ਨਿਰਲੱਜ /NIRLAJJ

NIRLAJJ is a full length Punjabi play on the issue of sex selection that has been causing serious conflicts within Punjabi families often preferring a boy over a girl. Whether it is a boy or a girl in the womb only God used to know, now science too knows it. God doesn’t share his secrets with humans, science does. When ultrasound technology became capable of finding out sex of the baby in the womb, scientists broadcast the God’s secret instantly.  The broadcast affected numerous families in the world. The play portrays a Canadian Punjabi couple that goes to an ultrasound clinic in the US, finds out a baby girl in the womb, and fights bitterly weather to keep the baby or abort.     

Nirlajjਨਿਰਲੱਜ ਲਿੰਗ-ਚੋਣ ਵਿਚ ਉਲਝੇ ਪੰਜਾਬੀਆਂ ਦੀ ਮਾਨਸਕ ਅਤੇ ਪਰਿਵਾਰਕ ਟੁੱਟ-ਭੱਜ ਨੂੰ ਪੇਸ਼ ਕਰਦਾ ਹੈ। ਭਰੂਣ ਹੱਤਿਆ ਉਤੇ ਕੈਨੇਡਾ ਵਿਚ ਲਿਖਿਆ ਤੇ ਮੰਚਤ ਕੀਤਾ ਢਾਈ ਘੰਟੇ ਦਾ ਇਹ ਪਹਿਲਾ ਨਾਟਕ ਹੈ।

ਕੁੱਖ ਵਿਚ ਮੁੰਡਾ ਹੈ ਜਾਂ ਕੁੜੀ? ਪਹਿਲਾਂ ਇਸਦਾ ਪਤਾ ਕੇਵਲ “ਪਰਮਾਤਮਾ”  ਨੂੰ ਹੁੰਦਾ ਸੀ ਹੁਣ ਵਿਗਿਆਨ ਨੂੰ ਵੀ ਹੈ। “ਪਰਮਾਤਮਾ” ਆਪਣੇ ਭੇਦ ਮਨੁਖਾਂ ਨਾਲ ਸਾਂਝੇ ਨਹੀਂ ਕਰਦਾ, ਵਿਗਿਆਨ ਕਰਦਾ ਹੈ। ਜਦੋਂ ਅਲਟਰਾਸਾਊਂਡ ਤਕਨਾਲੋਜੀ ਗਰਭ ਵਿਚ ਹੀ ਭਰੂਣ ਦੇ ਲਿੰਗ ਦਾ ਨਿਰਣਾ ਕਰਨ ਦੇ ਸਮਰੱਥ ਹੋ ਗਈ ਤਾਂ ਵਿਗਿਆਨੀਆਂ ਨੇ ਇਹ ਭੇਦ ਤੁਰੰਤ ਨਸ਼ਰ ਕਰ ਦਿਤਾ।
ਇਸ ਦਾ ਇਕ ਸਿੱਟਾ ਇਹ ਨਿਕਲਿਆ ਕਿ ਜਨਮ ਤੋਂ ਪਹਿਲਾਂ ਹੀ ਲਿੰਗ ਦੀ ਚੋਣ ਕਰਨੀ  ਸੰਭਵ ਹੋ ਗਈ। ਭਾਵੇਂ ਇਹ ਚੋਣ ਗਰਭਪਾਤ ਦੇ ਹਿੰਸਕ ਢੰਗ ਨਾਲ ਕਰਨੀ ਪੈਂਦੀ ਹੈ ਫੇਰ ਵੀ ਲੋਕ ਕਰਨ ਲੱਗ ਪਏ। ਇਸਤਰ੍ਹਾਂ ਦੀ ਚੋਣ ਅੱਜ ਵੀ ਹੋ ਰਹੀ ਹੈ, ਵਿਸ਼ੇਸ਼ ਕਰਕੇ ਭਾਰਤੀ ਲੋਕਾਂ ਵੱਲੋਂ, ਅਤੇ ਦਿਨੋ ਦਿਨ ਵਧਦੀ ਜਾ ਰਹੀ ਹੈ। ਨਤੀਜੇ ਭਿਅੰਕਰ ਨਿਕਲ ਰਹੇ ਹਨ। 
ਲਿੰਗ-ਚੋਣ ਅਹਿੰਸਕ ਢੰਗਾਂ ਨਾਲ ਵੀ ਹੋ ਸਕਦੀ ਹੈ। ਇਹ ਢੰਗ ਗਰਭ ਟਿਕਣ ਤੋਂ ਪਹਿਲਾਂ ਵਰਤੇ ਜਾਂਦੇ ਹਨ, ਪੇਚੀਦਾ ਹਨ ਤੇ ਮਹਿੰਗੇ ਹਨ। ਇਹਨਾਂ ਦੇ ਨਤੀਜੇ ਵੀ ਨਿਸਚਿਤ ਨਹੀਂ ਹੁੰਦੇ। ਅਜਿਹੀ ਲਿੰਗ-ਚੋਣ ਅਕਸਰ ਪਰਿਵਾਰਕ ਸੰਤੁਲਨ ਲਈ ਕੀਤੀ ਜਾਂਦੀ ਹੈ। ਇਸਦੇ ਹੋਰ ਵੀ ਲਾਭ ਹੋ ਸਕਦੇ ਹਨ। ਮਿਸਾਲ ਵਜੋਂ ਜੇ ਪਰਿਵਾਰ ਵਿਚ ਪੁਸ਼ਤਾਂ ਤੋਂ ਚਲਦਾ ਆ ਰਿਹਾ ਕੋਈ ਰੋਗ ਇਕ ਲਿੰਗ ਨਾਲ ਸੰਬੰਧਿਤ ਹੋਵੇ ਤਾਂ ਲਿੰਗ-ਚੋਣ ਰਾਹੀਂ ਨਵਿਰਤ ਹੋ ਸਕਦਾ ਹੈ। ਇਸਤਰ੍ਹਾਂ ਦੀ ਲਿੰਗ-ਚੋਣ ਹਰ ਪਿਛੋਕੜ ਦੇ ਲੋਕ ਕਰ ਰਹੇ ਹਨ। 
ਪਰ ਬਹੁਤੇ ਪੰਜਾਬੀ ਲੋਕ ਚੋਣ ਦਾ ਹਿੰਸਕ ਢੰਗ ਵਰਤਦੇ ਹਨ, ਸਿੱਧਾ ਤੇ ਸਸਤਾ। ਉਹ ਕੁੜੀ ਨਕਾਰਦੇ ਹਨ ਤੇ ਮੁੰਡਾ ਸਵੀਕਾਰਦੇ ਹਨ। ਉਹ ਚਾਹੁੰਦੇ ਹਨ ਉਹਨਾਂ ਦਾ ਪਹਿਲਾ ਬੱਚਾ ਮੁੰਡਾ ਹੋਵੇ, ਦੂਜਾ ਵੀ, ਤੀਜਾ ਵੀ… ਨਿਰਲੱਜ  ਇਸ ਲਿੰਗ-ਚੋਣ ਵਿਚ ਉਲਝੇ ਪੰਜਾਬੀਆਂ ਦੀ ਮਾਨਸਕ ਅਤੇ ਪਰਿਵਾਰਕ ਟੁੱਟ-ਭੱਜ ਨੂੰ ਪੇਸ਼ ਕਰਦਾ ਹੈ।

