ਡਾ: ਸੁਤਿੰਦਰ ਸਿੰਘ ਨੂਰ

ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੀ ‘ਲੀਲ੍ਹਾ’  

ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦਾ ਸਾਂਝਾ ਕਾਵਿ ਸੰਗ੍ਰਹਿ ਲੀਲ੍ਹਾ ਪੰਜਾਬੀ ਕਵਿਤਾ ਵਿਚ ਹੁਣੇ ਹੁਣੇ ਵਾਪਰੀ ਇਕ ਘਟਨਾ ਹੈ ਅਜਿਹੀ ਘਟਨਾ ਕਿਸੇ ਭਾਸ਼ਾ ਵਿਚ ਕਦੇ ਕਦੇ ਹੀ ਵਾਪਰਦੀ ਹੈ। ਇਹ ਘਟਨਾ ਇਸ ਕਾਵਿ-ਪੁਸਤਕ ਦੇ 1053 ਪੰਨਿਆਂ ਦੇ ਵੱਡੇ ਆਕਾਰ ਕਰਕੇ ਹੀ ਨਹੀਂ, ਸਗੋਂ ਇਸਦੀ ਅੰਦਰਲੀ ਕਾਵਿ-ਸੰਰਚਨਾ ਅਤੇ ਇਕ ਵੱਖਰੀ ਤਰ੍ਹਾਂ ਦੇ ਪ੍ਰਯੋਗ ਕਰਕੇ ਵੀ ਹੈ।

ਦੋਨਾਂ ਕਵੀਆਂ ਦੀਆਂ ਕਵਿਤਾਵਾਂ ਨਾਲੋ ਨਾਲ ਤੁਰਦੀਆਂ ਹਨ ਤੇ ਕਵਿਤਾਵਾਂ ਦੇ ਅੰਤ ਤੇ ਨ.ਭ. ਜਾਂ ਅ.ਰ. ਅੰਕਿਤ ਹੋ ਜਾਂਦਾ ਹੈ। ਪਹਿਲਾਂ ਸਿਰਜਨਾ ਤੇ ਫਿਰ ਚਿਹਨ-ਰੂਪ ਵਿਚ ਸਿਰਜਕ। ਪ੍ਰਥਮਤਾ ਸਿਰਜਨਾ ਨੂੰ ਪ੍ਰਾਪਤ ਹੈ। ਕਵਿਤਾ, ਸ਼ਬਦ, ਲਿਪੀ-ਚਿਤਰ ਤੇ ਵਾਰਤਕ ਦੇ ਟੁਕੜੇ ਬਹੁਤ ਥਾਂ  ਤੇ ਇਕ ਦੂਜੇ ਵਿਚ ਘੁਲ ਮਿਲ ਜਾਂਦੇ ਹਨ, ਜਿਵੇਂ ਦਿਨ ਤੇ ਰਾਤ, ਬ੍ਰਹਿਮੰਡ ਦੀ ਤੋਰ ਘੁਲੀ ਮਿਲੀ ਗਤੀਸ਼ੀਲ ਹੁੰਦੀ ਹੈ। ਸੂਰਜ ਵਾਂਗ ਸਹਿਜੇ ਹੀ ਅਗਲੀ ਕਵਿਤਾ ਉਦੈ ਹੋ ਜਾਂਦੀ ਹੈ। ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੋਵੇਂ ਹੀ ਭੂਤਵਾੜਾ ਪਟਿਆਲਾ ਨਾਲ ਸਬੰਧਤ ਸਨ। ਵਿਸ਼ਵ ਦੀ ਨੁਹਾਰ  ਦਾ ਕਰਤਾ ਅਜਮੇਰ 1966 ਵਿਚ ਕੈਨੇਡਾ ਚਲਾ ਗਿਆ ਸੀ ਤੇ ਆਪਣੇ ਕਾਵਿ-ਸੰਗ੍ਰਹਿਆਂ ‘ਸੁਰਤੀ’ ਤੇ ‘ਸ਼ੁਭ ਚਿੰਤਨ’  ਸਦਕਾ ਚਰਚਾ ਵਿਚ ਆਇਆ। ਉਸਨੇ ਮਾਇਕਲ ਬੁਲੱਕ ਦੀਆਂ ਇਕੋਤਰ ਸੌ ਪਰਾਯਥਾਰਥਵਾਦੀ ਕਵਿਤਾਵਾਂ ਦਾ ਅਨੁਵਾਦ ਵੀ ਪ੍ਰਕਾਸ਼ਤ ਕੀਤਾ। ‘ਸੁਰਤੀ’ ਵਿਚ ਹੀ ਉਸ ਨੇ ਕੰਕਰੀਟ ਕਵਿਤਾਵਾਂ ਲਿਖ ਕੇ ਕਵਿਤਾ ਦੇ ਇਕ ਵੱਖਰੇ ਰੂਪ ਦੀ ਚੇਤਨਾ ਨੂੰ ਸਾਹਮਣੇ ਲਿਆਂਦਾ ਸੀ। ਨਵਤੇਜ ਭਾਰਤੀ ਵੀ 1968 ਵਿਚ ਕੈਨੇਡਾ ਚਲਾ ਗਿਆ। ਉਦੋਂ ਉਸਦਾ ਕਾਵਿ ਸੰਗ੍ਰਹਿ ‘ਸਿੰਬਲ ਦੇ ਫੁੱਲ’  ਛਪ ਚੁਕਾ ਸੀ ਤੇ ਪ੍ਰਗੀਤਕ ਕਵਿਤਾ ਵਿਚ ਉਹ ਪਛਾਣਿਆਂ ਜਾਣ ਲੱਗਾ ਸੀ। ‘ਲੀਲ੍ਹਾ’ ਵਿਚ ਦੋਨਾਂ ਕਵੀਆਂ ਦੀਆਂ ਉਪ੍ਰੋਕਤ ਸੰਗ੍ਰਹਿਆਂ ਤੋਂ ਪਿੱਛੋਂ ਦੀਆਂ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਦੇ ਨਾਲ ਨਾਲ ਕਵਿਤਾ, ਸਭਿਆਚਾਰ ਤੇ ਇਤਿਹਾਸ ਦੀਆਂ ਕਈ ਘਟਨਾਵਾਂ ਲੰਘਦੀਆਂ ਰਹੀਆਂ ਹਨ, ਸੰਕਟ ਵਾਪਰਦੇ ਰਹੇ ਹਨ, ਕਾਵਿ ਸ਼ਾਸਤਰ ਦੇ ਮਸਲੇ ਵਿਚਾਰੇ ਜਾਂਦੇ ਰਹੇ ਹਨ। ‘ਲੀਲ੍ਹਾ’ ਦੀ ਸਮੁੱਚੀ ਸੰਰਚਨਾ ਉਹ ਸਭ ਕੁਝ ਜਾਣਦੀ ਹੈ। ਸਿਰਜਕ ਕਿਤੇ ਕਿਤੇ ਉਸ ਸਾਰੇ ਪਰਵਾਹ ਬਾਰੇ ਬੋਲਦੇ ਹਨ।

