ਸ਼ੁਭਚਿੰਤਨ ਦੇ ਦੋ ਸੰਕਲਨ ਪ੍ਰਕਾਸ਼ਤ ਹੋ ਚੁੱਕੇ ਹਨ। ਪਹਿਲਾ 1989 ਵਿਚ ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ ਨੇ ਛਾਪਿਆ ਅਤੇ ਦੂਸਰਾ 2012 ਵਿਚ ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ ਨੇ।
ਪਹਿਲੇ ਸੰਕਲਨ ਦੀ ਭੂਮਿਕਾ
ਮਨੁੱਖੀ ਮਨ ਭਾਵਾਂ ਦਾ ਸਮੁੰਦਰ ਹੈ; ਚਿੰਤਨ ਇਸ ਵਿਚ ਇਕ ਨਿੱਕਾ ਜਿਹਾ ਟਾਪੂ। ਪਰ ਇਹ ਟਾਪੂ ਮਹੱਤਵਪੂਰਣ ਹੈ, ਇਸ ਉਤੇ ਰੌਸ਼ਨੀ ਹੈ। ਅਤੇ ਇਹ ਰੌਸ਼ਨ ਟਾਪੂ ਹੀ ਮਨੁੱਖ ਨੂੰ ਬਾਕੀ ਜੀਵ-ਸੰਸਾਰ ਨਾਲੋਂ ਵੱਖਰੀ ਹਸਤੀ ਬਖਸ਼ਦਾ ਹੈ। ਭਾਵਾਂ ਦੀਆਂ ਛੱਲਾਂ ਇਸ ਨਾਲ ਟਕਰਾ ਕੇ ਸ਼ਾਂਤ ਹੋ ਜਾਂਦੀਆਂ ਹਨ। ਇਸ ਦੀ ਹੋਂਦ ਛੱਲਾਂ ਨੂੰ ਦਿਸ਼ਾ ਬਖਸ਼ਦੀ ਹੈ, ਇਹਨਾਂ ਦੇ ਉਤਰਾ ਚੜ੍ਹਾ ਮਾਪਦੀ ਹੈ।
ਮਨੁੱਖੀ ਸਭਿਆਚਾਰ ਮਨੁੱਖੀ ਮਨਾਂ ਦਾ ਹੀ ਸਮੂਹਿਕ ਪ੍ਰਤਿਬਿੰਬ ਹੈ। ਚਿੰਤਨ ਅਤੇ ਭਾਵਾਂ ਦਾ ਸੰਤੁਲਨ ਜਾਂ ਅਸੰਤੁਲਨ ਹੀ ਮੁੱਖ ਤੌਰ ਤੇ ਕਿਸੇ ਸੱਭਿਆਚਾਰ ਦੇ ਸੁਭਾਓ ਨੂੰ ਪ੍ਰਗਟਾਉਂਦਾ ਹੈ। ਪੰਜਾਬੀਆਂ ਦੇ ਸੁਭਾਅ ਵਿਚ ਚਿੰਤਨ ਅਜੇ ਧਰਮ ਅਤੇ ਕਵਿਤਾ ਵਾਂਗ ਨਹੀਂ ਸਮਾਇਆ। ਸਾਡੇ ਉੱਤੇ ਅਜੇ ਵੀ ਰੋਮਾਂਸ ਹਾਵੀ ਹੈ। ਅਵਿਕਸਤ ਚਿੰਤਨ ਸਦਕਾ ਹੀ ਪੰਜਾਬ ਵਿਚ ਅੱਜ ਲਹੂ ਦੀਆਂ ਨਦੀਆਂ ਵਗ ਰਹੀਆਂ ਹਨ। ਉਂਜ ਕਿਸੇ ਸੱਭਿਆਚਾਰ ਵਿਚ ਚਿੰਤਨ ਦਾ ਪ੍ਰਫੁੱਲਿਤ ਹੋਣਾ ਵੀ ਉੱਤਮ ਸੱਭਿਆਚਾਰ ਦੀ ਗਰੰਟੀ ਨਹੀਂ। ਅਮਰੀਕਾ ਵਿਚ ਡੂੰਘੇ ਚਿੰਤਨ ਦੀ ਘਾਟ ਨਹੀਂ ਪਰ ਅਮਰੀਕਾ ਨੇ ਹੀ ਅੱਜ ਇਤਿਹਾਸ ਦੀ ਸਭ ਤੋਂ ਵੱਧ ਹਉਮੈਵਾਦੀ, ਲਾਲਚੀ ਅਤੇ ਵਿਰਾਟ ਸਲਤਨਤ ਨੂੰ ਜਨਮ ਦਿਤਾ ਹੈ।
ਵਾਸਤਵ ਵਿਚ ਲੋੜ ਅੱਜ ਸ਼ੁਭਚਿੰਤਨ ਦੀ ਹੈ, ਕੇਵਲ ਚਿੰਤਨ ਦੀ ਨਹੀਂ। ਜਿਸ ਚਿੰਤਨ ਪਿਛੇ ਸ਼ੁਭ ਭਾਵਨਾ ਨਹੀਂ, ਉਸਦੀ ਅੱਖ ਵਿਚ ਕਦੇ ਵੀ ਸਵਾਰਥ ਦੀ ਮੈਲ ਭਰ ਸਕਦੀ ਹੈ, ਅਤੇ ਉਸ ਅੱਖ ਵਿਚੋਂ ਕਦੇ ਵੀ ਲਹੂ ਟਪਕ ਸਕਦਾ ਹੈ।