ਸੰਸਾਰ ਵਿਚ ਜਾਗੀਰਦਾਰੀ ਦੇ ਬੋਲਬਾਲੇ ਸਮੇਂ ਪਹਿਲ ਅਕਸਰ ਮੁੰਡੇ ਨੂੰ ਦਿਤੀ ਜਾਂਦੀ ਸੀ। ਜਾਗੀਰਦਾਰੀ ਦੇ ਖਾਤਮੇ ਨਾਲ ਬਹੁਤੇ ਦੇਸ਼ਾਂ ਵਿਚੋਂ ਮੁੰਡੇ ਕੁੜੀ ਦਾ ਵਿਤਕਰਾ ਵੀ ਖਤਮ ਹੋ ਗਿਆ। ਪਰ ਦੱਖਣੀ ਏਸ਼ੀਆ ਚੀਨ ਅਤੇ ਵੀਅਤਨਾਮ ਵਰਗੇ ਦੇਸ਼ਾਂ ਵਿਚ ਇਹ ਅਜੇ ਵੀ ਚੱਲ ਰਿਹਾ ਹੈ। ਭਾਰਤ ਦੇ ਕਈ ਭਾਗਾਂ ਵਿਚ ਜੰਮਦੀ ਕੁੜੀ ਨੂੰ ਮਾਰਨ ਦੀ ਪ੍ਰਥਾ ਸਦੀਆਂ ਪੁਰਾਣੀ ਹੈ। “ਕੇਵਲ ਮੁੰਡੇ” ਦੇ ਚਾਹਵਾਨ, ਕੁੜੀ ਨੂੰ ਜੰਮਣ ਪਿਛੋਂ ਧੁਪੇ ਪਾ ਕੇ, ਅਫ਼ੀਮ ਚਟਾ ਕੇ, ਭੁਖੀ ਰੱਖ ਕੇ, ਗਲ ਘੁੱਟ ਕੇ, ਜਿਉਂਦੀ ਨੱਪ ਕੇ… ਮਾਰ ਦਿੰਦੇ ਸਨ। ਤੇ ਸਾਡੀ ਪੰਜਾਬੀਆਂ ਦੀ “ਬਹਾਦਰੀ” ਵੀ ਕੇਵਲ ਸ਼ੱਤਰੂਆਂ ਦਾ ਨਾਸ ਕਰਨ ਵਿਚ ਹੀ ਨਹੀਂ ਨੰਨ੍ਹੀਆਂ ਬੱਚੀਆਂ ਦਾ ਬੀਜ ਨਾਸ ਕਰਨ ਵਿਚ ਵੀ ਬਰਾਬਰ ਹੈ। 
ਅੰਕੜੇ ਦਰਸਾਉਂਦੇ ਹਨ ਕਿ ਇਸ ਸਮੇਂ ਪੰਜਾਬ ਵਿਚ 1000 ਮਰਦਾਂ ਪਿਛੇ ਔਰਤਾਂ ਦੀ ਗਿਣਤੀ ਕੇਵਲ 798 ਰਹਿ ਗਈ ਹੈ (ਟ੍ਰਬਿਯੂਨ, 26 ਜਨਵਰੀ 2008)। ਇਹ ਗਿਣਤੀ ਭਾਰਤ ਦੇ ਕੁੱਲ ਸੂਬਿਆਂ ਨਾਲੋਂ ਘੱਟ ਹੈ ਅਤੇ ਭਾਰਤ ਵਿਚ ਇਹ ਗਿਣਤੀ ਤਕਰੀਬਨ ਸਾਰੇ ਦੇਸ਼ਾਂ ਤੋਂ ਘੱਟ। ਇਸ ਵਿਚ ਹੈਰਾਨੀ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਦੁਨੀਆ ਦਾ ਲਿੰਗ ਟੈਸਟ ਕਰਨ ਵਾਲਾ ਸਭ ਤੋਂ ਪਹਿਲਾ ਕਮਰਸ਼ਲ ਹਸਪਤਾਲ 1979 ਵਿਚ ਅੰਮ੍ਰਿਤਸਰ ਖੁਲ੍ਹਿਆ ਜਿਸਦਾ ਪਹਿਲਾ ਇਸ਼ਤਿਹਾਰ, “ਨਿਊ ਭੰਡਾਰੀ ਐਂਟੀ ਨੇਟਲ ਸੈਕਸ ਡਟਰਮੀਨੇਸ਼ਨ ਕਲਿਨਿਕ” ਨਾਮ ਹੇਠ ਕਈ ਅਖਬਾਰਾਂ ਵਿਚ ਛਪਿਆ। ਇਸ਼ਤਿਹਾਰ ਵਿਚ ਖੁਲ੍ਹਮ ਖੁਲ੍ਹਾ ਕੁੜੀਆਂ ਨੂੰ ਪਰਿਵਾਰ ਉਤੇ ‘ਬੋਝ’ ਦੱਸਿਆ ਗਿਆ ਸੀ ਅਤੇ ਵਧ ਰਹੀ ਆਬਾਦੀ ਕਾਰਨ ‘ਦੇਸ਼ ਲਈ ਖਤਰਾ’ ਵੀ। 
ਇਸਤਰ੍ਹਾਂ ਪੰਜਾਬੀ, ਜਨਮ ਤੋਂ ਪਹਿਲਾਂ ਕੁੜੀਆਂ ਦਾ ਸੰਘਾਰ ਕਰਨ ਵਿਚ ਦੁਨੀਆਂ ਵਿਚ ਸਭ ਤੋਂ ਅੱਗੇ ਹਨ। ਜਿਵੇਂ ਉਪਰ ਅੰਕੜੇ ਦਰਸਾਉਂਦੇ ਹਨ ਇਸ ਦੇ ਸਿੱਟੇ ਘਿਨਾਉਣੇ ਨਿਕਲ ਰਹੇ ਹਨ। ਪੰਜਾਬੀਆਂ ਦਾ ਮਾਣਮੱਤਾ ਸਿਰ ਸ਼ਰਮ ਨਾਲ  ਨੀਵਾਂ ਹੋ ਰਿਹਾ ਹੈ। ਉਹਨਾਂ ਦੀ ਸਭਿਆਚਾਰਕ ਪ੍ਰੌਢਤਾ ਤੇ ਕਿੰਤੂ ਹੋ ਰਿਹਾ ਹੈ। ਵਿਸ਼ੇਸ਼ ਕਰਕੇ ਜਦੋਂ ਪੰਜਾਬੀ ਹੁਣ ਦੁਨੀਆ ਦੇ ਅਨੇਕਾਂ ਦੇਸ਼ਾਂ ਵਿਚ ਜਾ ਕੇ ਵਸ ਗਏ ਹਨ। 
ਕੈਨੇਡਾ ਵਿਚ ਮੁੰਡੇ-ਕੁੜੀ ਦਾ ਵਿਤਕਰਾ ਬਹੁਤਾ ਦੱਖਣੀ ਏਸ਼ੀਆ ਦੇ ਲੋਕ ਲੈ ਕੇ ਆਏ। ਇਸ ਵਿਚ ਵੀ ਪੰਜਾਬੀ ਸਭ ਤੋਂ ਅੱਗੇ ਜਾਪਦੇ ਹਨ। 
ਅਮਰੀਕਨ ਡਾਕਟਰ ਜੌਹਨ ਸਟੀਵਨਜ਼ ਨੇ 1980 ਵਿਚ ਆਪਣਾ ਕਲਿਨਿਕ, ਕੁਆਲਾ ਲੈਬਜ਼, ਕੈਲੇਫੋਰਨੀਆ (ਸੈਨ ਹੋਜ਼ੇ) ਵਿਚ ਸਥਾਪਿਤ ਕੀਤਾ। ਕਮੱਰਸ਼ਲ ਪੱਧਰ ਤੇ ਅਮਰੀਕਾ ਵਿਚ ਇਹ ਪਹਿਲਾ ਕਲਿਨਿਕ ਸੀ ਜਿਸ ਵਿਚ ਅਲਟਰਾਸਾਊਂਡ ਨਾਲ ਭਰੂਣ ਦਾ ਲਿੰਗ ਜਾਣਿਆ ਜਾ ਸਕਦਾ ਸੀ। ਡਾਕਟਰ ਸਟੀਵਨਜ਼ ਵਿਗਿਆਨ ਅਤੇ ਤਕਨਾਲੋਜੀ ਨਾਲੋਂ ਪੈਸੇ ਕਮਾਉਣ ਵੱਲ ਜ਼ਿਆਦਾ ਰੁਚਿਤ ਸੀ। ਉਹਨੂੰ ਭਾਰਤੀਆਂ ਦੇ ਮੁੰਡੇ ਨੂੰ ਤਰਜੀਹ ਦੇਣ ਬਾਰੇ ਪਤਾ ਲੱਗ ਗਿਆ ਹੋਵੇਗਾ। ਤਾਂਹੀਂ ਉਹਨੇ ਕੁਆਲਾ ਲੈਬਜ਼ ਦੀ ਇਕ ਸ਼ਾਖ ਕਨੇਡੀਅਨ ਬਾਰਡਰ ਦੇ ਲਾਗਲੇ ਸ਼ਹਿਰ, ਬਲੇਨ, ਵਿਚ ਖੋਲ੍ਹ ਦਿਤੀ। ਬਲੇਨ ਪਹੁੰਚਣ ਵਾਸਤੇ ਮਹਾਂਨਗਰ ਵੈਨਕੂਵਰ ਤੋਂ ਮਸਾਂ ਅੱਧਾ ਘੰਟਾ ਲਗਦਾ ਹੈ। ਸਟੀਵਨਜ਼ ਨੂੰ ਪਤਾ ਸੀ ਕਿ ਵੈਨਕੂਵਰ ਵਿਚ ਭਾਰਤੀ ਮੂਲ ਦੇ ਲੋਕ ਵਡੀ ਸੰਖਿਆ ਵਿਚ ਰਹਿੰਦੇ ਹਨ। ਭਾਰਤੀਆਂ ਵਿਚੋਂ ਅੱਗੇ 80% ਤੋਂ ਵੱਧ ਪੰਜਾਬੀ ਹਨ। ਕੈਨੇਡਾ ਵਿਚ ਗਰਭ ਵਿਚ ਲਿੰਗ ਟੈਸਟ ਕਰਨਾ ਗ਼ੈਰ ਕਾਨੂੰਨੀ ਸੀ ਤੇ ਅਜੇ ਵੀ ਹੈ। ਕੈਨੇਡਾ ਵਿਚ ਸਟੀਵਨਜ਼ ਦੇ ਕੁਆਲਾ ਲੈਬਜ਼ ਵਰਗਾ ਕੋਈ ਕਲਿਨਿਕ ਮੈਜੂਦ ਨਹੀਂ। 
ਸਟੀਵਨਜ਼ ਨੇ ਵੈਨਕੂਵਰ ਦੇ ਪੰਜਾਬੀ ਅਖਬਾਰਾਂ ਵਿਚ ਕੁਆਲਾ ਲੈਬਜ਼ ਦੇ ਇਸ਼ਤਿਹਾਰ ਦੇਣੇ ਸ਼ੁਰੁ ਕਰ ਦਿਤੇ -ਅਸੀਂ ਇਹ ਟੈਸਟ ਕਰਕੇ ਦੱਸ ਸਕਦੇ ਹਾਂ ਕਿ ਪੇਟ ਵਿਚਲਾ ਬੇਬੀ ਮੁੰਡਾ ਹੈ ਜਾਂ ਕੁੜੀ। ਸਾਡੇ ਨਤੀਜੇ ਸੌ ਪ੍ਰਸੈਂਟ ਸਹੀ ਹੋਣਗੇ। ਅਸੀਂ ਤੁਹਫੇ ਵਜੋਂ ਤੁਹਾਨੂੰ ਇਕ ਵੀਡੀਓ ਵੀ ਬਣਾ ਕੇ ਦੇਵਾਂਗੇ- ਇਹ ਇਸ਼ਤਿਹਾਰ ਪੜ੍ਹ ਕੇ ਪੰਜਾਬੀ ਮੂਲ ਦੇ ਲੋਕ ਗਰਭ ਵਿਚਲਾ ਲਿੰਗ ਟੈਸਟ ਕਰਵਾਉਣ ਲਈ ਧੜਾਧੜ ਕੁਆਲਾ ਲੈਬਜ਼ ਵਿਚ ਜਾਣ ਲੱਗ ਪਏ। 