ਪਰ ਕਵਿਤਾ ਕਾਵਿ ਸਰੋਕਾਰਾਂ ਨਾਲ ਜੁੜੀ, ਕਵਿਤਾ ਦੀ ਆਪਣੀ ਹੋਂਦ ਬਾਰੇ ਚਿੰਤਾ ਕਰਦੀ ਅੱਗੇ ਤੁਰੀ ਜਾਂਦੀ ਹੈ। ਨਾ ਇਸ ਨੂੰ ਕਿਸੇ ਲਹਿਰ ਦੀ ਗੁਲਾਮੀ ਹੈ, ਨਾ ਕਿਸੇ ਵਾਦ ਜਾਂ ਸਿਧਾਂਤ ਦੀ ਸਥਿਤ ਸ਼ੈਲੀ ਦੀ ਤਲਾਸ਼, ਸਗੋਂ ਇਕ ਜ਼ਿਮੇਵਾਰੀ ਹੈ ਸਿਰਜਨਾ ਦੀ, ਕਾਵਿ ਸੁਹਜ ਤੇ ਸਹਿਜ ਦੀ। ਵਿਚਾਰਧਾਰਕ ਚੇਤਨਾ ਵੀ ਇਸੇ ਜ਼ਿਮੇਵਾਰੀ ਨਾਲ ਜੁੜ ਕੇ ਕਾਵਿ ਵਿਚ ਢਲਦੀ ਤੇ ਪ੍ਰਵਚਨ ਬਣਦੀ ਹੈ। ਸੁਚੇਤ ਤੌਰ ਤੇ ਵੇਲਾ ਵਿਹਾ ਚੁਕੀ ਕਥਿਤ ਪ੍ਰਗਤੀਵਾਦੀ ਕਵਿਤਾ ਨੂੰ ਵਿਦਾ ਕਹਿੰਦਿਆਂ ‘ਲੀਲ੍ਹਾ’  ਦੇ ਬੇਦਾਵੇ ਦੇ ਬੋਲ ਹਨ:

