ਗੁਰਬਚਨ

ਰੋਡੇ ਭਰਾਵਾਂ ਦੀ ਕਾਵਿ ਲੀਲ੍ਹਾ

ਅਸਲ ਗੱਲ ਤੋਂ ਪਹਿਲਾਂ:

ਸ਼ਬਦਾਂ ਦੀ ਤਾਕਤ ਬਗ਼ੈਰ ਅੱਜ ਬੰਦਾ ਨਿਥਾਵਾਂ ਹੈ; ਮੰਡੀ ਖਪਤ ਦਾ ਕੀੜਾ ਹੈ। ਸੂਚਨਾ ਤਕਨਾਲੋਜੀ ਦੇ ਯੁੱਗ ਵਿੱਚ ਸ਼ਬਦ ਮੰਡੀ ਦਾ ਦਾਸ ਬਣ ਚੁੱਕੇ ਹਨ। ਅੱਜ ਦੇ ਸੱਭਿਆਚਾਰ ਦੀ ਸ਼ਾਹ-ਰਗ ਕਵਿਤਾ ਨਹੀਂ ਹੋ ਸਕਦੀ, ਜਿਵੇਂ ਇਹ ਹੋਇਆ ਕਰਦੀ ਸੀ। ਸੁਹਜ/ਵਿਵੇਕ ਤੋਂ ਸੱਖਣੇ ਸ਼ਬਦ, ਕਲ਼ੰਡਰ ਆਰਟ ਦਾ ਪ੍ਰਤੌ, ਨਿਤ ਦਿਨ ਲੋਕ-ਮਾਨਸ ਦੀ ਸੁਰਤੀ ‘ਤੇ ਧਾਵਾ ਬੋਲਦੇ ਹਨ ਤੇ ਉਸ ਨੂੰ ਆਪਣੇ ਅਸਲੇ ਤੋਂ ਦੂਰ ਕਰੀ ਜਾਦੇ ਹਨ। ਵਿਵੇਕੀ/ ਚਿੰਤਨੀ ਕਾਵਿ ਸ਼ਬਦਾਂ ਦੀ ਲੋੜ ਅੱਜ ਪਹਿਲਾਂ ਨਾਲੋਂ ਵੀ ਵੱਧ ਹੈ।
ਜੋ ਭਾਸਾ/ਸਭਿਆਚਾਰ ‘ਅੱਜ’ ਅਨੁਕੂਲ ਮਜ਼ਬੂਤ ਨਹੀਂ, ਉਸਦਾ ਮਨਫ਼ੀ ਦੇ ਪਹੇ ‘ਤੇ ਤੁਰਨਾ ਤੈਅ ਹੈ। ਇਸ ਨਾਲ ਜੁੜੇ ਲੋਕ ਕਬੀਲਮੁਖੀ /ਜਾਤਪਾਤੀ ਮਿੱਥਾਂ ਦੇ ਬੰਦੀ ਹੁੰਦੇ ਹਨ। ਖ਼ਾਲਿਸਤਾਨ ਦੇ ਨਾਂਅ ‘ਤੇ ਹਿੰਸਾ ਪ੍ਰਤੀਹਿੰਸਾ  ਦਾ ਜੋ ਘਮਸਾਨ ਮੱਚਿਆ ਰਿਹਾ ਉਸ ਤੋਂ ਮਿੱਥਾਂ ਦੇ ਕੈਦੀ ਪੰਜਾਬੀ ਬੰਦੇ ਦਾ ਪਤਾ ਚੱਲਦਾ ਹੈ। ਉਸ ਬੰਦੇ ਦਾ ਵੀ ਪਤਾ ਚੱਲਦਾ ਹੈ ਜਿਸ ਨੂੰ ਸ਼ਬਦ ਨਾਲੋਂ ਸ਼ਸਤਰ ਵੱਧ ਪਿਆਰਾ ਹੈ, ਜੋ ਮਾਨਸਿਕ ਤੌਰ ਤੇ ਨਿਆਸਰਾ ਹੈ। ਨਿਆਸਰੇ  ਬੰਦੇ ਨੂੰ ਹੀ ਮਿੱਥਾਂ ਦਾ ਆਸਰਾ ਹੁੰਦਾ ਹੈ। ਅਜਿਹੇ ਬੰਦੇ ਦੀ ਮੁਹਾਣ ਮੰਡੀ/ਖਪਤ ਵੱਲ ਜਾਂ ਧਰਮ ਦੇ ਜੜ੍ਹ ਹੋ ਰਹੇ ਵਰਤਾਰੇ ਵੱਲ ਹੁੰਦੀ ਹੈ। ਉਸ ਨੂੰ ਕੋਈ ਵੀ ਮਨਫ਼ੀ ਤਾਕਤ ਬੰਦੀ ਬਣਾ ਸਕਦੀ ਹੈ।

ਧਰਮ ਦੇ ਨਾਂਅ ‘ਤੇ ਪਲ੍ਹਰੀ ਸਿਆਸਤ ਤੇ ਮੰਡੀ ਦੇ ਨਾਅ ‘ਤੇ ਪੈਦਾ ਹੋਈ ਤਾਕਤ ਦਾ ਆਪਸੀ ਵਿਰੋਧ ਇਸੇ ਕਰਕੇ ਨਹੀਂ। ਦੋਵੇਂ ਬੰਦੇ ਨੂੰ ਉਸ ਦੇ ਭਾਸ਼ਕ/ਸਭਿਆਚਾਰਕ ਅਸਲ ਤੋਂ ਬੇਮੁੱਖ ਕਰਦੀਆਂ ਹਨ। ਪੰਜਾਬ ਵਿੱਚ ਨੀਲੀ ਦਸਤਾਰ ਤੇ ਕੇਸਰੀ ਧਵੱਜ ਦਾ ਸਾਂਝਾ ਸਿਆਸੀ ਮੁਹਾਜ਼ ਇਸੇ ਲਈ ਜ਼ਾਰੀ ਹੈ; ਨੀਲੀ ਦਸਤਾਰ ਪਰੋਖ ਰੂਪ ਤੇ ਕੇਸਰੀ ਧਵੱਜ ਜ਼ਾਹਿਰਾ ਤੌਰ ‘ਤੇ ਪੰਜਾਬੀ ਭਾਸਾ/ਸੱਭਿਆਚਾਰ ਦੀਆਂ ਵੈਰੀ ਹਨ।
ਭਾਸ਼ਾ/ਸੱਭਿਆਚਾਰ ਦੀ ਗਤੀ ਮਨੁੱਖੀ ਕਰਮ-ਖੇਤਰ ਦੀ ਗਤੀ ਹੈ। ਇਸਦੀ ਚੇਤਨਾ ਵਾਲਾ ਬੰਦਾ ਸੁਤੰਤਰ ਖੜ੍ਹਦਾ ਹੈ; ਵਿਸ਼ਵ ਪ੍ਰਸੰਗਾਂ ਨਾਲ ਬੌਧਿਕ ਤੌਰ ਤੇ ‘ਰੀਲੇਟ’ ਹੋਣ ਦੇ ਸਮਰੱਥ ਹੁੰਦਾ ਹੈ। ਉਹ ਜ਼ਿਹਨ ‘ਤੇ ਪਏ ਬੋਝਾਂ ਨਾਲ ਲੜ ਸਕਦਾ ਹੈ। ਚਿੰਤਨ/ਮੰਥਨ ਦੇ ਪਿੜ ਵਿਚ ਦਾਖ਼ਲ ਹੋ ਕੇ ਸੰਵਾਦ ਕਰ ਸਕਦਾ ਹੈ। ਮਨਫੀ/ਪ੍ਰਦੂਸ਼ਣ ਦੀ ਗਤੀ ‘ਚ ਠੱਲ੍ਹ ਪਾ ਸਕਦਾ ਹੈ।
ਸਾਹਿਤ/ਕਵਿਤਾ ਅਤੇ ਪਰਚੰਡ ਚਿੰਤਨ ਦੀ ਮੰਡੀ/ਖਪਤ ਨਾਲ ਜੱਦੀ ਭੇੜ ਹੈ। ਇਸਦੀ ‘ਪ੍ਰਗਤੀ’ ਦੇ ਨਾਂਅ ‘ਤੇ ਪੱਸਰੀ ਉਸ ਜੜ੍ਹ ਸੋਚ ਨਾਲ ਵੀ ਭੇੜ ਹੈ ਜੋ ਸ਼ਬਦਾਂ ਦੀ ਮਹਿਮਾਂ ਨੂੰ ਬੇਪਛਾਣ ਕਰਦੀ ਹੈ: ਇਸ ਨੂੰ ਨਿਰਾ ਸੁਹਜ/ਰੂਪ ਦੇ ਪਿੜ ‘ਚ ਲਿਆ ਖੜ੍ਹਾ ਕਰਦੀ ਹੈ। ਸਥਿਤੀ ਦੇ ਸੱਚ ਤੱਕ ਪੁਜਣ ਲਈ ਬੌਧਿਕ ਜੁਗਤਾਂ ਜਾ ਵਿਵੇਕੀ ਸੁਹਜ ਦੀ ਹੀ ਲੋੜ ਨਹੀ, ਉਨ੍ਹਾਂ ਵਿਸਥਾਰਾਂ/ਨਾਤਿਆਂ ਵੱਲ ਵੱਧਣ ਦੀ ਲੋੜ ਹੈ, ਜਿਨ੍ਹਾਂ ਵੱਲ ਲੋਕ-ਮਾਨਸ ਦਾ ਧਿਆਨ ਨਹੀਂ ਜਾਂਦਾ। ਇਨ੍ਹਾਂ ਵਿਸਥਾਰਾਂ ਤੱਕ ਪੁਜਣ ਲਈ ਵਿਵੇਕੀ ਕਾਵਿ ਸ਼ਬਦਾਂ ਵੱਲ ਪਰਤਣਾ ਪਵੇਗਾ। ਅਜਿਹੀ ਭਾਸ਼ਾ ਦੇ ਸਿਰਜਣ ਦਾ ਸਬੱਬ ਬਣਨਾ  ਉੱਤਮ ਪ੍ਰਗਤੀਸ਼ੀਲ ਕਰਮ ਹੈ।