ਵੈਨਕੂਵਰ ਵਿਚਲੀਆਂ ਔਰਤ ਜੱਥੇਬੰਦੀਆਂ ਨੇ ਸਟੀਵਨਜ਼ ਦੇ ਇਸ਼ਤਿਹਾਰਾਂ ਨੂੰ ਨਸਲਵਾਦ ਕਿਹਾ ਕਿਉਂਕਿ ਉਹਨਾਂ ਦਾ ਸਿੱਧਾ ਨਿਸ਼ਾਨਾ ਪੰਜਾਬੀ ਲੋਕ ਸਨ। ਜੱਥੇਬੰਦੀਆਂ ਨੇ ਸਟੀਵਨਜ਼ ਦੇ ਇਸ਼ਤਿਹਾਰ ਛਾਪਣ ਵਾਲੇ ਅਖਬਾਰਾਂ ਦਾ ਖੰਡਨ ਕੀਤਾ। ਅਖਬਾਰਾਂ ਵਾਲਿਆਂ ਨੇ ਕਿਹਾ ਇਸ਼ਤਿਹਾਰ ਉਹਨਾਂ ਦੀ ਰੋਜ਼ੀ ਦਾ ਮਸਲਾ ਹੈ। ਕਈਆਂ ਨੇ ਤਾਂ ਇਥੋਂ ਤੱਕ ਵੀ ਕਿਹਾ ਕਿ ਜੇ ਔਰਤ ਜੱਥੇਬੰਦੀਆਂ ਉਹਨਾਂ ਨੂੰ ਇਸ਼ਤਿਹਾਰਾਂ ਤੋਂ ਆਉਣ ਜਿੰਨੇ ਪੈਸੇ ਦੇ ਦੇਣ ਤਾਂ ਉਹ ਇਸ਼ਤਿਹਾਰ ਬੰਦ ਕਰ ਦਣਗੇ। ਇਸ ਦੇ ਰੋਸ ਵਿਚ ਔਰਤ ਜੱਥੇਬੰਦੀਆਂ ਨੇ ਅਖਬਾਰਾਂ ਵਿਰੁੱਧ ਜਲੂਸ ਕਢਣੇ ਸ਼ੁਰੂ ਕਰ ਦਿਤੇ ਜਿਨ੍ਹਾਂ ਵਿਚ ਪੰਜਾਬੀਆਂ ਤੋਂ ਇਲਾਵਾ ਗੋਰੇ ਅਤੇ ਬਲੈਕ ਲੋਕ ਵੀ ਸ਼ਾਮਲ ਹੋਏ। ਗੱਲ ਪੰਜਾਬੀ ਕਮਿਊਨਿਟੀ ਤੋਂ ਨਿਕਲ ਕੇ ਮੁੱਖਧਾਰਾ ਲੋਕਾਂ ਤੱਕ ਪਹੁੰਚ ਚੁੱਕੀ ਸੀ। ਪੰਜਾਬੀਆਂ ਲਈ ਸ਼ਰਮ ਵਾਲੀ ਗੱਲ ਸੀ। ਉਹਨਾਂ ਨੇ ਸਟੀਵਨਜ਼ ਦੇ ਇਸ਼ਤਿਹਾਰ ਬੰਦ ਕਰ ਦਿਤੇ। ਪਰ ਸਟੀਵਨਜ਼ ਦਾ ਸੁਨੇਹਾ ਘਰੋ ਘਰੀ ਪਹੁੰਚ ਚੁੱਕਾ ਸੀ। 
ਔਰਤ ਜੱਥੇਬੰਦੀਆਂ ਦੀ ਹੁਣ ਮੁੱਖ ਸਰਗਰਮੀ ਲੋਕਾਂ ਨੂੰ ਲਿੰਗ-ਚੋਣ ਵਿਰੁੱਧ ਵਿਦਿਅਤ ਕਰਨਾ ਸੀ। ਜਿਸ ਲਈ ਅਖਬਾਰਾਂ ਵਿਚ ਲੇਖ ਛਾਪੇ ਗਏ, ਸਭਿਆਚਾਰਕ ਪ੍ਰੋਗਰਾਮ ਕੀਤੇ ਗਏ। ਵੈਨਕੂਵਰ ਦੀ ਜੱਥੇਬੰਦੀ, ਪੰਜਾਬੀ ਵਿੱਮਨਜ਼ ਐਸੋਸੀਏਸ਼ਨ, ਨੇ ਆਪਣੇ 1994 ਦੇ ਵਾਰਸ਼ਕ ਪ੍ਰੋਗਰਾਮ ਨੂੰ ਲਿੰਗ-ਚੋਣ ਦੇ ਮਸਲੇ ਤੇ ਕੇਂਦ੍ਰਿਤ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਨੂੰ ਅਮਲੀ ਰੂਪ ਦੇਣ ਲਈ ਲਿੰਗ-ਚੋਣ ਤੇ ਨਾਟਕ ਕਰਨਾ ਸਭ ਤੋਂ ਸਾਰਥਕ ਜਾਪਿਆ। 
ਨਾਟਕ ਤਿਆਰ ਕਰਨ ਲਈ ਉਹਨਾਂ ਇਕ ਹੋਰ ਸੰਸਥਾ, “ਸਮਾਨਤਾ” ਨੂੰ ਕਿਹਾ। “ਸਮਾਨਤਾ” ਔਰਤਾਂ ਉਤੇ ਹਿੰਸਾ ਦਾ ਵਿਰੋਧ ਕਰਨ ਵਾਲੀ ਔਰਤਾਂ-ਮਰਦਾਂ ਦੀ ਸਾਂਝੀ ਜੱਥੇਬੰਦੀ ਸੀ ਜਿਸਦਾ ਮੈਂ ਵੀ ਮੈਂਬਰ (ਸਥਾਪਤੀ ਸਕੱਤਰ) ਰਿਹਾ ਸਾਂ। ਮੈਂ ਲਿੰਗ-ਚੋਣ ਵਿਰੋਧੀ ਲਹਿਰ ਵਿਚ ਵੀ ਸ਼ਾਮਲ ਸਾਂ। “ਸਮਾਨਤਾ” ਦੇ ਮੈਂਬਰਾਂ ਨਾਲ ਲਿੰਗ-ਚੋਣ ਤੇ ਵਿਚਾਰ ਵਟਾਂਦਰਾ ਕਰਨ ਪਿਛੋਂ ਮੈਂ ਨਾਟਕ ਲਿਖਣ ਦੀ ਜ਼ਿੰਮੇਵਾਰੀ ਲਈ ਅਤੇ ਨਿਰਲੱਜ  ਦੀ ਪਹਿਲੀ ਸਕ੍ਰਿਪਟ ਤਿਆਰ ਕੀਤੀ। ਇਸ ਤਰ੍ਹਾਂ ਨਿਰਲੱਜ  ਅੰਗਰੇਜ਼ੀ ਨਾਟਕਾਂ ਵਾਂਗ “ਕਮਿਸ਼ਨ” ਤੇ ਲਿਖਿਆ ਗਿਆ। ਫਰਕ ਕੇਵਲ ਇਹ ਸੀ ਕਿ ਇਸ ਕਮਿਸ਼ਨ ਦਾ ਇਵਜ਼ਾਨਾ ਕੋਈ ਨਹੀਂ ਸੀ, ਨਾਂ ਹੀ ਇਵਜ਼ਾਨੇ ਦੀ ਇਛਾ ਸੀ।
ਨਾਟਕ ਦੀ ਸਕ੍ਰਿਪਟ ਲਿਖਣ ਦਾ ਮਨ ਬਣਾ ਕੇ ਮੈਂ ਜੁਲਾਈ 1994 ਦੇ ਇਕ ਦਿਨ ਬਰਨਬੀ ਲਾਇਬ੍ਰੇਰੀ ਵਿਚ ਗਿਆ। ਕਿਸੇ ਕਾਰਨ ਲਾਇਬ੍ਰੇਰੀ ਬੰਦ ਸੀ ਅਤੇ ਖੁਲ੍ਹਣ ਵਿਚ ਅਜੇ ਅੱਧਾ ਘੰਟਾ ਸੀ। ਧੁੱਪ ਸੀ। ਮੈਂ ਬਾਹਰ ਪਾਰਕ ਵਿਚ ਦਰੱਖਤ ਦੀ ਛਾਵੇਂ ਨੋਟਬੁੱਕ ਕਢ ਕੇ ਬੈਠ ਗਿਆ ਅਤੇ ਨਾਟਕ ਬਾਰੇ ਸੋਚਣ ਲੱਗਾ। ਮਨ ਵਿਚ ਫੰਬੇ ਉਡ ਰਹੇ ਸਨ, ਨਿੱਗਰ ਕੁਝ ਵੀ ਅਟਕ ਨਹੀਂ ਸੀ ਰਿਹਾ। 
ਅਚਾਨਕ ਮੇਰੇ ਪੈਰ ਦੇ ਅੰਗੂਠੇ ਨੂੰ ਕੁਝ ਛੂਹਿਆ। ਇਹ ਸਾਲ ਕੁ ਭਰ ਦੀ ਇਕ ਬੱਚੀ ਸੀ ਜਿਸਦੀ ਮਾਂ ਥੋੜੀ੍ਹ ਜਿਹੀ ਵਿਥ ਤੇ ਦੋ ਤਿੰਨ ਹੋਰ ਮੁੰਡੇ ਕੁੜੀਆਂ ਨਾਲ ਬੈਠੀ ਸੀ। ਕਿਸੇ ਸਕੂਲ ਕਾਲਜ ਦੇ ਵਿਦਿਆਰਥੀ ਜਾਪਦੇ ਸਨ। ਮਾਂ ਕਾਲੇ-ਗੋਰੇ ਪਿਛੋਕੜ ਦੀ ਕੁੜੀ ਲਗਦੀ ਸੀ ਅਤੇ ਘੁੰਗਰਾਲੇ ਵਾਲਾਂ ਵਾਲੀ ਉਹਦੀ ਸਾਲ ਕੁ ਭਰ ਦੀ ਬੱਚੀ ਖੂਬਸੂਰਤੀ ਦਾ ਨਮੂਨਾ ਸੀ। ਮੈਂ ਬੱਚੀ ਵੱਲ ਹੱਥ ਵਧਾਇਆ। ਉਹਨੇ ਮੇਰੇ ਵੱਲ ਦੇਖਿਆ, ਮੁਸਕ੍ਰਾਇਆ ਤੇ ਫੇਰ ਖਰਗੋਸ਼ ਵਾਂਗ ਕਾਹਲੀ ਨਾਲ ਆਪਣੀ ਮਾਂ ਕੋਲ ਚਲੀ ਗਈ। ਕੁਝ ਮਿੰਟਾਂ ਪਿਛੋਂ ਉਹ ਸਾਰੇ ਉਠ ਕੇ ਲਾਇਬ੍ਰੇਰੀ ਦੇ ਗੇਟ ਵੱਲ ਚਲੇ ਗਏ। ਲਾਇਬ੍ਰੇਰੀ ਖੁਲ੍ਹ ਗਈ ਸੀ ਪਰ ਮੈਂ ਉਥੇ ਹੀ ਬੈਠਾ ਸੋਚ ਵਿਚ ਡੁਬਿਆ ਰਿਹਾ: ਜੇ ਇਹ ਬੱਚੀ ਕਿਸੇ ਪੰਜਾਬੀ ਮਾਂ ਦੇ ਗਰਭ ਵਿਚ ਹੁੰਦੀ ਤਾਂ ਸੰਭਵ ਹੈ…ਬੜੀ ਅਣਸੁਖਾਵੀਂ ਸੋਚ ਸੀ। ਪੰਜਾਬੀ ਮਾਵਾਂ ਵਿਚ ਮੇਰੀ ਆਪਣੀ ਮਾਂ ਵੀ ਸ਼ਾਮਲ ਸੀ। ਸੋਚਾਂ ਦੀ ਲੜੀ ਤੁਰ ਪਈ। ਮੈਂ ਢਾਈ ਤਿੰਨ ਘੰਟੇ ਉਥੇ ਬੈਠਾ ਰਿਹਾ ਤੇ ਸਕ੍ਰਿਪਟ ਖਤਮ ਕਰ ਕੇ ਹੀ ਉਠਿਆ। ਪਿਛੋਂ ਸਕ੍ਰਿਪਟ ਵਿਚ ਬਹੁਤੀਆਂ ਤਬਦੀਲੀਆਂ ਵੀ ਨਹੀਂ ਕਰਨੀਆਂ ਪਈਆਂ। ਇਹ ਪੰਜਤਾਲੀ ਮਿੰਟ ਦਾ ਨਾਟਕ 21 ਅਗਸਤ 1994 ਨੂੰ ਸਰ੍ਹੀ ਆਰਟਸ ਸੈਂਟਰ ਵਿਚ ਮੰਚਿਤ ਕੀਤਾ ਗਿਆ। ਪੰਜਾਬੀ ਵਿੱਮੈਨ ਐਸੋਸੀਏਸ਼ਨ ਦੇ ਮੈਂਬਰ  ਨਾਟਕ ਤੋਂ ਸੰਤੁਸ਼ਟ ਸਨ। 
ਨਿਰਲੱਜ  ਲਿੰਗ-ਚੋਣ ਤੇ ਲਿਖਿਆ ਜਾਣ ਵਾਲਾ ਪਹਿਲਾ ਕਨੇਡੀਅਨ ਪੰਜਾਬੀ ਨਾਟਕ ਸੀ। ਪਿਛੋਂ ਇਸ ਦੇ ਆਧਾਰ ਤੇ ਹੋਰ ਸਟੇਜ ਅਤੇ ਮੂਵੀ ਸਕ੍ਰਿਪਟਾਂ ਵੀ ਤਿਆਰ ਹੋਈਆਂ। ਵਿਸ਼ੇ ਦੀ ਅਹਿਮੀਅਤ ਦਾ ਖਿਆਲ ਕਰਕੇ  ਇਸਨੂੰ ਅਗਲੇ ਸਾਲ ਖੇਡਣ ਲਈ ਦੁਬਾਰਾ ਲਿਖਿਆ ਗਿਆ ਤੇ ਇਹ ਵਧ ਕੇ ਡੇਢ ਘੰਟੇ ਦਾ ਨਾਟਕ ਬਣ ਗਿਆ ਜੋ ਪਹਿਲਾਂ ਨਾਲੋਂ ਜ਼ਿਆਦਾ ਭਰਵਾਂ ਅਤੇ ਦਿਲਚਸਪ ਸੀ। ਸੰਨ 1997 ਵਿਚ ਵਿਕਟੋਰੀਆ ਖੇਡਣ ਲਈ ਇਸਨੂੰ ਤੀਜੀ ਵਾਰ ਲਿਖਿਆ ਗਿਆ। ਇਸਦਾ ਮੁੱਖ ਥੀਮ ਲਿੰਗ-ਚੋਣ ਹੀ ਰਿਹਾ ਪਰ ਇਸ ਦਵਾਲੇ ਔਰਤ ਨਾਲ ਸੰਬੰਧਿਤ ਹੋਰ ਵਿਸ਼ੇ ਵੀ ਜੁੜ ਗਏ। ਖੇਡਣ ਦਾ ਸਮਾਂ ਢਾਈ ਘੰਟੇ ਹੋ ਗਿਆ।
ਇਸ ਪੁਸਤਕ ਵਿਚ ਨਾਟਕ ਦਾ ਇਹੋ ਰੂਪ ਪ੍ਰਕਾਸ਼ਤ ਕੀਤਾ ਗਿਆ ਹੈ।