“ਮੈਂ ਪ੍ਰਗਤੀਵਾਦ ਦੇ ਨਾਅਰੇ ਹੇਠ ਲਿਖੀ ਆਪਣੀ ਭੁੱਖ ਨੰਗ ਦੀ ਕਵਿਤਾ ਨੂੰ ਬੇਦਾਵਾ ਦਿੰਦਾ ਹਾਂ। ਜਿਹੜੀ ਭੁੱਖ ਰੋਟੀ ਨਾਲ ਖਤਮ ਹੋ ਜਾਂਦੀ ਹੈ ਕਵਿਤਾ ਦਾ ਉਸ ਨਾਲ ਕੋਈ ਸਰੋਕਾਰ ਨਹੀਂ। ਕਵਿਤਾ ਦਾ ਸਰੋਕਾਰ ਉਸ ਭੁੱਖ ਨਾਲ ਹੈ ਜਿਹੜੀ ਅਨਾਦੀ ਅਤੇ ਅਨੰਤ ਹੈ, ਜਿਵੇਂ ਆਤਮਾ ਦੀ ਭੁੱਖ ਜਾਂ ਇੰਦਰੀਆਂ ਦੀ ਭੁੱਖ਼ ਭੁੱਖ ਨੰਗ ਦਾ ਮਸਲਾ ਆਰਥਕ ਹੈ। ਪ੍ਰਗਤੀਵਾਦ ਦੇ ਭਰਮ ਹੇਠ ਇਸਨੂੰ ਖਿੱਚ ਧੂਹ ਕੇ ਕਾਵਿਕ ਬਣਾਇਆ ਗਿਆ ਸੀ। (ਪੰਨਾ 64)

“ਆਤਮਾ ਦੀ ਭੁੱਖ ਧਰਮ ਦੀ ਸਮੱਸਿਆ ਹੈ ਤੇ ਇੰਦਰੀਆਂ ਦੀ ਭੁੱਖ ਮਨੋਵਿਗਿਆਨ ਦੀ। ਵਾਸਤਵ ਵਿਚ ਕਵਿਤਾ ਦਾ ਸਰੋਕਾਰ ‘ਸਮੱਸਿਆ’ ਨਾਲ ਨਹੀਂ ਸੰਵੇਦਨਾ ਨਾਲ ਹੈ। ਸਮੱਸਿਆ ਸੰਵੇਦਨਾ ਦਾ ਇਕ ਅੰਗ ਹੈ”। (ਨ.ਭ. ਪੰਨਾ 65)

ਇਸ ਚੇਤਨਾ ਨਾਲ ਜੁੜ ਕੇ ਕਵਿਤਾ ਇਕਹਿਰੀ ਨਹੀਂ, ਬਹੁਪਰਤੀ, ਸਹਿਜ ਸੁਭਾ ਕਈ ਸ਼ੈਲੀਆਂ ਨਾਲ ਸਬੰਧਤ ਹੋ ਜਾਂਦੀ ਹੈ। ਕਈ ਤਰ੍ਹਾਂ ਦੀ ਕਵਿਤਾ ਨਾਲੋ ਨਾਲ ਤੁਰਦੀ, ਪ੍ਰਗੀਤਕ ਵੀ, ਬੌਧਕ ਵੀ, ਤੋਲ ਤੁਕਾਂਤੀ ਵੀ, ਸੁਤੰਤਰ ਵੀ। ਕਵਿਤਾ ਦਾ ਸੁਭਾਅ ਪੂਰੀ ਤਰ੍ਹਾਂ ਲੋਕਤੰਤਰੀ ਹੋ ਜਾਂਦਾ ਹੈ, ਨਿਰੰਕੁਸ਼ਤਾ ਦਾ ਦੌਰ ਤੇ ਮਾਹੌਲ ਖਤਮ ਹੋ ਜਾਂਦਾ ਹੈ। ਕਵੀ ਇਸੇ ਚੇਤਨਾ ‘ਚੋਂ ਹੀ ਕਵਿਤਾ ਦਾ ‘ਅਭਿਨੰਦਨ’ ਕਰਦਾ ਹੈ:

