ਤੂੜੀ ਵਾਲਾ ਕੋਠਾ
ਤੂੜੀ ਵਾਲਾ ਕੋਠਾ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਦਾ ਲਿਖਿਆ ਪੂਰਾ ਨਾਟਕ ਹੈ ਅਤੇ ਪੰਜਾਬੀ ਦੇ ਵਧੀਆ ਨਾਟਕਾਂ ਵਿਚੋਂ ਹੈ। ਇਸ ਦਾ ਵਿਸ਼ਾ ਪੰਜਾਬ ਦੇ ਪੇਂਡੂ ਜੀਵਨ ਦੀਆਂ ਉਲਝਣਾਂ ਹਨ ਪਰ ਇਸ ਦੀ ਸ਼ੈਲੀ ਆਧੁਨਿਕ ਹੈ। ਔਰਤ ਦੀ ਅਣਹੋਂਦ ਨਾਲ ਘਰ ਤੂੜੀ ਦਾ ਕੋਠਾ ਬਣ ਕੇ ਰਹਿ ਜਾਂਦਾ ਹੈ। ਪੰਜਾਬ ਵਿਚ ਇਹ ਨਾਟਕ ਅਜਮੇਰ ਔਲਖ ਦੇ ਨਿਰਦੇਸ਼ਨ ਹੇਠ ਬਹੁਤ ਵਾਰ ਸਫਲਤਾ ਨਾਲ ਖੇਡਿਆ ਜਾ ਚੁੱਕਾ ਹੈ
ਕੈਨੇਡਾ ਵਿਚ ਇਸ ਨੂੰ ਅਜਮੇਰ ਰੋਡੇ ਦੇ ਨਿਰਦੇਸ਼ਨ ਹੇਠ ਪਹਿਲੀ ਵਾਰ ਭਾਰਤੀ ਨਾਟ ਕੇਂਦਰ ਸੰਸਥਾ ਵੱਲੋਂ 22 ਮਈ 1983 ਨੂੰ ਨਿਉ ਵੈਸਟਮਿਨਸਟਰ (ਵੈਨਕੂਵਰ) ਦੇ ਕਾਰਪੈਂਟਰਜ਼ ਹਾਲ ਵਿਚ ਪੇਸ਼ ਕੀਤਾ ਗਿਆ। ਨਾਟਕ ਨੂੰ ਕੈਨੇਡਾ ਦੇ ਦਰਸ਼ਕਾਂ ਨਾਲ ਜੋੜਨ ਲਈ ਅਜਮੇਰ ਰੋਡੇ ਨੇ ਇਕ ਮੁਢਲਾ ਸੀਨ ਲਿਖਿਆ ਜਿਸ ਵਿਚ ਨਾਟਕ ਦਾ ਪਾਤਰ ਧਿੰਦੀ ਕੈਨੇਡਾ ਆ ਜਾਂਦਾ ਹੈ ਤੇ ਆਪਣਾ ਨਾਲ ਬਦਲ ਕੇ ਡੈਨੀ ਰੱਖ ਲੈਂਦਾ ਹੈ। ਨਾਟਕ ਇਕ ਚਿਠੀ ਨਾਲ ਆਰੰਭ ਹੁੰਦਾ ਹੈ ਜੋ ਧਿੰਦੀ ਦੇ ਵਡੇ ਭਰਾ ਵੱਲੋਂ ਆਉਂਦੀ ਹੈ। ਚਿੱਠੀ ਵਿਚ ਚਾਚਾ ਲੱਕੜਚੱਬ ਦਾ ਧਿੰਦੀ ਨੂੰ ਸੁਨੇਹਾ ਹੈ ਕਿ
“ਸਾਡੇ ਵੱਲੋਂ ਕਨੇਡਾ ਜਾ ਕੇ ਭਾਵੇਂ ਬਣ ਜਾ ਡੈਨੀ ਤੇ ਭਾਵੇਂ ਬਣ ਜਾ ਛੈਣੀ ਪਰ ਆਪਣਾ ਪਿਛਾ ਨਾ ਭੁਲੀਂ”
ਇਸ ਸਮੇਂ ਦਰਸ਼ਕਾਂ ਵਿਚ ਭਾਰਤ ਤੋਂ ਆਏ ਪ੍ਰਸਿਧ ਪੰਜਾਬੀ ਨਾਟਕਕਾਰ ਗੁਰਸ਼ਰਨ ਸਿੰਘ ਵੀ ਹਾਜਰ ਸਨ। ਨਾਟਕ ਦੀ ਪੇਸ਼ਕਾਰੀ ਪਿਛੋਂ ਉਹਨਾਂ ਅਦਾਕਾਰਾਂ ਨੂੰ ਸ਼ਾਬਾਸ਼ ਦਿਤੀ ਅਤੇ ਕਿਹਾ ਕਿ “ਐਨੀ ਵਧੀਆ ਪੇਸ਼ਕਾਰੀ ਤਾਂ ਮੈਂ ਪੰਜਾਬ ਵਿਚ ਵੀ ਨਹੀਂ ਵੇਖੀ ਸੀ”