ਸੰਨ 2008 ਹੋ ਗਿਆ ਹੈ। ਪੰਜਾਬੀਆਂ ਵਿਚ ਲਿੰਗ-ਚੋਣ ਦੀ ਸਮੱਸਿਆ ਪਹਿਲਾਂ ਨਾਲੋਂ ਵੀ ਗੰਭੀਰ ਹੋ ਗਈ ਹੈ। ਪਿਛਲੇ ਸਾਲ ਤੋਂ ਟੋਰਾਂਟੋ ਅਤੇ ਵੈਨਕੂਵਰ ਤੋਂ ਛਪਣ ਵਾਲੇ ਕੁਝ ਪੰਜਾਬੀ ਅਖਬਾਰਾਂ ਨੇ ਸਟੀਵਨਜ਼ ਦੇ ਇਸ਼ਤਿਹਾਰ ਫੇਰ ਦੇਣੇ ਸ਼ੁਰੂ ਕਰ ਦਿਤੇ ਹਨ। ਕੈਨੇਡਾ ਵਿਚ ਪੰਜ ਸਾਲ ਤੋਂ ਘੱਟ ਉਮਰ ਦੀਆਂ 100 ਕੁੜੀਆਂ ਪਿਛੇ 105 ਮੁੰਡੇ ਹਨ; ਪੰਜਾਬੀਆਂ ਦੇ ਗੜ੍ਹ, ਸਰੀ ਸ਼ਹਿਰ ਵਿਚ 100 ਪਿਛੇ 111 ਮੁੰਡੇ ਹਨ। ਇਹ ਸੰਨ 2000 ਦੀ ਗਿਣਤੀ ਹੈ, ਹੁਣ ਸ਼ਾਇਦ ਹੋਰ ਵੀ ਫਰਕ ਪੈ ਗਿਆ ਹੋਵੇ। ਪਰ ਹੁਣ ਲਿੰਗ-ਚੋਣ ਦੇ ਮੁਆਮਲੇ ਵਿਚ ਕੈਨੇਡਾ ਪਿਛੋਕੜ ਵਿਚ ਚਲਾ ਗਿਆ ਹੈ; ਫਿਕਰਮੰਦ ਪੰਜਾਬੀਆਂ ਦਾ ਧਿਆਨ ਪੰਜਾਬ ਤੇ ਕੇਂਦ੍ਰਿਤ ਹੈ ਜਿਥੇ ਕੁੜੀਆਂ ਦੀ ਘਟਦੀ ਜਾ ਰਹੀ ਗਿਣਤੀ ਵੇਖ ਕੇ ਦਿਲ ਨੂੰ ਹੌਲ ਪੈਂਦਾ ਹੈ। ਪੰਜਾਬ ਵਿਚ ਵਾਤਾਵਰਣ ਵਰਗੇ ਗੰਭੀਰ ਮਸਲੇ ਵੀ ਲਿੰਗ-ਚੋਣ ਸਾਹਮਣੇ ਪੇਤਲੇ ਪੈ ਜਾਂਦੇ ਹਨ।
ਕੁਝ ਇਹੋ ਜਿਹੀਆਂ ਭਾਵਨਾਵਾਂ ਸਦਕਾ ਹੀ ਹੁਣ ਨਿਰਲੱਜ  ਨੂੰ ਪ੍ਰਕਾਸ਼ਤ ਕਰਨ ਦਾ ਮਨ ਬਣਿਆ ਹੈ। ਇਸਦੀ  ਸੈਟਿੰਗ ਵੈਨਕੂਵਰ ਵਿਚ ਹੈ ਪਰ ਥੋੜ੍ਹੀ ਬਹੁਤ ਤਬਦੀਲੀ ਨਾਲ ਇਹਨੂੰ ਕਿਤੇ ਵੀ ਖੇਡਿਆ ਜਾ ਸਕਦਾ ਹੈ। ਇਕ ਬੂੰਦ ਹੀ ਸਹੀ, ਸੰਭਵ ਹੈ ਬੂੰਦ ਬੂੰਦ ਰਲਕੇ ਧਾਰਾ ਵਹਿ ਤੁਰੇ, ਬੰਜਰ ਹੋ ਰਹੀ ਧਰਤੀ ਫੇਰ ਟਾਹਲੀਆਂ ਨਾਲ ਭਰ ਜਾਵੇ।    