“ਕਵਿਤਾ ਤੈਨੂੰ ਹਰ ਰੂਪ ਵਿਚ ਜੀਅ ਆਇਆਂ ਸੌਖੀ ਔਖੀ ਤੋਲ ਤੁਕਾਂਤੀ ਸਰਲ ਸਘਨ ਗੀਤਮਈ ਡੂੰਘੀ ਬਹੁਪਰਤੀ ਪ੍ਰਗੀਤਕ ਮਹਾਂਕਾਵਿਕੀ ਵਾਰਤਕੀ ਯਥਾਰਥਵਾਦੀ ਪਰਾਯਥਾਰਥਵਾਦੀ ਪਰ ਜਦੋਂ ਵੀ ਆ ਸਹਿਜ ਸੁਭਾ ਆ।  (ਅਜਮੇਰ ਰੋਡੇ)

ਇਸ ਰੂਪ ਵਿਚ ‘ਲੀਲ੍ਹਾ’ ਦਾ ਕੇਂਦਰੀ ਚਿਹਨ ਕਵਿਤਾ ਹੈ। ਕਵਿਤਾ ਬਾਰੇ ਬਹੁਤ ਸਾਰੀਆਂ ਕਵਿਤਾਵਾਂ ਹਨ। ਕਵਿਤਾ ਪੁਨਰ-ਪਰਿਭਾਸ਼ਤ ਹੋ ਰਹੀ ਹੈ। ਕੇਵਲ ਇਕ ਸਾਹਿਤ ਰੂਪ ਜਾਂ ਵਿਧਾ ਦੇ ਤੌਰ ਤੇ ਹੀ ਨਹੀਂ ਸਗੋਂ ਕਵਿਤਾ ਸਾਰਥਕ ਸਮਾਜਕ, ਰਾਜਨੀਤਕ ਕੀਮਤਾਂ ਦੇ ਚਿਹਨ ਦੇ ਤੌਰ ਤੇ,  ਇਕ ਸਿਸਟਮ ਦੇ ਤੌਰ ਤੇ, ਜਿਸ ਵਿਚ ਮਨੁੱਖ ਤੇ ਪ੍ਰਕਿਰਤੀ ਇਕ ਸਦੀਵੀ ਸਹਿਜ ਤੇ ਸੌਂਦਰਯ ਦੇ ਰਿਸ਼ਤੇ ਵਿਚ ਬੱਝੇ ਹੋਏ ਹਨ। ਇਕ ਅਜਿਹੀ ਸੁਹਜ-ਸਹਿਜ ਚੇਤਨਾ ਜਿਸ ਨਾਲ ਮਨੁੱਖ ਦੀ ਅੰਤਰੀਵ ਪਵਿੱਤਰਤਾ ਜੁੜੀ ਹੋਈ ਹੈ, ਜੋ ਸਮਾਜਕ ਪ੍ਰਦੂਸ਼ਨ ਨਾਲ ਵੀ ਗੰਧਲੀ ਨਹੀਂ ਹੁੰਦੀ। ਇਸੇ ਲਈ ਮਾਨਵੀ-ਅਹਿਸਾਸ ਦੇ ਚਿਹਨਿਕ ਇਸ ਨਾਲ ਜੁੜ ਜਾਂਦੇ ਹਨ:

1. ਕਵਿਤਾ ਲਿਖਣ ਵੇਲੇ ਮੇਰੇ ਹੱਥਾਂ ‘ਚੋਂ ਸੁਗੰਧ ਆਉਣ ਲਗ ਜਾਂਦੀ ਹੈ”

2. ਜਦੋਂ ਕਵਿਤਾ ਪੜ੍ਹਦਾ ਹਾਂ ਲਗਦੈ ਜਿਵੇਂ ਖਿੜੀ ਕਪਾਹ ਵਿਚਦੀ ਲੰਘ ਰਿਹਾ ਹਾਂ
3. ਮੈਂ ਦਸਾਂ ਨਹੁੰਆਂ ਨਾਲ ਕਵਿਤਾ ਲਿਖਦਾ ਹਾਂ ਇਹ ਮੇਰਾ ਰਿਜ਼ਕ ਹੈ ਰਿਜ਼ਕ ਵਿਚਲੀ ਬਰਕਤ ਹੈ ਕੋਧਰੇ ਦੀ ਰੋਟੀ ਵਿਚ ਛਲਕਦਾ ਦੁਧ ਹੈ   –  (ਨਵਤੇਜ ਭਾਰਤੀ)

