ੍ਹਾਂ ਬੜੇ ਮੋਹ ਭਰੇ ਫ਼ਖ਼ਰ ਨਾਲ ਦੱਸਿਆ ਕਿ ਨਵਤੇਜ ਭਾਰਤੀ ਉਸਦੇ ਅਧਿਆਪਕ ਜੀਵਨ ਦੇ ਪਹਿਲੇ ਬੈਚ ਦਾ ਵਿਦਿਆਰਥੀ ਸੀ ਅਤੇ ਨਾਲ ਉਨ੍ਹਾਂ ਨੇ ਪੇਸ਼ੀਨਗੋਈ ਕੀਤੀ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਖੁਦ ਆਪਣੀ ਸਾਹਿਤਕ ਘਾਲ ਕਮਾਈ ਤੋਂ ਵੀ ਵੱਧ ਆਪਣੇ ਅਜਿਹੇ ਹੋਣਹਾਰ ਵਿਦਿਆਰਥੀਆਂ ਦੀਆਂ ਚਮਤਕਾਰੀ ਕਿਰਤਾਂ ਕਰ ਕੇ ਚੇਤੇ ਰੱਖਿਆ ਜਾਵੇਗਾ
ਕੁਲਵੰਤ ਸਿੰਘ ਗਰੇਵਾਲ ਨੇ ਆਪਣੇ ਬਹੁਤ ਅਪਣੱਤ ਭਰੇ ਵਿਲੱਖਣ ਅੰਦਾਜ਼ ਵਿਚ ਨਵਤੇਜ ਭਾਰਤੀ ਦੇ ਪੰਜਾਬੀ ਸਾਹਿਤ ਜਗਤ ਵਿਚ ਪ੍ਰਵੇਸ਼ ਨੂੰ ਜੀ ਆਇਆਂ ਆਖਿਆ। ਹਰਦਿਲਜੀਤ ਸਿੰਘ ਲਾਲੀ ਦਾ ਰੋਡੇ ਭਰਾਵਾਂ ਨੂੰ ਦਾਦ ਦੇਣ ਦਾ ਅਲੱਗ ਹੀ ਅੰਦਾਜ਼ ਸੀ। ਉਹ ਲਗਾਤਾਰ ਸਿਰ ਹਿਲਾ ਹਿਲਾ ਕੇ ਮੁਸਕ੍ਰਾਉਂਦੇ ਰਹੇ ਪਰ ਪ੍ਰਬੰਧਕਾਂ ਵਿਚੋਂ ਕੋਈ ਵੀ ਉਨ੍ਹਾਂ ਨੂੰ ਸਟੇਜ ਤੇ ਪਹੁੰਚ ਕੇ ਦੋ ਲਫ਼ਜ਼ ਕਹਿਣ ਦੀ ਜੁਰਅਤ ਨਾ ਕਰ ਸਕਿਆ। ਪਰ ਦਿਗੰਬਰ ਭੂਤ ਡਾ: ਗੁਰਭਗਤ ਸਿੰਘ ਵੱਲੋਂ ‘ਲੀਲ੍ਹਾ’ ਦੇ ਕਾਵਿ ਜਗਤ ਬਾਰੇ ਲੰਮਾ ਭਾਸ਼ਨ ਦਿੱਤਾ ਗਿਆ। ਉਨ੍ਹਾਂ ਆਪਣੇ ਸਾਥੀ ਭੂਤ ਹਰਿੰਦਰ ਸਿੰਘ ਮਹਿਬੂਬ ਦੇ ਇਸ ਕਥਨ ਨਾਲ ਮੁਕੰਮਲ ਸਹਿਮਤੀ ਪ੍ਰਗਟਾਈ ਕਿ ‘ਲੀਲ੍ਹਾ’ ਤੋਂ ਪੰਜਾਬੀ ਕਾਵਿ ਨੂੰ ਉਸੇ ਤਰ੍ਹਾਂ ਦਾ ਚਿਰੰਜੀਵ ਹੁਲਾਰਾ ਮਿਲੇਗਾ ਜਿਸ ਤਰ੍ਹਾਂ ਦਾ ਹੁਲਾਰਾ ਦੋ ਸਦੀਆਂ ਪਹਿਲਾਂ 1798 ਵਿਚ ਕਾਲਰਿਜ/ਵਰਡਜ਼ਵਰਥ ਦੇ ਸਾਂਝੇ ਕਾਵਿ ਸੰਗ੍ਰਿਹ ‘ਲਿਰੀਕਲ ਬੈਲੇਡਜ਼’ ਤੋਂ ਅੰਗਰੇਜ਼ੀ ਕਾਵਿ ਨੂੰ ਮਿਲਿਆ ਸੀ।