“ਇਹ ਜਿਹੜਾ ਔਰਤ ਦਾ ਪੇਟ ਐ ਨਾ, ਭਾਬੀ, ਇਹ ਇਕ ਮੰਦਰ ਐ, ਇਸ ਮੰਦਰ ਵਿਚ ਬੁੱਤ ਰੱਖੇ ਨਹੀਂ ਜਾਂਦੇ, ਬੁੱਤ ਬਣਦੇ ਹਨ, ਬੁੱਤਾਂ ਵਿਚ ਜਾਨ ਪੈਂਦੀ ਹੈ, ਰੂਹ ਧੜਕਦੀ ਹੈ, ਲੱਖਾਂ ਹਜ਼ਾਰਾਂ ਗ੍ਰੰਥ ਲਿਖੇ ਜਾਂਦੇ ਹਨ। ਇਸ ਮੰਦਰ ਤੇ ਮੈਲੇ ਹੱਥ ਨਹੀਂ ਲੱਗਣੇ ਚਾਹੀਦੇ, ਮੈਲੇ ਵਸਤਰ ਨਹੀਂ ਛੂਹਣੇ ਚਾਹੀਦੇ, ਕੰਨ ਲਾ ਕੇ ਸੁਣ ਇਸ ਵਿਚ ਜ਼ਿੰਦਗੀ ਦਾ ਸਭ ਤੋਂ ਪਹਿਲਾ ਬੋਲ ਸੁਣਾਈ ਦਿੰਦਾ ਹੈ…”   (ਨਿਰਲੱਜ  ਵਿਚੋ)    