ਅਸਲ ਗੱਲ:

ਅਜਿਹੇ ਪ੍ਰਸੰਗ ਵਿੱਚ ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੀ ਸੁਹਜ/ਵਿਵੇਕੀ ਕਾਵਿ ਸ਼ਬਦਾਂ ਦੀ ਪੋਥੀ ‘ਲੀਲ੍ਹਾ’ ਦਾ ਉਦੈ ਹੋਣਾ ਅਲੋਕਾਰ ਘਟਨਾ ਹੈ। ਕਾਵਿ ਭਾਸ਼ਾ/ਸੱਭਿਆਚਾਰ ਦੀ ਅੱਜਵੀਂ ਅਪਾਤ ਸਥਿਤੀ ਵਿੱਚ, ਸੰਭਵ ਹੈ, ਇਸ ਰਚਨਾ ਦੀ ਪਛਾਣ ਸਮਾਂ ਪਾ ਕੇ ਹੋਵੇ। ਇਹ ਗੱਲ ਪਰ ਪੱਕੀ ਹੈ ਕਿ ਦਹਾਕਿਆਂ ਤੱਕ ਪੰਜਾਬੀ ਕਵਿਤਾ ਬਾਰੇ ਗੱਲ ਇਸ ਵਿਰਾਟ ਰਚਨਾ ਦੇ ਜ਼ਿਕਰ ਬਗ਼ੈਰ ਪ੍ਰਸੰਗਕ ਨਹੀਂ ਹੋਵੇਗੀ। ਰੋਡੇ ਭਰਾਵਾਂ ਨੇ ‘ਲੀਲ੍ਹਾ’ ਰਾਹੀਂ ਕਾਵਿ ਸ਼ਬਦਾਂ ਦੀ ਤਾਕਤ ਦਾ ਬਿਗਲ ਵਾਜਇਆ ਹੈ। ਪੰਜਾਬੀ ਸਾਹਿਤ ਸੱਭਿਆਚਾਰ ‘ਚ ਇਹ ਆਪਣੀ ਕਿਸਮ ਦਾ ਵੱਢ ਹੈ। ਸੱਭਿਆਚਾਰਕ ਤਾਕਤ ਦੀ ਭੇੜ ਦੇ ਯੁਗ ਵਿਚ  ਇਸ ਪੋਥੀ ਦੀ ਅਹਿਮੀਅਤ ਅਕੱਥ ਹੈ।
ਅਹਿਮ ਸੁਆਲ ਅੱਜ ਇਹ ਹੈ: ਸ਼ਬਦਾਂ ਉਤੇ ਕਿਸ ਮਨੁੱਖ ਦਾ ਕਬਜ਼ਾ ਹੈ? ਸੱਚ ਦੀ ਤਲਾਸ਼ ਕਰਨ ਵਾਲੇ ਵਿਵੇਕੀ ਪੁਰਸ਼ ਦਾ ਜੋ ਆਪਣੀ ਭਾਸਾ/ਲਿੱਪੀ ‘ਚ ਅਖਿਰ ਬੀੜ ਕੇ ਦੂਜਿਆਂ ਨਾਲ ਨਾਤਾਬੱਧ ਹੁੰਦਾ ਹੈ ਜਾਂ ਤਕਨਾਲੋਜੀ/ਮੀਡੀਆ ਰਹੀਂ ਮੰਡੀ/ਖੱਪਤ ਦੀ ਪ੍ਰਭੁਤਾ ਸਥਾਪਤ ਕਰਨ ਵਾਲੇ ਪੂੰਜੀ ਦੇ ਪੁਤਲੇ ਦਾ, ਜੋ ਸੱਭਿਆਚਾਰਕ ਸਾਮਰਾਜ ਰਾਹੀਂ ਦੂਰ ਭੂਖੰਡਾਂ ਦੇ ਲੋਕ-ਮਾਨਸ ਦੇ ਜਿਹਨਾਂ ‘ਚ ਬਸਤੀਆਂ ਬਣਾ ਰਿਹੈ? ਇਸ ਸੁਆਲ ਦਾ ਨਾਤਾ ਅੱਜ ਨਾਲ ਹੈ, ਹਰ ਮਨੁੱਖ ਨਾਲ ਹੈ। ‘ਲੀਲ੍ਹਾ’ ਦੇ ਪਾਠ ਨਾਲ ਇਹ ਸੁਆਲ ਤੀਬਰ ਰੂਪ ਵਿਚ ਅਗਰ-ਭੂਮੀ ਵਿੱਚ ਆ ਜਾਂਦਾ ਹੈ।
ਇਸ ਕਿਤਾਬ ਨਾਲ ਨਿਆਂ ਇਸਦਾ ਜ਼ਿਕਰ ਕਰਕੇ ਜਾਂ ਇਸ ਬਾਰੇ ਲਿਖ ਕੇ ਨਹੀਂ ਹੋ ਸਕਦਾ। ਨਿਆਂ ਜ਼ਿਹਨ ਦੇ ਤਾਕ ਖੋਲ੍ਹ ਕੇ ਹਰ ਕਵਿਤਾ ਦਾ ਸਹਿਜ ਪਾਠ ਕਰਕੇ ਹੀ ਹੋ ਸਕਦਾ ਹੈæ ਨਿਰਖ ਪਰਖ ਦਾ ਕੋਈ ਤਫਸਰਾ ਇਸਦੀਆਂ ਵਿਵੇਕੀ ਤੰਦਾਂ ਦੇ ਸੁਹਜ ਜਾਲ ਤੱਕ ਪੁੱਜਣ ਦੇ ਸਮਰੱਥ ਨਹੀਂæ ਕਿਸੇ ਗ਼ੈਰ-ਮਾਮੂਲੀ ਰਚਨਾ ਦਾ ਇਹੀ ਖ਼ਾਸਾ ਹੁੰਦਾ ਹੈ। ਸ਼ਬਦ-ਨ੍ਰਿਤ ਦਾ ਅਨੂਠਾ ਰੌਸ਼ਨਈ ਰਸ ਕਵਿਤਾ ਦੇ ਪਾਠ ਰਾਹੀਂ ਉਤਪੰਨ ਜੋ ਹੁੰਦਾ ਹੈ ਅਤੇ ਜੋ ਨਵੀਂ ਸਪੇਸ ਨਾਲ ਸਾਂਝ ਪੈਦਾ ਹੁੰਦੀ ਹੈ, ਉਸ ਲਈ ਨਿਰਖ-ਪਰਖ ਦੀ ਰਵਾਇਤੀ ਭਾਸ਼ਾ ਕਾਰਗਰ ਨਹੀਂ।

