ਓਮ ਪ੍ਰਕਾਸ਼
ਇਹ ਨਿੱਕੀ ਜਿਹੀ ਪੁਸਤਕ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਮੈਂਬਰਾਂ ਨੇ ਪੰਡਤ ਓਮ ਪ੍ਰਕਾਸ਼ ਜੀ ਨੂੰ ਸ਼ਰਧਾਂਜਲੀ ਪੇਸ਼ ਕਰਨ ਲਈ ਪ੍ਰਕਾਸ਼ਿਤ ਕੀਤੀ ਹੈ। ਓਮ ਪ੍ਰਕਾਸ਼ ਲੇਖਕ ਮੰਚ ਦੇ ਮੈਂਬਰ ਸਨ ਅਤੇ ਉਨ੍ਹਾਂ ਦਾ ਦਿਹਾਂਤ 30 ਜਨਵਰੀ 2005 ਨੂੰ ਸਰ੍ਹੀ ਵਿਚ ਹੋਇਆ। ਅੰਤਮ ਸੰਸਕਾਰ ਸਮੇਂ ਅਤੇ ਉਸ ਪਿਛੋਂ ਲੇਖਕ ਮੰਚ ਦੀ ਮੀਟਿੰਗ ਵਿਚ ਮੈਂਬਰਾਂ ਨੇ ਜਿਸ ਤਰਾਂ ਸ਼ਿੱਦਤ ਨਾਲ ਓਮ ਪ੍ਰਕਾਸ਼ ਪ੍ਰਤਿ ਭਾਵਨਾਵਾਂ ਦਾ ਪ੍ਰਗਟਾਓ ਕੀਤਾ ਉਸ ਤਰਾਂ ਪਹਿਲਾਂ ਕਦੀ ਨਹੀਂ ਸੀ ਹੋਇਆ। ਇਨ੍ਹਾਂ ਸੁੱਚੀਆਂ ਭਾਵਨਾਵਾਂ ਦੇ ਪ੍ਰਗਟਾਓ ਨੇ ਹੀ ਇਸ ਪੁਸਤਕ ਦੀ ਸੰਪਾਦਨਾ ਲਈ ਪ੍ਰੇਰਨਾ ਦਿੱਤੀ।
ਓਮ ਪ੍ਰਕਾਸ਼ ਜੀ ਲੇਖਕ ਨਹੀਂ ਸਨ ਨਾਂ ਹੀ ਉਹਨਾ ਦਾ ਨਾਮ ਕਿਸੇ ਰਾਜਸੀ ਪਾਰਟੀ ਦੇ ਉਘੇ ਨੇਤਾਵਾਂ ਵਿਚ ਸ਼ਾਮਲ ਹੈ। ਫੇਰ ਕੀ ਕਾਰਨ ਹੈ ਕਿ ਲੇਖਕਾਂ ਦੇ ਮਨ ਉਨ੍ਹਾਂ ਦੇ ਮੋਹ ਤੇ ਸਤਿਕਾਰ ਵਿਚ ਐਨੇ ਭਾਵੁਕ ਹੋ ਗਏ? ਇਸਦਾ ਉਤਰ ਇਸ ਪੁਸਤਕ ਨੂੰ ਪੜ੍ਹਨ ਉਪਰੰਤ ਸਹਿਜੇ ਹੀ ਮਿਲ ਜਾਵੇਗਾ।
ਓਮ ਪ੍ਰਕਾਸ਼ ਜੀ ਦੀ ਜੀਵਨ ਸ਼ੈਲੀ ਉਤੇ ਧਿਆਨ ਮਾਰਿਆਂ ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਸਫਲ ਲੇਖਕ ਜਾਂ ਕਲਾਕਾਰ ਜਾਂ ਵਿਗਿਆਨੀ ਬਣ ਜਾਣਾ ਓਡੀ ਵੱਡੀ ਗੱਲ ਨਹੀਂ ਜਿੰਨਾ ਇਕ ਨੇਕ ਇਨਸਾਨ ਬਣ ਕੇ ਜਿਉਣਾ। ਜਾਪਦਾ ਹੈ ਓਮ ਪ੍ਰਕਾਸ਼ ਜੀ ਉਹ ਜੀਵਨ ਜਿਉਂ ਕੇ ਗਏ ਜੋ ਅਸੀਂ ਸਾਰੇ ਜੀਣਾ ਚਾਹੁੰਦੇ ਹਾਂ ਪਰ ਜਿਉਂ ਨਹੀਂ ਸਕਦੇ।
“ਉਹ ਲੋਕ ਜੋ ਨੇਕ ਜੀਵਨ ਜਿਉਂਦੇ ਹਨ, ਭਾਵੇਂ ਉਹ ਗੁੰਮਨਾਮੀ ਵਿਚ ਹੀ ਜਿਉਣ, ਉਹਨਾਂ ਨੂੰ ਇਹ ਤੌਖਲਾ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਦੀ ਜ਼ਿੰਦਗੀ ਨਿਸਫਲ ਗਈ ਹੈ। ਉਹਨਾਂ ਦੀ ਜ਼ਿੰਦਗੀ ਵਿਚੋਂ ਕਿਸੇ ਨੂਰ ਦਾ ਪ੍ਰਕਾਸ਼ ਹੁੰਦਾ ਹੈ ਜੋ ਉਹਨਾਂ ਦੇ ਮਿੱਤਰਾਂ ਦਾ ਤੇ ਉਹਨਾਂ ਦੇ ਗਵਾਂਢੀਆਂ ਦਾ ਰਾਹ ਰੋਸ਼ਨ ਕਰਦਾ ਰਹਿੰਦਾ ਹੈ, ਤੇ ਸ਼ਾਇਦ ਆਉਣ ਵਾਲੀਆਂ ਸਦੀਆਂ ਦਾ ਵੀ”
-ਬਰਟ੍ਰੈਂਡ ਰੱਸਲ