“ਮੰਚ ਤੇ ਵੇਖਣ ਪਿੱਛੋਂ ਨਿਰਲੱਜ  ਹਰ ਪੰਜਾਬੀ ਘਰ ਵਿਚ ਹੁੰਦਾ ਦਿਸਣ ਲੱਗ ਪੈਂਦਾ ਹੈ। ਕਿਸੇ ਨਾ ਕਿਸੇ ਰੂਪ ਵਿਚ ਅਸੀਂ ਸਾਰੇ ਇਹਨੂੰ ਕਰ ਰਹੇ ਹਾਂ। ਪਰ ਕਰਨ ਵਾਲੇ ਨੂੰ ਓਵੇਂ ਨਹੀਂ ਦਿਸਦਾ ਜਿਵੇਂ ਵੇਖਣ ਵਾਲੇ ਨੂੰ। ਨਿਰਲੱਜ  ਕੁਝ ਸਮੇਂ ਲਈ ਸਾਨੂੰ ਵੇਖਣ ਵਾਲੇ ਬਣਾ ਦਿੰਦਾ ਹੈ। ਅਸੀਂ ਆਪਣੀ ਕਰਤੂਤ ਵੇਖ ਕੇ ਦਹਿਲ ਜਾਂਦੇ ਹਾਂ। ਅਜਮੇਰ ਰੋਡੇ ਨੇ ਨਿਰਲੱਜ ਪੰਜਾਬੀ ਵਿਚ ਨਹੀਂ ਕੁੱਖ ਦੀ ਭਾਸ਼ਾ ਵਿਚ ਲਿਖਿਆ ਹੈ।”
–ਨਵਤੇਜ ਭਾਰਤੀ