ਇਕ ਤੋਂ ਵੱਧ ਪਾਠ ਉਪਰੰਤ ਖੁਦ ਸਾਹਿਤ ਪਾਰਖੂ ਨੂੰ ਆਪਣੇ ਚਿੰਤਨ ਦੇ ਭਿੱਤ ਖੁਲ੍ਹਦੇ ਮਹਿਸੂਸ ਹੁੰਦੇ ਹਨæ ਬਹੁਤ ਘੱਟ ਕਿਤਾਬਾਂ ਇੰਨੀ ਤਾਕਤ ਵਾਲੀਆਂ ਹੁੰਦੀਆਂ ਹਨ। ਪੰਜਾਬੀ ਭਾਸ਼ਾ ਨੂੰ ਅਜਿਹੀ ਕਾਵਿ ਪੋਥੀ ਦੀ ਜਿਵੇਂ ਦਹਾਕਿਆਂ ਤੋਂ ਉਡੀਕ ਸੀ। ਇਸ ਕਿਤਾਬ ਰਾਹੀਂ ਪੰਜਾਬੀ ਬੰਦਾ ਇਕੋ ਵੇਲੇ ਵਿਰਸੇ ਅਤੇ ਵਿਸ਼ਵ ਪ੍ਰਸੰਗਾਂ ਨਾਲ ‘ਰੀਲੇਟ’ ਹੁੰਦਾ ਦਿਸਦਾ ਹੈ।

‘ਲੀਲ੍ਹਾ’ ਦੀ ਟੈਕਸਟ ਉੱਤਰ-ਆਧੁਨਿਕਤਾ ਦਾ ਸਾਕਾਰ ਰੂਪ ਹੈ। ਗੱਲ ‘ਉਤਰ-ਆਧੁਨਿਕਤਾ’ ਨੂੰ ‘ਜਾਰਗਨ’ ਵਾਂਗ ਵਰਤੇ ਬਗ਼ੈਰ ਵੀ ਹੋ ਸਕਦੀ ਹੈ। ਪੰਜਾਬੀ ਬੰਦੇ ਦੀ ਉੱਤਰ ਆਧੁਨਿਕੀ ਲੀਲ੍ਹਾ ਆਪਣੀ  ਕਿਸਮ ਦੀ ਹੈ। ਪੰਜਾਬੀ ਬੰਦੇ ਦੀ ਨਿਵੇਕਲੀ ਬਣਤ/ਗਤੀ ਦੀ ਬੌਧਿਕ ਪਛਾਣ ਕਰਨ ਦੀ ਲੋੜ ਹੈ। ਕਾਵਿ-ਪੋਥੀ ‘ਲੀਲ੍ਹਾ’ ‘ਚ ਇਸ ਦੇ ਪਾਸਾਰ ਮਿਲਦੇ ਹਨ। ਬੰਦਾ, ਚਾਹੇ ਉਹ ਪਿੰਡ ‘ਚ ਹੈ ਜਾਂ ਸ਼ਹਿਰ ‘ਚ ਬਾਕੀ ਦੇ ਸੰਸਾਰ ਨਾਲ ਅਨੇਕਾਂ ਸੂਤਰਾਂ ਨਾਲ ਬੱਝਾ ਹੋਇਆ ਹੈ। ਇਹ ਨਾਤੇ ਕਿਹੋ ਜਿਹੇ ਹਨ? ਇਨ੍ਹਾਂ ਨਾਤਿਆਂ ਦੇ ਅਨੰਤ ਪਾਸਾਰ ਹਨ। ਪੰਜਾਬੀ ਕਵਿਤਾ ਇਨ੍ਹ ਪਾਸਾਰਾਂ ਤੋਂ ਏਨੀ ਦੇਰ ਦੂਰ ਕਿਉਂ ਰਹੀ ਹੈ? ਰੋਡੇ ਭਰਾ, ਆਪੋ-ਆਪਣੀ ਪ੍ਰਤੱਖਣ ਜਾਚ ਨਾਲ, ਇਨ੍ਹਾ ਦੀ ਪਛਾਣ ਜੇ ਕਰ ਸਕੇ ਹਨ ਤਾ ਪਾਰ ਦੇਸ਼ਾਂ ਦੇ ਅਣਕਿਆਸੇ ਯਥਾਰਥ ਦੀ ਥਾਹ ਪਾਉਣ ਕਰਕੇ, ਉਹ ‘ਤੁਰਦੇ ਪੈਰਾਂ ਦੇ ਸ਼ੈਦਾਈ ਹਨ; ਖੜਾਵਾਂ ਦੀ ਪੂਜਾ ਦਾ ਨਿਸ਼ੇਧ ਕਰਦੇ ਹਨ (ਖੜਾਵਾਂ  ਪੂਜਣ ਵਾਲੇ/ਤੁਰਦੇ ਪੈਰਾਂ ਦੇ ਦੁਸ਼ਮਣ ਹੁੰਦੇ ਹਨ)”।
ਤੁਰਦੇ ਪੈਰਾਂ ਵਰਗੀ ਅੱਖ ਨੇ ਕਵੀਆਂ ਨੂੰ ਆਕਾਸ਼ ਪਤਾਲ ਵਿਚਲੀ  ਅਮੁੱਕ ਲੰਮਾਈ ਦਾ ਹਮਸਫਰ ਬਣਨ ਲਈ ਕਲਪ ਮੁਹੱਈਆ ਕੀਤੇ ਹਨ। ਪਾਰ-ਦੇਸ਼ੀ ਅਨਭਵ ਦੀ ਅਜਮੇਰ ਰੋਡੇ ਦੀ ਕਵਿਤਾ ‘ਚੋਂ ਇਹ ਅੰਸ਼ ਇਸ ਗੱਲ ਨੂੰ ਗੂੜ੍ਹਾ ਕਰਦੇ ਹਨ:

ਜੇ ਤੁਸੀਂ ਇਸ ਦੇਸ਼ ਵਿਚ
ਨਵੇਂ ਆਏ ਜੋ ਜੀ ਆਇਆਂ
ਤੁਹਾਨੂੰ
ਸੁਪਨਾ ਜ਼ਰੂਰ ਆਵੇਗਾ
ਪਿੱਛੇ ਰਹੇ ਪਿੰਡ ਦਾ
ਸ਼ਹਿਰ ਦਾ ਗਲੀਆਂ ਦਾ
ਖੇਤਾਂ ਦਾ
… … … …

ਤੁਹਾਡੀ ਅੱਖ ਵਿੱਚ
ਅੱਥਰੂ
ਜ਼ਰੂਰ ਆਵੇਗਾ
ਇਸ ਅੱਥਰੂ ਨੂੰ ਰੋਕਣਾ ਨਾ
ਟਿਕਟਿਕੀ ਲਾ ਕੇ
ਇਸ ਦੇ ਅੰਦਰ ਦੇਖਣਾ