ਕਵਿਤਾ ਦੇ ਅਜਿਹੇ ਸਰੂਪ ਨਾਲ ਪ੍ਰਕਿਰਤੀ ਦੇ ਹੋਰ ਚਿਹਨ ਸਬੰਧਤ ਹਨ: ਸੂਰਜ, ਨਦੀ, ਦਰਿਆ, ਬਿਰਖ, ਫੁੱਲ਼ ਇਹ ਸਾਰੇ ਚਿਹਨ ਇਕੋ ਹੀ ਰਿਸ਼ਤੇ ‘ਚ ਬਝਦੇ ਹਨ ਤੇ ਅਸੀਂ ਚਿਹਨੀਕਰਨ ਦੀ ਇਕ ਪ੍ਰਕਿਰਿਆ ਨਾਲ ਜੁੜ ਜਾਂਦੇ ਹਾਂ। ਕਵਿਤਾ ਇਕ ਪਰਵਾਹ ਵਾਂਗ ਸਾਡੀ ਚੇਤਨਾ ਵਿਚ ਵਿਸਤ੍ਰਿਤ ਹੋਣ ਲਗਦੀ ਹੈ:

1. ਰੁੱਖ ਨੇ ਕਿਹਾ ਤੇਰੇ ਸ਼ਬਦਾਂ ਵਿਚ ਮੇਰੀ ਛਾਂ ਪੱਤਿਆਂ ਦੀ ਖੜਖੜ ਨਦੀ ਬੋਲੀ ਤੇਰੇ ਸ਼ਬਦਾਂ ਵਿਚ ਮੇਰੇ ਅੱਥਰੂ ਲਹਿਰਾਂ ਦੀ ਕਲਕਲ ਸੂਰਜ ਨੇ ਕਿਹਾ ਤੇਰੇ ਸ਼ਬਦਾਂ ਵਿਚ ਮੇਰੀ ਧੁੱਪ….. (ਨ.ਭ.)

2. ਉਂਗਲੀ ਦੇ ਫੁੱਲ ਨਾਲ ਉਸਨੇ ਬਿਰਖ ਵਾਹਿਆ ਫੁੱਲ ‘ਚੋਂ ਗੁਲਾਬੀ ਲਹੂ ਸਿੰਮ ਆਇਆ ਬਿਰਖ ਸੂਹੇ ਫੁੱਲਾਂ ਨਾਲ ਭਰ ਆਇਆ (ਅ.ਰ.)

ਇਉਂ ਦੋਵੇਂ ਕਵੀ ਨਾਲੋ ਨਾਲ ਤੁਰਦਿਆਂ ਵੀ ਸਾਡੀ ਚੇਤਨਾ ਵਿਚ ਇਕ ਪ੍ਰਸ਼ਨ ਬੀਜਦੇ ਹਨ। ਉਨ੍ਹਾਂ ਦੀ ਆਪਣੀ ਆਪਣੀ ਹੋਂਦ, ਪਹਿਚਾਣ ਵੀ ਨਾਲੋ ਨਾਲ ਤੁਰ ਰਹੀ ਹੈ ਤੇ ਸਿਰਜਨਾ ਦੀ ਪੂਰਕ ਹੋਂਦ ਵੀ ਨਾਲੋ ਨਾਲ ਵਿਕਸਿਤ ਹੁੰਦੀ ਜਾਂਦੀ ਹੈ।
ਤੁਲਨਾਤਮਿਕ ਤੌਰ ਤੇ ਦੋਨਾਂ ਕਵੀਆਂ ਦੀ ਬਿੰਬ-ਸਿਰਜਣਾ ਦਾ ਅਧਿਐਨ ਕਰਨਾ ਬੜਾ ਦਿਲਚਸਪ ਹੈ। ਨਵਤੇਜ ਭਾਰਤੀ ਪ੍ਰਕਿਰਤੀ ਦੇ ਜਦੋਂ ਬਿੰਬ ਸਿਰਜਦਾ ਹੈ ਤਾਂ ਉਸੇ ਸਹਿਜ-ਸੁਹਜ ਦੀ ਦ੍ਰਿਸ਼ਟੀ ਨਾਲ ਉਨ੍ਹਾਂ ਨੂੰ ਕਵਿਤਾ ਦੀ ਉਸ ਅਵਸਥਾ ਤੇ ਚਿਹਨ ਨਾਲ ਸਬੰਧਤ  ਕਰ ਲੈਂਦਾ ਹੈ:

ਅਸਮਾਨ ਦੀ ਤਣੀ ਤੇ ਰਾਤ ਦੀ ਫੁਲਕਾਰੀ ਲਟਕਦੀ ਹੈ ਉਹੀ ਉਂਗਲਾਂ ਜੋ ਆਦਿ ਜੁਗਾਦਿ ਤੋਂ ਇਸ ਉਤੇ ਤਾਰਿਆਂ ਦੀਆਂ ਬੂਟੀਆਂ ਪਾ ਰਹੀਆਂ ਹਨ ਕਾਗਦ ਤੇ ਅੱਖਰ ਲਿਖ ਰਹੀਆਂ ਹਨ  –ਨਵਤੇਜ ਭਾਰਤੀ (ਪੰਨਾ 107)

ਅਜਮੇਰ ਰੋਡੇ ਦੀ ਕਵਿਤਾ ਵਿਚ ਬਹੁਤ ਵਾਰੀ ਪ੍ਰਕਿਰਤੀ ਦੇ ਬਿੰਬ ਇੰਦ੍ਰਿਆਵੀ ਬਿੰਬਾਂ ਨਾਲ ਇਕਮਿਕ ਹੋ ਕੇ ਸਹਿਜ-ਸੁਹਜ ਦੀ ਇਕ ਵੱਖਰੀ ਆਭਾ ਜਗਾਉਂਦੇ ਹਨ, ਜਿਸ ਸਦਕਾ ਕਾਵਿ-ਭਾਸ਼ਾ ਵੱਖਰੇ ਅੰਦਾਜ਼ ਵਿਚ ਤਰੰਗਤ ਹੋਣ ਲਗਦੀ ਹੈ:

ਦੋ ਚੋਟੀਆਂ ਵਿਚਕਾਰ ਖੜ੍ਹਾ ਸੂਰਜ ਸਹਿਜੇ ਸਹਿਜੇ ਅਸਤ ਹੋ ਗਿਆ ਹੈ ਦੋ ਛਾਤੀਆਂ ਵਿਚਕਾਰ ਪਿਆ ਸੰਤਰਾ ਰੁੜ੍ਹਦਾ ਰੁੜ੍ਹਦਾ ਰੁੜ੍ਹ ਗਿਆ ਹੈ ਤੇ ਨਾਭੀ ਉਤੇ ਜਾ ਕੇ ਅਲੋਪ ਹੋ ਗਿਆ ਹੈ ਕੇਵਲ ਮਹਿਕ ਬਾਕੀ ਹੈ ਜੋ ਕੂਲੀ ਢਲਾਣ ਤੋਂ ਤਿਲ੍ਹਕ ਤਿਲ੍ਹਕ ਜਾਂਦੀ ਹੈ ਵਾਪਸ ਛਾਤੀਆਂ ਵੱਲ ਚੜ੍ਹਣ ਦਾ ਯਤਨ ਕਰਦੀ ਹੈ –ਅਜਮੇਰ ਰੋਡੇ (ਪੰਨਾ 373)