ਸ਼ੁਭਚਿੰਤਨ ਦੀ ਪਹਿਲੀ ਕਵਿਤਾ ਉਹਨਾਂ ਪਲਾਂ ਵਿਚ ਲਿਖੀ ਗਈ ਸੀ ਜਦੋਂ ਜਾਪਦਾ ਸੀ ਪੰਜਾਬ ਵਿਚ ਸ਼ੁਭਚਿੰਤਨ ਦਾ ਪਹੁਫੁਟਾਲਾ ਹੋਣ ਲੱਗਾ ਹੈ। ਇਹ ਕਵਿਤਾ ਉਸੇ ਸ਼ੁਭਚਿੰਤਨ ਨੂੰ ਭੇਂਟ ਹੈ ਜਿਸ ਦੀ ਉਡੀਕ ਵਿਚ ਸਾਰੇ ਪੰਜਾਬ ਦੀਆਂ ਅੱਖਾਂ ਲੱਗੀਆਂ ਹੋਈਆਂ ਹਨ/ ਅਜਮੇਰ ਰੋਡੇ
ਡਾ: ਸੁਮੇਲ ਸਿੰਘ ਸਿਧੂ (ਪੰਜਾਬ ਸਾਂਝੀਵਾਲ ਮੋਰਚਾ ਰਹਿਨੁਮਾ):
“ਸਾਡਾ ਨਾਅਰਾ ਹੈ: ਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤ ਦੀ ਆਜ਼ਾਦੀ ਦੀ ਲੜਾਈ ਦੇ ਸੰਤ-ਸਿਪਾਹੀ ਬਣੀਏ। ਮੇਰਾ ਸਲਾਮ ਅਜਮੇਰ ਰੋਡੇ ਦੀ ਮਹਾਨ ਕਵਿਤਾ ਨੂੰ ਵੀ ਹੈ” – ਇਕ ਫੇਸਬੁੱਕ ਪੋਸਟ ਵਿਚੋਂ, 2016)
ਦੂਜੇ ਸੰਕਲਨ ਦੀ ਭੂਮਿਕਾ
ਸ਼ੁਭਚਿੰਤਨ ਅਜ ਤੋਂ 20 ਵਰ੍ਹੇ ਪਹਿਲਾਂ ਛਪੀ ਸੀ ਪਰ ਮਸਾਂ ਸੌ ਡੇਢ ਸੌ ਪਾਠਕਾਂ ਤੱਕ ਹੀ ਪਹੁੰਚ ਸਕੀ। ਬਾਕੀ ਪ੍ਰਕਾਸ਼ਨ ਘਰ ਵਿਚ ਹੀ ਗਲ਼ ਖਪ ਗਈ।
20 ਵਰ੍ਹਿਆਂ ਵਿਚ ਇਹ ਕਵਿਤਾ ਬੇਹੀ ਨਹੀਂ ਹੋਈ। ਸਗੋਂ ਵੱਧ ਸੱਜਰੀ ਹੋ ਗਈ ਹੈ। 1984 ਵਾਲੇæ ਦਹਾਕੇ ਦਾ ਆਤੰਕ, ਸਹਿਮ ਤੇ ਦੁੱਖ ਸਰਬ ਵਿਆਪਕ ਹੋ ਗਿਆ ਹੈ, ਸਾਨੂੰ ਹੋਰ ਵੀ ਉਦਾਸ ਕਰ ਰਿਹਾ ਹੈ। ਪਰ ਅਰਬ ਦੇਸਾਂ ਵਿਚ ਨਵੀਂ ਪਹੁ ਵੀ ਫੁੱਟ ਰਹੀ ਹੈ।
ਅਜਮੇਰ ਦੀ ਕਵਿਤਾ ਸ਼ੁਭਚਿੰਤਨ ਦੀ ਉਡੀਕ ਵਿਚ ਉਸੇ ਤਰ੍ਹਾਂ ਬਰੂਹਾਂ ਉਤੇ ਖੜ੍ਹੀ ਹੈ।
ਇਹ ਕਵਿਤਾ ਸ਼ੁਭਚਿੰਤਨ ਲਈ ਪ੍ਰਾਰਥਨਾ ਹੈ। ਪ੍ਰਾਰਥਨਾ ਪੁਰਾਣੀ ਨਹੀਂ ਹੁੰਦੀ।
ਇਸ ਵਿਚ ਅਜਮੇਰ ਸ਼ੁਭਚਿੰਤਨ ਨੂੰ ਜੀ ਆਇਆਂ ਕਹਿ ਰਿਹਾ ਹੈ, ਅਸੀਂ ਉੇਹਦੀ ਕਵਿਤਾ ਨੂੰ।
ਅਤੇ ਸ਼ੁਭਚਿੰਤਨ ਨੂੰ ਵੀ/ ਨਵਤੇਜ ਭਾਰਤੀ
Navtej Bharati Reading Shubhchintan at Parmjit Babra May2013 Delhi
ਧੰਨਵਾਦ
ਸਿਧਾਰਥ, ਨਵਤੇਜ ਭਾਰਤੀ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ ਅਤੇ ਸੁਰਿੰਦਰ ਚਾਹਲ ਦਾ ਜਿਨ੍ਹਾਂ ਨੇ ਸ਼ੁਭਚਿੰਤਨ ਦੇ ਇਸ ਸੰਕਲਨ ਨੂੰ ਆਪਣੀ ਪੁਸਤਕ ਸਮਝ ਕੇ ਸੋਧਿਆ, ਸੁਚਿਤ੍ਰਿਆ ਅਤੇ ਪ੍ਰਕਾਸ਼ਤ ਕੀਤਾ।