ਰੌਸ਼ਨੀ ਦੀ ਕਿਰਨ
ਇਸ ਵਿੱਚੋਂ ਲੰਘ ਗਈ ਤਾਂ
ਸਤਰੰਗੀ ਪੀਂਘ ਤੁਹਾਡੀ
ਅੱਖ ਦੇ ਪਿਛਲੇ ਪਾਸੇ ਜਾ ਪਵੇਗੀ

ਇਨ੍ਹਾਂ ਕਵੀਆਂ ਨੇ ਪੰਜਾਬੀ ਕਵਿਤਾ ਦੀ ਖੜੋਤ ਵਿਚ ਨਿਵੇਕਲੀ ਗਤੀ ਪੈਦਾ ਕਰਕੇ ਪਾਰ-ਦੇਸ਼ਾਂ ਵਿਚ ਰਚੇ ਜਾ ਰਹੇ ਸਾਹਿਤ ਵਿੱਚ ਇੱਕ ਨਵਾਂ ਬਾਬ ਜੋੜਿਆ ਹੈ। ਇਸ ਕਾਵਿ-ਪੋਥੀ ਵਰਗੀ ਰਚਨਾ ਪੰਜਾਬ ਵਿੱਚ ਰਹਿਣ ਵਾਲੇ ਕਿਸੇ ਕਵੀ ਕੋਲੋਂ ਸੰਭਵ ਨਹੀਂ ਸੀ ਹੋ ਸਕਣੀ। ਦੋਵੇਂ ਕਵੀ ਸ਼ਬਦ ਬੀੜਨ ਦੀ ਆਪੋ-ਆਪਣੀ ਵਿਧੀ ਅਨੁਸਾਰ ਇੱਕ ਅਜਿਹੀ ਕਾਵਿ ਭਾਸ਼ਾ ਦਾ ਸਿਰਜਣ ਕਰਦੇ ਹਨ ਜੋ ਪਾਰਦਰਸ਼ੀ ਸੰਚਾਰ ਸੁਭਾਅ ਕਰਕੇ ਸਰਲ/ਸਾਧਾਰਣ ਮਨੁੱਖ ਨੂੰ ਅਣਕਿਆਸੇ ਕਲਪਾਂ ਦੇ ਨਿਕਟ ਲਿਆ ਖੜ੍ਹਾ ਕਰਦੀ ਹੈ; ਜ਼ਿਹਨ ਦੇ ਬੰਦ ਤਾਕਾਂ ਨੂੰ ਖੋਲ੍ਹਣ ਦਾ ਜ਼ਰੀਆ ਬਣਦੀ ਹੈ. ਇਸ ਬੰਦੇ ਲਈ ਮਾਨਸਿਕ/ਰੂਹਾਨੀ ਵਿਸਥਾਰਾਂ ਵਾਲੀ ਪਾਰਗਾਮੀ ਸਪੇਸ ਬਹਾਲ ਕਰਦੀ ਹੈ। (ਇਹ ਸਪੇਸ ਹਰ ਮਨੁੱਖ ਦਾ ਜੱਦੀ ਵਿਰਸਾ ਹੈ)

ਰੋਡੇ ਭਰਾਵਾਂ ਦੀ ਭਾਸ਼ਾ ‘ਤੇ ਕਿਸੇ ਤਰ੍ਹਾਂ ਦਾ ਕੁਲੀਨੀ ਬੋਝ ਨਹੀਂ ਨਾ ਹੀ ਇਹ ਗੁਰੂ-ਲਿਪੀ ਨਾਲ ਜੁੜੇ ਪੰਜਾਬੀ ਬੰਦੇ ਪਰਤੀ, ਆਧੁਨਿਕਤਾ ਦੇ ਨਾਂਅ’ਤੇ ਕਵਿਤਾ ਰਚ ਰਹੇ ਅਨੇਕ ਕਵੀਆਂ ਵਾਂਗ, ਬੌਧਿਕ ਹਿਕਾਰਤ ਦਾ ਇਜ਼ਹਾਰ ਕਰਦੀ ਹੈ। ਪੰਜਾਬੀ ਵਿਚ ਬਹੁਤੇ ਕਵੀ ਇਸ ਹਿਕਾਰਤ ਕਰਕੇ ਹੀ ਨਾਰਸੀ-ਰੋਗ (ਂਅਰਚਸਿਸਸਿਮ) ਦੇ ਸ਼ਿਕਾਰ ਹਨ, ਇਹ ਮਰਜ਼ ਉਨ੍ਹਾਂ ਦੀ ਕਾਵਿ-ਭਾਸ਼ਾ ਤੋਂ ਹੀ ਪ੍ਰਗਟ ਹੋ ਜਾਂਦੀ ਹੈæ ਨਾਰਸੀ-ਰੋਗ ਹੀਣ-ਭਾਵਨਾ ਨਾਲ ਦੱਬੇ ਮੱਧਲੇ ਮਨੁੱਖ ਦੀ ਖਾਸੀਅਤ ਹੈ। ਕਵੀ ਜਦ ‘ਪਰ’ ਦਾ ਵਿਸਥਾਪਨ ਕਰੇ, ਤੇ ਆਪਣੀ ‘ਮੈਂ’ ਨੂੰ ਵਿਸਥਾਪਨ ਪ੍ਰਕਿਰਿਆ ਤੋਂ ਬਰੀ ਰੱਖੇ, ਉਹ ਨਾਰਸੀ-ਰੋਗ ਦਾ ਮਰੀਜ਼ ਹੈ। ਆਧੁਨਿਕਤਾ ਦੀ ਸੰਵੇਦਨਾ ਸਮੇਂ ‘ਮੈੰ’ ਦੀ ਮਹਿਮਾਂ ਅਪਰੰਪਾਰ ਸੀ। ਉੱਤਰ-ਆਧੁਨਿਕ ਸੰਵੇਦਨਾ ਦਾ ਪਹਿਲਾ ਕਦਮ ਬੰਦੇ ਨੂੰ ਬੌਧਿਕ/ਸਿਰਜਣ ਫਤੂਰ ਅਤੇ ਆਪੇ ਦੀ ਮਹਿਮਾਂ ਤੋਂ ਮੁਕਤ ਕਰਨਾ ਹੈ।

ਅਜਮੇਰ ਰੋਡੇ  ਦੀ ਇਸ ਕਾਵਿ ਟੁਕੜੀ ਵੱਲ ਧਿਆਨ ਦਿਓ:
ਗ੍ਰੰਥ ਵਿੱਚ
ਇੱਕ ਉਕਤੀ ਹੈ …
ਚੁੱਪ !!!
ਕਿਸੇ ਨੇ ਜ਼ੋਰ ਦੀ ਕਿਹਾ
ਉਹ ਚੁੱਪ ਹੋ ਗਿਆ
ਤੇ ਬਾਕੀ ਦੀ ਉਮਰ
ਆਪਣੇ ਆਪ ਨਾਲ
ਉੱਚੀ ਉੱਚੀ ਲੜਦਾ ਰਿਹਾ

ਨਵਤੇਜ ਭਾਰਤੀ ਦੀ ਕਵਿਤਾ ਹੈ:
ਜਦੋਂ ਤੋਂ ਮੈਂ
ਮੌਤ ਵੇਖੀ ਹੈ
ਹਰ ਹਰਕਤ
ਮੈਨੂੰ ਕ੍ਰਿਸ਼ਮਾ ਲੱਗਦੀ ਹੈ:

ਹੱਸਣਾ, ਰੋਣਾ
ਜੁੱਤੀ ਪਾਉਣਾ
ਡਰਨਾ, ਝੂਠ ਬੋਲਣਾ
… … …

ਸਹਿਜ/ਠਹਿਰਾਓ ਜਾਂ ਰਹਾਓ ਦਾ ਇਹ ਵਿਸਥਾਪਨੀ ਕਰਮ ਪੰਜਾਬੀ ਵਿਚ ਦੇਰ ਬਾਅਦ ਦੇਖਣ ਨੂੰ ਮਿਲਿਆ ਹੈ।
ਤੱਕਣ ਦੀ ਪ੍ਰਕਿਰਿਆ ਉੱਤੇ ਅਕਸਰ ਅਨੇਕਾਂ ਗਲਬੇ, ਨਿੱਜ ਦੇ ਰੁਮਾਂਸ ਦੀ ਝਿੱਲੀ ਅਤੇ ਪਰ-ਵਿਚਾਰਾਂ ਦੇ  ਬੋਝ ਹੁੰਦੇ ਹਨ। ਇਨ੍ਹਾਂ ਨੇ ਚੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤਿਆਂ ਦੇ ਅਸਲ ਨੂੰ ਰੋਲ ਕੇ ਰੱਖ ਦਿੱਤਾ ਹੈ। ਅਜਮੇਰ ਰੋਡੇ ਅਤੇ ਨਵਤੇਜ ਭਾਰਤੀ ਦੀ ਵੱਖਰਤਾ ਪਿਛਲੇ ਕੁਝ ਦਹਾਕਿਆਂ ‘ਚ  ਪਸਰੀ ਰਵਾਇਤੀ ਤੱਕਣ ਵਿਧੀ ਤੋਂ ਮੁਕਤ  ਹੋਣ ਕਰਕੇ ਹੈ।
ਚੀਜ਼ਾਂ ਨੂੰ ਉਨ੍ਹਾਂ ਦੇ ਨੰਗੇਜ਼ ਵਿਚ ਦੇਖਣ ਨਾਲ ਪਲੀਤ ਸੋਚ ਤੇ ਕਾਟਾ ਫਿਰ ਜਾਂਦਾ ਹੈ, ਸ਼ਬਦ ਉਸ ਸੇਕ ਦਾ ਸੰਚਾਰ ਕਰਨ ਲਗਦੇ ਹਨ, ਜੋ ਚੀਜ਼ਾਂ/ਸਥਿਤੀ ਦੇ ਅਸਲੇ ‘ਚੋਂ ਉਤਪੰਨ ਹੁੰਦਾ ਹੈ। ਇਸੇ ਕਰਕੇ ਨਵਤੇਜ ਦੀ ਵਿਧੀ ਬਹੁਤੇ ਪ੍ਰਸ਼ਨ ਪੁੱਛਣ ਦੀ ਨਹੀਂ; ਪ੍ਰਸ਼ਨ ਕਿਸੇ ਵਸਤ/ਸਥਿਤੀ ਬਾਰੇ ਉਦੋਂ ਪੁੱਛੇ ਜਾਂਦੇ ਹਨ ਜਦੋਂ ਬੰਦੇ ਦਾ ਉਸ ਦੇ ਆਕਾਰ/ਵਜੂਦ/ਵਿਹਾਰ ‘ਚ ਧਿਆਨ ਲੱਗਾ ਹੋਵੇ; ਉਸ ਵਸਤ/ਸਥਿਤੀ ਅਤੇ ਪ੍ਰਤੱਖਣ (ਫeਰਚeਪਟਿਨ) ਵਿਚਲੀ ਅਮੁੱਕ ਵਿੱਥ ਨੂੰ ਘਟਾਏ ਬਗੈਰ ਚੀਜ਼ਾਂ ਨੂੰ ਨਿਹਾਰਿਆ ਨਹੀਂ ਜਾ ਸਕਦਾ। ਨਿਹਾਰੇ ਬਗੈਰ ਪ੍ਰਸ਼ਨ ਕਿਵੇਂ ਪੁੱਛੇ ਜਾ ਸਕਦੇ ਹਨ? ਨਵਤੇਜ ਲਈ ਕਵਿਤਾ ਇਸ ਵਿੱਥ ਨੂੰ ਘਟਾਉਣ ਦੀ ਜੁਗਤ ਬਣ ਜਾਂਦੀ ਹੈ।
ਕਾਵਿ ਸ਼ਬਦ ਕਿਸੇ ਸੱਚ ਨੂੰ ਅੰਤਮ ਬਣਾ ਕੇ ਪੇਸ਼ ਨਹੀਂ ਕਰਦੇ। ਕਵੀ ਦੀ ਜੇਬ ‘ਚ ਕਿਸੇ ਸਥਿਤੀ ਵਿਚਾਰ ਦਾ ਚਰਮ-ਬਿੰਦੂ ਨਹੀਂ। ਉਹ ਸਥਿਤੀ ‘ਚ ਵਿਚੋਲਗੀ ਕਰ ਸਕਦਾ ਹੈ, ਤਬਦੀਲੀ ਦਾ ਜ਼ਰੀਆ ਬਣ ਸਕਦਾ ਹੈ। ਸ਼ਬਦਕਾਰ/ਚਿੰਤਕ, ਜੋ ਵਿਵੇਕੀ ਸੇਕ ਪੈਦਾ ਕਰਦਾ ਹੈ, ਉਹੀ ਉਸਦੀ ਵਿਚੋਲਗੀ ਦਾ ਕਰਮ ਹੈ। ਨਵਤੇਜ ਪੂਰਵ। ਵਿਚਾਰਾਂ ਤੋਂ ਮੁਕਤ ਕਾਇਨਾਤੀ ਰਿਸ਼ਤਿਆਂ ਦੀ ਲੀਲ੍ਹਾ  ਦੇ ਅਸਲ ਤੱਕ ਪੁੱਜਣ ਲਈ ਸ਼ਬਦਾਂ ਵੱਲ ਵਧਦਾ ਹੈ ਤੇ ਅਛੂਹ ਕੋਨਿਆਂ ਤੱਕ ਪੁੱਜਦਾ ਹੈ। ‘ਅਣਕਿਆਸੇ ਯਥਾਰਥ’ ਨੂੰ ਸਾਕਾਰ ਕਰਦਾ ਹੈæ ਅਜਮੇਰ ਮਾਨਵ ਦੇ ਮਾਨਵ ਨਾਲ ਰਿਸ਼ਤੇ ‘ਚ ਪੈਦਾ ਹੋਏ ਵਿਗਾੜ ਦੀ ਸੂਖਮ ਨਿਸ਼ਾਨਦੇਹੀ ਕਰਦਾ ਨਾਤਿਆਂ ਦੇ  ਲੁਪਤ ਸੱਚ ਨੂੰ ਅਗਰ-ਭੁਮੀ ‘ਚ ਲਿਆAਂਦਾ ਹੈ।
ਨਵਤੇਜ ਲਈ ਕਾਵਿ ਰਚਨਾ ਚੁਰਸਤੇ ‘ਚ ਦੀਵਾ ਜਗਾਉਣਾ ਹੈ; ਇਹ ਚੁਰਸਤਾ ਨਿੱਜ ਅੰਦਰਲਾ ਵੀ ਹੋ ਸਕਦਾ ਹੈ; ਬ੍ਰਹਿਮੰਡੀ ਲੀਲ੍ਹਾ ਜਾਂ ਨਿੱਤ ਵਾਪਰਦੇ ਯਥਾਰਥ ਦਾ ਚੁਰਸਤਾ ਵੀæ ਅਹਿਮੀਅਤ ਪ੍ਰਾਪਤ ਰੌਸ਼ਨੀ ਦੀ ਹੈ:

ਮੈਂ ਚੁਰਸਤੇ ਵਿੱਚ
ਦੀਵਾ ਜਗਾ ਦਿੱਤਾ ਹੈ
ਦੀਵੇ ਦਾ ਕਰਮ
ਰੌਸ਼ਨੀ ਦੇਣਾ ਹੈ
ਰਾਹ ਦੱਸਣਾ ਨਹੀਂ

ਨਵਤੇਜ  ਲਈ ਬ੍ਰਹਿਮੰਡੀ ਲੀਲ੍ਹਾ ਤੇ ਕਾਵਿ ਲੀਲ੍ਹਾ ਇਕ-ਦੂਜੇ ਦਾ ਪਰਤੌ ਹਨ। ਉਹ ਮਨੁੱਖ, ਬਨਸਪਤੀ, ਪਸ਼ੂ ਪੰਛੀਆਂ, ਹਵਾ, ਸਿਤਾਰੇ ਆਦਿ ਨੂੰ ਮਨੱਖ ਦੇ ਵਿਸਥਾਰੀ ਰੂਪ ਵਿੱਚ ਦੇਖਦਾ ਹੈæ ਜੋ ਪਾਰਗਾਮਤਾ ਦਾ  ਪਰਭਾਵ ਪੈਂਦਾ ਹੈ ਉਹ ਅਧਿਆਤਮਿਕ ਜਾਂ ਰੁਮਾਂਟਿਕ ਨਹੀਂ; ਇਹ ਸੂਫੀ/ਪੂਰਨ ਸਿੰਘੀ ਪਰੰਪਰਾ ਵਾਂਗ ਹੈ; ਅੱਜ ਦੇ ਚਿੰਤਨ ਪ੍ਰਸੰਗ ਵਿੱਚ ਇਹ ਉੱਤਰ-ਆਧੁਨਿਕੀ ਸਰਵਨਾਤੇ-ਪ੍ਰਵਾਨ ਦੀ ਬਿਰਤੀ ਦੇ ਨਿਕਟ  ਹੈ।

ਅਜਮੇਰ ਦੀ ਦ੍ਰਿਸ਼ਟੀ ਜ਼ਾਹਿਰਾ ਯਥਾਰਥ  ਅੰਦਰ ਲੁਪਤ ਗ਼ਹਿਰੀ ਜਾਂ ਜ਼ਾਹਿਰੀ ਪ੍ਰਸੰਗਾਂ ਨੂੰ ਨਵਤੇਜ ਨਾਲੋਂ ਵੱਧ ਚੇਤੰਨ ਹੋ ਕੇ ਪਛਾਣਦੀ ਹੈ। ਉਹ ਨਵਤੇਜ ਦੀ ਪਾਰਗਾਮਤਾ ਵਾਂਗ ਗ਼ੈਰ-ਪ੍ਰਸ਼ਨਾਤਿਮਕ ਨਹੀਂ। ਪਰ ਉਸ ਦੇ ਪ੍ਰਸ਼ਨ ਅਗਰ-ਭੂਮੀ ‘ਚ ਉਵੇਂ ਨਹੀਂ ਆਉਂਦੇ ਜਿਵੇਂ ਸਿਆਸੀ ਚੇਤਨਾ ਵਾਲੇ ਕਵੀ ‘ਚ ਹੁੰਦਾ ਹੈ। ਕਾਰਨ: ਅਜਮੇਰ ਸਥਿਤੀ/ਵਸਤ/ਜੀਵ ਦੇ ਆਪਸੀ ਰਿਸ਼ਤਿਆਂ ਦੀ ਅਵਚੇਤਨੀ ਫੋਲਾਫਾਲੀ ਕਰਦਾ ਹੈ। ਉਹ ਸਿਆਸੀ ਸੁਚੇਤ ਨਾਲੋਂ ਸਿਆਸੀ ਅਵਚੇਤਨ ਦੇ ਵੱਧ ਨਿਕਟ ਹੈ। ਉਸ ਵਿਚ ਵਿਗਿਆਨੀ ਵਾਲੀ ਨੀਝ ਤੇ ਕਵੀਆਂ ਵਾਲਾ ਵਿਵੇਕ ਹੈ। ਉਸ ਦੀ ਹਰ ਉਕਤੀ ਵਿੱਚ ਨਵਤੇਜ ਭਾਰਤੀ ਵਾਂਗ ਹੀ, ਸਹਿਜ/ਸੰਤੁਲਨ ਹੈ। ਦੋਵੇਂ ਕਵੀ ਆਪਣੀ ਮਿੱਥੀ ਸੂਖਮ/ਸੁਹਜ ਦੀ ਰੇਖਾ ਤੋਂ ਲਾਂਭੇ ਨਹੀਂ ਜਾਂਦੇ।

ਇਨ੍ਹਾਂ ਕਵੀਆਂ ਦੇ ਸ਼ਬਦਾਂ ਦੀ ਧੁਨੀ/ਦਿੱਖ ਹੀ ਅਹਿੰਸਕ ਨਹੀਂ, ਇਨ੍ਹਾਂ ਰਾਹੀਂ ਪੈਦਾ ਹੋਈ ਸਪੇਸ ਵੀ ਅਹਿੰਸਾ/ਮੁਹੱਬਤ ਅਤੇ ਸੁਪਨਿਆਂ ਦਾ ਪੈਗ਼ਾਮ ਬਣਦੀ ਹੈ। ਹੋ ਸਕਦਾ ਹੈ ਕਈਆਂ ਨੂੰ ਇਹ ਗੱਲ, ਜਾਂ ਉਹਨਾਂ ਦੀ ਉਤਮ ਸੁਹਜ/ਸੂਖਮਤਾ, ਧਿਰਾਂ ਦੀ ਖਹਿਬਾਜ਼ੀ ਤੋਂ ਮੁਕਤ ਲੱਗੇ। ਪਰ ਨਵਤੇਜ ਤੇ ਅਜਮੇਰ ਦੋਵਾਂ ਵਿਚ ਮਾਨਵ ਲਈ ਅਨੰਤ ਹਮਦਰਦੀ ਤੇ ਸ਼ੁਭਚਿੰਤਨੀ ਭਾਵਨਾ ਹੈ।
ਅਜਮੇਰ ਦੀ ਸ਼ਕਤੀ ਸਥਿਤੀ ਦੀ ਵਿਵੇਕੀ/ਗਹਿਰੀ ਪਛਾਣ ਅਤੇ ਇਸ ਨੂੰ ਲਾਸਾਨੀ ਸ਼ਬਦ ਸੰਵੇਦਨਾ ‘ਚ ਬੰਨ੍ਹਣ ਕਰਕੇ ਹੈ। ਇਹ ਸਹਿਜ ਤੇ ਪਾਰਦਰਸ਼ੀ ਢੰਗ ਨਾਲ ਹੁੰਦਾ ਹੈ। ਅਰਥ ਇਕ ਤਰੰਗ ਵਾਂਗ ਉਦੈ ਹੁੰਦੇ ਹਨ। ਬੁਧ-ਵਿਵੇਕ ਤੇ ਸੁਹਜ ਦਾ ਬੇਨੁਕਸ ਸਮਨਵਯ ਕਦੇ-ਕਦਾਈਂ ਲਭਦਾ ਹੈ। ਕਵੀ ਦੀ ਭਾਸ਼ਕ ਸੰਵੇਦਨਾ ਪੰਜਾਬੀ ਵਿੱਚ ਉਕਾ ਨਕੋਰ/ਨਿਆਰੀ ਹੈ। ਇਸਦਾ ਨਾਤਾ ਵਿਸ਼ਵ ਮਨੁੱਖ ਦੇ ਸ਼ੁੱਭਚਿੰਤਨੀ/ਮਾਨਵੀ  ਆਕੀਦਿਆਂ ਨਾਲ ਹੈ। ਰੋਡੇ ਦੇ ਆਕੀਦੇ ਨਵਤੇਜ ਭਾਰਤੀ ਵਾਂਗ ਦਰਵੇਸ਼ੀ ਸੁਭਾਅ ਦੇ ਨਹੀਂ।
ਕਵੀ ਜਿਸ ਸਥੂਲ ਸਥਿਤੀ ਨੂੰ ਕਾਵਿ ਵਿੱਚ ਬਿੰਬਤ ਕਰਦੇ ਹਨ, ਜੋ ਅਜਮੇਰ ਦੀ ਕਵਿਤਾ ਦਾ ਖਾਸਾ ਹੈ, ਉਸਦੀ ਅਸਲੀਅਤ ਦਾ ਖੁਰਦਰਾਪਣ ਸੁਹਜ/ਸੂਖਮਤਾ ਕਰਕੇ ਮਿਟ ਜਾਂਦਾ ਹੈ। ਇਹ ਗੱਲ ਕਵਿਤਾ ‘ਚੋਂ ਸਪਾਟ/ਚੇਤਨ ਸਿਆਸੀ ਸੁਨੇਹੇ ਦੀ ਤਵੱਕੋ ਰੱਖਣ ਵਾਲਿਆਂ ਨੂੰ ਅਕਸਰ ਪ੍ਰਵਾਨ ਨਹੀਂ ਹੁੰਦੀ, ਪਰ ਕੁਝ  ਇੱਕ ਕਵਿਤਾਵਾਂ ਵਿੱਚ ਅਜਮੇਰ ਆਪਣੇ ਮਿਥੇ ਸੰਜਮ ਤੋਂ ਪਾਰ ਜਾਣ ਦੀ ਜੁਰਅਤ ਵੀ ਕਰਦਾ ਹੈ, ਜਿਵੇਂ ਇਸ ਕਵਿਤਾ ਵਿਚ:

ਤੇਰੀ ਭੇਟਾ ਲਈ ਮੇਰੇ ਬੁਕ ਵਿੱਚ
ਅਜ ਚੰਬੇਲੀ ਦੇ ਫੁੱਲ ਨਹੀਂ

ਉਸ ਬਾਲ ਦੀ ਵਿਲਕਣੀ ਹੈ
ਜੋ ਕਲ੍ਹ ਰੋਟੀ ਦੀ ਗ੍ਰਾਹੀ ਮੰਗਦਾ
ਮੰਗਦਾ ਠੰਢਾ ਹੋ ਗਿਆ

ਇਹ ਭੇਟਾ ਹੈ ਜੋ ਹਰ ਕੋਈ
ਸਵੀਕਾਰ ਨਹੀਂ ਕਰਦਾ ਤੇ ਮੇਰੇ
ਜੁੜੇ ਹੱਥ ਸੁਤੰਤਰ ਨਹੀਂ ਹੁੰਦੇ

ਜੇ ਮੈਂ ਇਹ ਵਿਲਕਣੀ ਤੇਰੇ ਸਾਹਮਣੇ
ਢੇਰੀ ਨਾ ਕੀਤੀ ਤਾਂ ਮੇਰੇ ਹੱਥਾਂ ਵਿੱਚੋਂ
ਲਾਟਾਂ ਨਿਕਲ ਪੈਣਗੀਆਂ ਤੇ
ਮੇਰੇ ਵਸਤਰਾਂ ਨੂੰ ਸਾੜ ਦੇਣਗੀਆਂ

ਜਿਨ੍ਹਾਂ ਨਾਲ ਮੈਂ
ਵਿਲਕਦਾ ਬੱਚਾ ਦੇਖ ਕੇ ਅੱਖਾਂ
ਢਕ ਲਈਆਂ ਸਨ

ਜੇ ਮੈਂ ਲਾਟਾਂ ਵਿਚ ਲਿਪਟਿਆ
ਨੰਗ ਧੜੰਗਾ ਸ਼ੁਦਾਈਆਂ ਵਾਂਗ ਨੱਸਦਾ
ਤੇਰੇ ਮੰਦਰਾਂ ਵਿੱਚ
ਮੋਏ ਬੱਚੇ ਦੀ ਵਿਲਕਣ ਸੁਟਦਾ ਫਿਰਿਆ
ਤਾਂ ਫੇਰ ਆਪਣਾ ਨਿਰਾਦਰ ਨਾ ਸਮਝੀਂ

ਕਈ ਕਵੀ ਹੁੰਦੇ ਹਨ ਜੋ ‘ਪਰ’ ਧਿਰ ਨੂੰ ਆਕ੍ਰੋਸ਼ੀ ਢੰਗ ਨਾਲ ਪਰਿਭਾਸ਼ਤ ਕਰਦੇ ਹਨ। ਅਜਮੇਰ+ਨਵਤੇਜ ਦੀ ਵਿਧੀ ਅਜਿਹੀ ਨਹੀਂ। ਨਵਤੇਜ ਵਿਚ ਪਰ ਧਿਰ ਦੀ ਪਛਾਣ ਨਹੀ: ਅਜਮੇਰ ਵਿੱਚ ਇਹ ਪਰੋਖ ਸੰਕੇਤ ਰਾਹੀਂ ਅਲਪ ਦਿਸਦੀ ਹੈ। ਇਹ ਇਨ੍ਹਾਂ ਕਵੀਆਂ ਦੀ ਸੰਵੇਦਨਾ ਦਾ ਅਨਿਵਾਰੀ ਸੰਜਮ ਹੈ, ਉਹ ਆਪਣੇ ਸੰਜਮ ਨੂੰ ਭੰਗ ਕਰਨ ਵਾਲੇ ਕਵੀ ਨਹੀਂ। ਇਸੇ ਵਿੱਚ ਉਨ੍ਹਾਂ ਦੀ ਪ੍ਰਮਾਣਿਕਤਾ ਦੇ ਬੀਜ ਹਨ। ਇਸ ਪ੍ਰਮਾਣਿਕਤਾ ਰਾਹੀਂ ‘ਲੀਲ੍ਹਾ’ ਪ੍ਰਤੀਬੱਧ ਸਿਆਸੀ ਕਾਵਿ ਅੱਗੇ ਸੁਹਜ/ਸੂਖਮਤਾ ਦਾ ਮਾਡਲ ਹਾਜ਼ਰ ਕਰਦੀ ਹੈ।