ਪਰ ਦੋਵੇਂ ਕਵੀ ਬਿੰਬ ਦੇ ਸੌਂਦਰਯ-ਸਿਰਜਣ ਨਾਲ ਸਬੰੰਧਤ ਰਹਿੰਦੇ ਹਨæ ਜਦੋਂ ਉਹ ਮਿੱਥ ਨਾਲ ਸਬੰਧਤ ਕਵਿਤਾਵਾਂ ਦੀ ਸਿਰਜਨਾ ਵੀ ਕਰਦੇ ਹਨ ਤਾਂ ਡੂੰਘੀ ਤਰ੍ਹਾਂ ਅਜੋਕੀ ਨਾਰੀਵਾਦੀ ਚੇਤਨਾ ਨਾਲ ਜੁੜਦਿਆਂ ਵੀ ਉਹ ਨਾਰੀ ਦੇ ਰਹੱਸ ਨੂੰ ਬਿੰਬਸਿਰਜਣ ਦੇ ਉਪ੍ਰੋਕਤ ਅੰਤਰ ਨਾਲ ਤਲਾਸ਼ਦੇ ਹਨ। ਨਵਤੇਜ ਭਾਰਤੀ ਕਵਿਤਾ ਦੇ ਰੂਪ-ਪ੍ਰਬੰਧ ਜਾਂ ਕਾਵਿ-ਭਾਸ਼ਾ ਦੇ ਵਧੇਰੇ ਪ੍ਰਯੋਗਾਂ ਵੱਲ ਰੁਚਿਤ ਨਹੀਂ ਹੁੰਦਾ, ਸਗੋਂ ਕਵਿਤਾ ਦੀ ਆਦਿ ਅਵਸਥਾ ਦੀ ਸੁੰਦਰਤਾ ਨੂੰ ਤਲਾਸ਼ਦਾ ਹੈ। ਅਜਮੇਰ ਰੋਡੇ ਇਸ ਆਦਿ ਅਵਸਥਾ ਨੂੰ ਵੀ ਤਲਾਸ਼ਦਾ ਹੈ ਤੇ ਪੱਛਮੀ ਕਾਵਿ ਵਿਚ ਵਿਕਸਤ ਹੋਏ ਰੂਪ-ਪ੍ਰਬੰਧ ਦੇ ਪ੍ਰਯੋਗਾਂ, ਪਰਾਯਥਾਰਥਵਾਦੀ ਸ਼ੈਲੀ ਦੇ ਨੇੜੇ ਹੁੰਦਿਆਂ ਨਵੇਂ ਢੰਗ ਨਾਲ ਕਈ ਵਾਰ ਸਤਰਾਂ ਨੂੰ ਭੰਨਦਾ ਤੋੜਦਾ ਹੈ, ਬਿੰਬ-ਸਿਰਜਣ ਦੀ ਉਪ੍ਰੋਕਤ ਵਿਧੀ ਤੋਂ ਪਾਸੇ ਹਟ ਕੇ ਨਿਰੋਲ ਪਰਾਯਥਾਰਥਵਾਦੀ ਵਿਧੀ ਨੂੰ ਅਪਣਾ ਲੈਂਦਾ ਹੈ। ਕਈ ਥਾਂ ਉਹ ਨਿਰੋਲ ਕਟਾਖਸ਼ੀ ਅੰਦਾਜ਼ ਨੂੰ ਅਪਣਾ ਲੈਂਦਾ ਹੈ। ਸਮਾਜਕ ਅਹਿਸਾਸ ਉਸ ਵਿਚ ਡੂੰਘਾ ਹੋ ਜਾਂਦਾ ਹੈ। ਉਹ ਪਾਸ਼ ਦੇ ਸੱਚ ਦੀ ਦਾਦ ਦੇਣ ਲਗਦਾ ਹੈ, ਭਾਵੇਂ ਇਸ ਅੰਦਾਜ਼ ਵਿਚ ਵੀ ਉਸ ਦੀ ਮੂਲ ਪ੍ਰਤਿਬੱਧਤਾ ਕਾਵਿ ਨਾਲ ਹੀ ਰਹਿੰਦੀ ਹੈ। ਭਾਰਤੀ ਦੀ ਕਵਿਤਾ ਵਿਚ ਵੀ ਕਿਤੇ ਕਿਤੇ ਇਹ ਸਮਾਜਕ ਸਰੋਕਾਰ ਉਘੜ ਆਉਂਦੇ ਹਨ, ਪਰ ਉਸ ਦੇ ਤਣਾਉ ਵਿਚ ਮੂਲ ਪ੍ਰਤਿਬੱਧਤਾ ਉਸ ਕਾਵਿ-ਸੰਵੇਦਨਾ ਨੂੰ ਹੈ, ਜਿਸ ਨੂੰ ਅਸੀਂ ਅੰਕਿਤ ਕਰ ਆਏ ਹਾਂ, ਪਰ ਉਸ ਦੀ ਕਵਿਤਾ ਵਿਚ ਸਮਾਜਕ, ਰਾਜਸੀ ਸਰੋਕਾਰ ਗਾਇਬ ਨਹੀਂ ਹਨ:

ਮੈਂ ਜਿਸ ਪਲ ਏਥੇ ਬੈਠਾ ਇਹ ਅੱਖਰ ਉਲੀਕ ਰਿਹਾ ਹਾਂ ਉਸੇ ਪਲ ਸੋਮਾਲੀਆ ਵਿਚ ਭੁੱਖ ਨਾਲ ਤੜਪ ਵੀ ਰਿਹਾ ਹਾਂ ਦੱਖਣੀ ਅਫਰੀਕਾ ਦੀਆਂ ਜੇਲ੍ਹਾਂ ਵਿਚ ਸੜ ਵੀ ਰਿਹਾ ਹਾਂ — (ਨਵਤੇਜ ਭਾਰਤੀ)