ਲੋਕ ਅਰਪਨ

Nirlajj release -Pbi Univ Patiala 18mar2008

ਪੰਜਾਬੀ ਯੂਨੀਵਰਸਿਟੀ ਵਿਚ ਡਾ ਸੁਤਿੰਦਰ ਸਿੰਘ ਨੂਰ, ਡਾ: ਜਸਪਾਲ ਸਿੰਘ ਵੀਸੀ ਤੇ ਡਾ: ਦਲੀਪ ਕੌਰ ਟਿਵਾਣਾ ਨਿਰਲੱਜ ਰੀਲੀਜ਼ ਕਰਦੇ ਹੋਏ, ਮਾਰਚ 2008

ਪੰਜਾਬੀ ਯੂਨੀਵਰਸਿਟੀ:

ਨਿਰਲੱਜ ਨੂੰ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਮਾਰਚ 18ਮਾਰਚ2008 ਨੂੰ ਹੋਈ ਵਿਸ਼ਵ ਪੰਜਾਬੀ ਕਾਨਫ੍ਰੰਸ ਵਿਚ ਅਮਰਜੀਤ ਸਾਥੀ ਦੇ ਯਤਨਾਂ ਨਾਲ ਰੀਲੀਜ਼ ਕੀਤਾ ਗਿਆ। ਪੁਸਤਕ ਤੇ ਪੇਪਰ ਪ੍ਰਸਿਧ ਅਦਾਕਾਰਾ ਨੀਨਾ ਟਿਵਾਣਾ ਨੇ ਪੜ੍ਹਿਆ। ਪੁਸਤਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾ: ਜਸਪਾਲ ਸਿੰਘ, ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ, ਡਾ: ਸੁਤਿੰਦਰ ਸਿੰਘ ਨੂਰ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ, ਦਲੀਪ ਕੌਰ ਟਿਵਾਣਾ ਨੇ ਕੀਤੀ। ਨਿਰਲੱਜ ਦੇ ਨਾਲ ਦੋ ਹੋਰ ਪੁਸਤਕਾਂ ਅਮਰਜੀਤ ਸਾਥੀ ਦੀ ਨਿਮਖ ਅਤੇ ਸੁਰਿੰਦਰ ਚਾਹਲ ਦੀ ਕੁੰਜੀਆਂ ਵੀ ਰੀਲੀਜ਼ ਕੀਤੀਆਂ ਗਈਆਂ। 

ਵੈਨਕੂਵਰ

Nirlajj Vancouver release 6sep2008ਵੈਨਕੂਵਰ ਵਿਚ ਨਿਰਲੱਜ ਨੂੰ ਪ੍ਰੋਗਰੈਸਿੱਵ ਇੰਡੋ ਕਨੇਡੀਅਨ ਐਸੋਸੀਏਅਸ਼ਨ ਵੱਲੋਂ 6 ਸਤੰਬਰ 2008 ਨੂੰ ਸਰ੍ਹੀ ਦੇ ਫਲੀਟਵੁਡ ਕਮਿਉਨਿਟੀ ਸੈਂਟਰ ਵਿਚ ਹਰਿੰਦਰਜੀਤ ਅਤੇ ਸੁਖਰਾਜ ਬਾਠ ਦੇ ਯਤਨਾਂ ਨਾਲ ਰੀਲੀਜ਼ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਹਿੰਦੀ-ਪੰਜਾਬੀ ਫਿਲਮਾਂ ਦੇ ਸਕ੍ਰਿਪਟ ਲੇਖਕ ਤੇ ਅਦਾਕਾਰ ਅਮਰੀਕ ਗਿੱਲ ਨੇ ਕੀਤੀ। ਕਹਾਣੀ ਲੇਖਿਕਾ ਰਸ਼ਪਿੰਦਰ ਰਸ਼ਿਮ ਵੀ ਮੰਚ ਉਤ ਸੁਸ਼ੋਭਤ ਸਨ। ਨਾਟਕ ਦੇ ਸਾਰੇ ਅਦਾਕਾਰਾਂ ਨੇ  ਸਮਾਗਮ ਵਿਚ ਭਾਗ ਲਿਆ ਅਤੇ ਹੋਰ ਕਿੰਨੇ ਹੀ ਲੇਖਕਾਂ ਕਲਾਕਾਰਾਂ ਨੇ ਨਾਟਕ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਜਿਨ੍ਹਾਂ ਵਿਚ ਅਮਰੀਕ ਗਿੱਲ ਅਤੇ ਰਸ਼ਪਿੰਦਰ ਰਸ਼ਿਮ ਤੋਂ ਬਿਨਾਂ ਸੁਖਰਾਜ ਬਾਠ ਪ੍ਰੋ: ਹਰਿੰਦਰਜੀਤ, ਮੇਜਰ ਸਿੰਘ ਰੰਧਾਵਾ, ਡਾ: ਸਾਧੂ ਸਿੰਘ, ਨਰਿੰਦਰ ਭਾਗੀ, ਇੰਦਰੇਸ਼, ਜਗਰੂਪ ਬਰਾੜ, ਐਮ ਐਲ ਏ, ਸੁਖਵੰਤ ਹੁੰਦਲ, ਭੁਪਿੰਦਰ ਧਾਲੀਵਾਲ, ਅਮਰਜੀਤ ਜੋਸ਼, ਰਾਜਵੰਤ ਮਾਨ, ਬਿੰਦਰ ਰੋਡੇ, ਅਮਰਜੀਤ ਚਾਹਲ ਹਰਜੀਤ ਦੌਧਰੀਆ ਅਤੇ ਸੋਹਣ ਪੂੰਨੀ ਨੇ ਭਾਗ ਲਿਆ। 

 

ਪੰਜਾਬੀ ਭਵਨ ਲੁਧਿਆਣਾ

IMG_3808

ਪੰਜਾਬੀ ਭਵਨ ਲੁਧਿਆਣਾ ਵਿਚ ਨਿਰਲੱਜ ਨੂੰ ਰੀਲੀਜ਼ ਕਰਦੇ ਹੋਏ: ਸਵਰਨਜੀਤ ਸਵੀ, ਆਤਮਜੀਤ ਸਿੰਘ, ਅਜਮੇਰ ਰੋਡੇ, ਅਮਰਜੀਤ ਗਰੇਵਾਲ ਅਤੇ ਜਸਵੰਤ ਜ਼ਫਰ

ਪੁਸਤਕ ਦੇ ਪ੍ਰਕਾਸ਼ਕ ਸਵਰਨਜੀਤ ਸਵੀ (ਅਸਥੈਟਕ ਪਬਲੀਕੇਸ਼ਨਜ਼) ਨੇ ਨਿਰਲੱਜ ਨੂੰ 8 ਨਵੰਬਰ 2008 ਨੂੰ ਪੰਜਾਬੀ ਭਵਨ ਲੁਧਿਆਣਾ ਵਿਚ ਰੀਲੀਜ਼ ਕੀਤਾ। ਰੀਲੀਜ਼ ਦੀ ਰਸਮ ਵਿਚ ਸਵਰਨਜੀਤ ਸਵੀ, ਨਾਟਕਕਾਰ ਆਤਮਜੀਤ ਸਿੰਘ, ਅਮਰਜੀਤ ਗਰੇਵਾਲ ਅਤੇ ਜਸਵੰਤ ਜ਼ਫਰ ਨੇ ਭਾਗ ਲਿਆ। ਮੁਖ ਪਰਚਾ ਅਮਰਜੀਤ ਸਿੰਘ ਗਰੇਵਾਲ ਹੋਰਾਂ ਨੇ ਪੜ੍ਹਿਆ ਜਿਸ ਵਿਚ ਭਰੂਣ ਹੱਤਿਆ ਦੇ ਮਸਲੇ ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਅਤੇ ਨਾਟਕ ਨੂੰ ਸਮੱਸਿਆ ਨਾਲ ਇਨਸਾਫ ਕਰਦੇ ਹੋਏ ਦਰਸਾਇਆ। ਪਰ ਅਮਰਜੀਤ ਗੋਰਕੀ ਨਿ ਕਿਹਾ ਕਿ ਨਾਟਕ ਇਕ ਕਲੀਸ਼ੇ ਹੀ ਹੈ ਅਤੇ ਪ੍ਰਚਲਤ ਧਾਰਨਾਵਾਂ ਤੋਂ ਹਟ ਕੇ ਕੁਝ ਨਵਾਂ ਨਹੀਂ ਪੇਸ਼ ਕਰਦਾ। ਲੇਖਕ ਨੇ ਕਿਸੇ ਹੱਦ ਤੱਕ ਗੋਰਕੀ ਹੋਰਾਂ ਦੇ ਵਿਚਾਰ ਨਾਲ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਲੇਖਕ ਨੂੰ ਨਾਟਕ ਲਿਖਣ ਸਮੇਂ ਕਲੀਸ਼ੇ ਦਾ ਅਹਿਸਾਸ ਸੀ ਪਰ ਇਸਨੂੰ ਵੈਨਕੂਵਰ ਦੇ ਦਰਸ਼ਕਾਂ ਅਤੇ ਸਮੇਂ ਦੀ ਲੋੜ ਨੂੰ ਮੁਖ ਰੱਖ ਕੇ ਲਿਖਿਆ ਗਿਆ ਸੀ। ਸਮਾਗਮ ਵਿਚ ਸ਼ਾਮਲ ਪ੍ਰਸਿਧ ਪੱਤਰਕਾਰ ਅੰਮ੍ਰਿਤਾ ਚੌਧਰੀ ਨੇ ਨਾਟਕ ਦੀ ਪ੍ਰਸੰਸਾ ਕੀਤੀ ਅਤੇ ਇਸਤੇ ਰੀਪੋਰਟ ਲਿਖੀ।

ਮੰਚਨ

ਨਿਰਲੱਜ ਦੀ ਪਹਿਲੀ ਤੇ ਦੂਜੀ ਪੇਸ਼ਕਾਰੀ ਦਾ ਨਿਰਦੇਸ਼ਨ ਅਜਮੇਰੇ ਰੋਡੇ ਨੇ ਕੀਤਾ। ਬਾਕੀ ਸਾਰੀਆਂ ਦਾ ਭੂਪਿੰਦਰ ਧਾਲੀਵਾਲ ਨੇ।

1  ਸਰੀ ਆਰਟਸ ਸੈਂਟਰ, ਸਰੀ, ਬ੍ਰਿਟਿਸ਼ ਕੁਲੰਬੀਆ, 21 ਅਗਸਤ 1994
ਨਿਰਲੱਜ ਨੂੰ ਪਹਿਲੀ ਵਾਰ ਪੰਜਾਬੀ ਵਿਮੈੱਨਜ਼ ਐਸੋਸੀਏਸ਼ਨ ਨੇ ਆਪਣੇ ਵਾਰਸ਼ਕ ਪ੍ਰੋਗਰਾਮ, ਵਿਯਨਜ਼ ਔਫ ਇੰਡੀਆ, ਲਈ ਸਪੌਂਸਰ ਕੀਤਾ। ਨਾਟਕ ਦੀ ਤਿਆਰੀ “ਸਮਾਨਤਾ” ਐਸੋਸੀਏਸ਼ਨ ਦੇ ਅਧੀਨ ਹੋਈ।

2  ਐਬੀ ਆਰਟਸ ਸੈਂਟਰ, ਐਬਸਫੋਰਡ, ਬ੍ਰਿਟਿਸ਼ ਕੁਲੰਬੀਆ, 18 ਨਵੰਬਰ 1995
ਦੂਜੀ ਵਾਰ ਨਿਰਲੱਜ ਨੂੰ ਐਬਟਸਫੋਰਡ-ਮਿਸ਼ਨ ਕਲਚਰਲ ਸੋਸਾਇਟੀ ਨੇ ਆਪਣੇ ਸਭਿਆਚਰਕ ਪ੍ਰੋਗਰਾਮ ਵਿਚ ਸਪੌਂਸਰ ਕੀਤਾ।

3  ਮਾਇਕਲ ਜੇ ਫੌਕਸ ਥੀਏਟਰ, ਬਰਨਬੀ, ਬ੍ਰਿਟਿਸ਼ ਕੁਲੰਬੀਆ, 9 ਮਾਰਚ 1996
ਇਹ ਪੇਸ਼ਕਾਰੀ ਸੁਰਨਾਟ ਕੇਂਦਰ ਨੇ ਪ੍ਰੋਡਿਯੂਸ ਕੀਤੀ

4  ਵੈਸਟ ਹੰਬਰ ਕੌਲਜੀਏਟ ਥੀਏਟਰ, ਟੋਰਾਂਟੋ, ਓਂਟੇਰੀਓ, 24 ਮਾਰਚ 1996
ਇਸ ਪੇਸ਼ਕਾਰੀ ਨੂੰ ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ, ਟੋਰਾਂਟੋ ਨੇ ਸਪੌਂਸਰ ਕੀਤਾ। ਜੋਗਿੰਦਰ ਸਿੰਘ ਗਰੇਵਾਲ ਅਤੇ ਹਰਮਿੰਦਰ ਢਿਲੋਂ ਅਤੇ ਰਣਜੀਤ ਵਿਰਦੀ ਨੇ ਇਸ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਨਾਟਕ ਨੂੰ ਪ੍ਰੋਡਯੂਸ ਸੁਰਨਾਟ ਕੇਂਦਰ ਨੇ ਕੀਤਾ।

5  ਸਰੀ ਆਰਟਸ ਸੈਂਟਰ, ਸਰੀ, ਬ੍ਰਿਟਿਸ਼ ਕੁਲੰਬੀਆ 30 ਸਤੰਬਰ 1996
ਇਹ ਪੇਸ਼ਕਾਰੀ ਸੁਰਨਾਟ ਕੇਂਦਰ ਦੇ ਅਧੀਨ ਹੋਈ।

6  ਓਕ ਬੇਅ ਸੈਕੰਡਰੀ ਸਕੂਲ ਥੀਏਟਰ, ਵਿਕਟੋਰੀਆ, ਬ੍ਰਿਟਿਸ਼ ਕੁਲੰਬੀਆ
16 ਮਾਰਚ 1997; ਇਹ ਪੇਸ਼ਕਾਰੀ ਇੰਡੀਆ ਕਲਚਰਲ ਐਸੋਸੀਏਸ਼ਨ, ਵਿਕਟੋਰੀਆ ਨੇ ਸਪੌਂਸਰ ਕੀਤੀ ਅਤੇ ਇਸ ਵਿਚ ਭਗਵੰਤ ਸਿੰਘ ਜਵੰਧਾ ਅਤੇ ਹਰਿੰਦਰ ਮਾਹਲ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਪ੍ਰੋਡਕਸ਼ਨ ਸੁਰਨਾਟ ਕੇਂਦਰ ਨੇ ਕੀਤੀ।

ਤਸਵੀਰਾਂ