ਸਾਥੋਂ ਜ਼ਰਾ ਜਿੰਨੀ ਵਿੱਥ ਤੇ ਪਾਸ਼ ਸੌਂ ਰਿਹਾ ਹੈ ਇਹ ਜ਼ਰਾ ਜਿੰਨੀ ਵਿੱਥ ਪਾਸ਼ ਦੇ ਹੋਠਾਂ ਤੇ ਖੇਡਦੀ ਆਖਰੀ ਮੁਸਕਾਨ ਹੈ ਜੋ ਸਾਡੇ ਵੇਖਦਿਆਂ ਵੇਖਦਿਆਂ ਯਖ ਹੋ ਗਈ ਸਾਡੀਆਂ ਮੁਸਕਾਨਾਂ ਖੁਲ੍ਹਦੀਆਂ ਖੁਲ੍ਹਦੀਆਂ ਉਸ ਵਿਚ ਕੁਲਫ਼ੀਆਂ ਦੇ ਡੱਕੇ ਬਣ ਕੇ ਗੱਡੀਆਂ ਗਈਆਂ ਇਹ ਜ਼ਰਾ ਜਿੰਨੀ ਪਾਸ਼ ਦੀ ਅਣਲਿਖੀ ਨਜ਼ਮ ਹੈ ਜਿਸ ਦੀ ਲਾਸ਼ ਹਾੜ ਸਿਆਲ ਸਾਡੀਆਂ ਰੂਹਾਂ ਸੰਗ ਸੌਂਦੀ ਹੈ — (ਅਜਮੇਰ ਰੋਡੇ)

ਇਉਂ ਇਹ ਦੋਵੇਂ ਕਵੀ ਅਜਿਹੇ ਕਾਵਿ ਦੀ ਸਿਰਜਨਾ ਕਰਦੇ ਹਨ, ਜੋ ਇਸ ਪੁਸਤਕ  ਵਿਚ ਇਕੱਠਿਆਂ ਇਕ ਵਿਰੋਧ-ਜੁਟ ਵਾਂਗ ਸਾਹਮਣੇ ਆਉਂਦਾ ਹੈ। ਦੋਨਾਂ ਕਵੀਆਂ ਦੀ ਆਪਣੀ ਆਪਣੀ ਪਹਿਚਾਣ ਵੀ ਹੈ ਤੇ ਸਿਰਜਨਾ ਦੇ ਪ੍ਰਥਮ-ਬਿੰਬ ਦੀ ਆਪਣੀ  ਪਹਿਚਾਣ, ਜਿਸ ਵਿਚ ਉਹ ਇਕ ਦੂਜੇ ਦੇ ਪੂਰਕ ਹਨ। ਮਹੱਤਵ ਇਸ ਪੂਰਕ ਸਿਰਜਨਾ ਦਾ ਹੈ। ਇਸੇ ਲਈ ਇਸ ਪੁਸਤਕ ਵਿਚ ਕੁਝ ਥਾਵਾਂ, ਭਾਸ਼ਾਵਾਂ ਤੇ ਵੱਖ ਵੱਖ ਸਮਿਆਂ ਦੇ ਦੇਸ਼ਾਂ ਦੇ ਕਵੀਆਂ ਦੀਆਂ ਕੁਝ ਉਹ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ ਹਨ, ਜੋ ਕੋਲੋ ਕੋਲ ਬੈਠੀਆਂ ਹੋਈਆਂ ਹਨ। ਇਸ ਕਾਵਿ-ਚੇਤਨਾ ਨਾਲ ‘ਲੀਲ੍ਹਾ’ ਵਿਚ ਪਿਛਲੀ ਸਦੀ ਨੂੰ ਵਿਦਾ ਆਖ ਕੇ ਨਵੇਂ ਸਹੰਸਰਾ ਵਿਚ ਪ੍ਰਵੇਸ਼ ਕੀਤਾ ਗਿਆ ਹੈ। ਇਹ ਰੂਪਾਂਤ੍ਰਣ ਵਾਪਰ ਰਿਹਾ ਹੈ ਤੇ ਇਸ ਪ੍ਰਕਿਰਿਆ ਵਿਚ ਇਸ ਕਾਵਿ-ਲੀਲ੍ਹਾ ਦਾ ਵਿਸ਼ੇਸ਼ ਮਹੱਤਵ ਬਣਦਾ ਹੈ। ਇਹ ਕਾਵਿਲੀਲ੍ਹਾ ਪਰਵਾਸੀ ਤੇ ਵਾਸੀ ਦੀਆਂ ਦੀਵਾਰਾਂ ਵੀ ਮਿਟਾਉਂਦੀ ਹੈ ਤੇ ਕਵਿਤਾ ਵਿਚ ਫੈਲੇ ਪ੍ਰਦੂਸ਼ਨ ਤੋਂ ਵੀ ਮੁਕਤ ਕਰਦੀ ਹੈ।