2

ਆਪਣੇ ਆਦਿ/ਅੰਤ ਰੂਪ ‘ਚ ਮਨੁੱਖ ਸਭਿਆਚਾਰਕ ਜੀਵ ਹੈ। ਮੰਡੀ/ਖਪਤ ਦੇ ਵਰਤਾਰੇ ਨੇ ਉਸ ਨੂੰ ਆਰਥਿਕ ਮਨੁੱਖ ਵਿਚ ਤਬਦੀਲ ਕਰਕੇ  ਹੀਣਾ ਕੀਤਾ ਹੈ। ਅਜਿਹੀ ਸਥਿਤੀ ‘ਚ ਜੋ ਮਾਨਵੀ ਸਪੇਸ ਇਸ ਪੋਥੀ ਵਿਚੋਂ ਉਦੈ ਹੁੰਦੀ ਹੈ ਉਸ ਦਾ ਅਸਲ ਕਵਿਤਾ ਵਰਗਾ ਹੈ–ਗਹਿਰਾ, ਸੁੰਦਰ,ਅਚੰਭਾ ਪੈਦਾ ਕਰਨ ਵਾਲਾ।
‘ਲੀਲ੍ਹਾ’ ਦਾ ਪਾਠ ਸੋਚ ਨੂੰ ਕਾਵਿਕ ਸੇਕ ਨਾਲ ਮਘਾਂਦਾ ਹੈ। ਅਜਮੇਰ/ਨਵਤੇਜ ਸਿਰਫੰ ਕਵੀ ਬਣੇ ਰਹਿਣ ਲਈ ਜਾਂ ਨਿਜੀ ਪਛਾਣ ਨੂੰ ਗੂੜ੍ਹਾ ਕਰਨ ਲਈ ਸ਼ਬਦ ਨਹੀਂ ਬੀੜਦੇ। ਉਹ ਗੁਰੂ ਲਿਪੀ ਅੱਖਰਾਂ ‘ਚ ਰਚੇ ਕਾਵਿ ਸੰਬਦਾਂ ਨੂੰ ਕਾਇਨਾਤੀ ਪ੍ਰਸੰਗਾਂ ਨਾਲ ਨਾਤਾਬਧ ਕਰਕੇ ਸੰਬਦਾਂ ਦੀ ਮਹਿਮਾ ਪੱਕੀ ਕਰਦੇ ਹਨ;  ਸੰਬਦਾਂ ਨੂੰ  ਨਵੇਂ ਰਿਸੰਤਿਆਂ ਦੇ ਪਹੇ ‘ਤੇ ਲਿਆ ਖੜਾ ਕਰਦੇ ਹਨ।
ਹਰ ਬਿੰਦੂ ਨਵੇਂ ਰਿਸ਼ਤਿਆਂ ਨਾਲ ਬੱਝਣ ਲਈ ਤਿਆਰ/ਤਤਪਰ ਹੁੰਦਾ ਹੈ। ਅਜਮੇਰ/ਨਵਤੇਜ ‘ਚ ਜ਼ਾਹਿਰ  ਦੇ ਆਰ-ਪਾਰ ਦੇ ਨਾਤੇ ਘੋਖਣ ਦੀ ਜਗਿਆਸਾ ਹੈ। ਕਿਸੇ ਵਸਤ/ਸਥਿਤੀ ਨੂੰ ਅਣਕਿਆਸੇ  ਕੋਨਾਂ ਤੋਂ ਤਕਣਾ ਕਰਤਾਰੀ ਕਾਰਜ ਹੈ;  ਨਵੇਕਲੀ ਤੱਕਣੀ ਦੀ ਤਾਂਘ ਅਜਮੇਰ ‘ਚ ਚੋਖੀ ਹੈ ਜੋ ਚਿੰਤਨੀ ਨੀਝ ਦੀ ਦੇਣ ਹੈ। ਇਹ ਨੀਝ ਸੰਬਦਾਂ ਨੂੰ ਨਰੋਈ ਸੰਕਤੀ ਦੇਂਦੀ ਹੈæ ਵਸਤ, ਜੀਵ ਜਾਂ ਸਥਿਤੀ  ਕਲਪਾਂ ਦੀ ਛੋਹ ਨਾਲ  ਨਵੀਂ ਗਤੀ ਵਿਚ ਪ੍ਰਗਟ ਹੋਣ ਲੱਗਦੀ  ਹੈ।
ਨਵਤੇਜ ਜੀਵਨ ਲੀਲ੍ਹਾ ਵਿਚਲੇ  ਅਨੂਠੇਪਣ ਦੀ ਪਛਾਣ ਕਰਦਾ ਹੈ। ਅੱਜ ਬੰਦਾ ਬ੍ਰਹਿਮੰਡੀ ਨਾਤਿਆਂ ਨੂੰ ਬੇਪਛਾਤਾ ਕਰ ਕੇ ਭਿੱਤਾਂ ਦੇ ਅੰਦਰ ਗੁਆਚਾ ਹੁੰਮਸ ਦਾ ਸਿੰਕਾਰ ਹੈ। ਸੰਬਦਾਂ ਤੋਂ ਦੂਰ ਹੋਇਆ ਇਹ ਬੰਦਾ ਦਰਵਾਜੇ ‘ਤੇ ਸੂਰਜੀ ਰੋਸ਼ਨੀ ਦੀ ਦਸਤਕ ਸੁਣਨ/ਦੇਖਣ ਤੋਂ ਖਾਰਜ ਹੈ। ਇਹ ਮਾਨਵੀ ਨਾਤਿਆਂ ‘ਚ ਪੈਦਾ ਹੋਏ ਵਿਗਾੜ ਕਰਕੇ ਹੈ। ਕਵੀ ਦੀ ਨਿਗ੍ਹਾ ‘ਚ ਪ੍ਰਕ੍ਰਿਤੀ ਨਾਲ ਮਾਨਵ ਦਾ ਨਾਤਾ ਇਵੇਂ ਹੈ ਜਿਵੇਂ ਕਵਿਤਾ ‘ਚ ਇਕ ਸ਼ਬਦ ਦਾ ਦੂਜੇ ਸ਼ਬਦ ਨਾਲ ਨਾਤਾ ਹੁੰਦਾ ਹੈ। ਮਨੁੱਖ ਤੇ ਪ੍ਰਕ੍ਰਿਤੀ  ਦੀ ਅਨੂਠੀ ਸੰਰਚਨਾ ‘ਚ  ਅਥਾਹ ਗਤੀ ਹੈ। ਇਹ ਸੰਰਚਨਾ ਭੰਗ ਹੋ ਰਹੀ ਹੈæ ਮਨੁੱਖ ਇਸ ਗਤੀ ਤੋਂ ਦੂਰ ਅਲਪ ਦੌੜਾਂ ‘ਚ ਲੋਪ ਹੁੰਦਾ ਜਾ ਰਿਹੈ। ਅਜਿਹੇ ਆਕੀਦਿਆਂ ਵਾਲਾ ਕਵੀ  ਕਲਪਾਂ ਨੂੰ ਕਾਇਨਾਤੀ ਵਿਸਥਾਰਾਂ ‘ਚ ਖੁੱਲ੍ਹਾ ਛੱਡਦਾ ਹੈ ਤਾਂ ਮੱਧਮ ਰੋਸ਼ਨੀਆਂ ਜੀਵੰਤ ਹੋ ਉਠਦੀਆਂ ਹਨ।

ਜਿਸ ਕਰਤਾਰੀ ਬਿੰਦੂ ਤਕ ਇਹ ਕਵੀ ਪੁੱਜਦੇ ਹਨ ਉਸ ਤਕ ਪੁੱਜਣ ਲਈ ਨਵੇਂ ਬੌਧਿਕ ਖਿਤਿਜਾਂ ਨਾਲ ਸੰਵਾਦ ਕਰਨਾ ਅਨਿਵਾਰੀ ਹੈ। ਅਜਿਹਾ ਸੰਵਾਦ ਅਜਮੇਰ ਦੀ ਕਵਿਤਾ ਦਾ ਮੁੱਖ ਆਧਾਰ ਹੈ। ਇਸ ਸੰਵਾਦ ਰਾਹੀਂ ਦੋਵੇਂ ਕਵੀ ਮਿੱਥਾਂ ਦਾ ਭੰਜਣ ਤੇ ਸਥਾਪਣ ਦਾ ਵਿਸਥਾਪਣ ਕਰਦੇ ਹਨ।  ਅਜਿਹੇ ਸੰਵਾਦੀ ਕਲਪ ਹੋਰ ਕਵੀਆਂ ‘ਚ ਵੀ ਮਿਲਦੇ ਹਨ ਪਰ ਜਿਸ ਬੁਲੰਦ ਵਿਵੇਕੀ ਸੁਹਜ ਤੇ ਸੂਖਮ ਸ਼ਿੱਦਤ ਨਾਲ ‘ਲੀਲ੍ਹਾ’ ਦੀਆਂ ਕਵਿਤਾਵਾਂ ਦਾ ਰਚਣ ਹੋਇਆ ਹੈ ਉਹ ਇਸ ਦੌਰ ‘ਚ ਲਗਪਗ ਅਲੱਭ ਰਿਹਾ ਹੈ।

ਨਵਤੇਜ ਵਿਚ ਕਾਵਿ ਸੰਬਦ ਸੁੱਚੇ ਵਿਵੇਕ ਦਾ ਰੂਪ ਧਾਰਣ ਕਰਦੇ ਹਨ। ਅਜਮੇਰ ਕਈ ਵੇਰ ਸਰੋਦੀ  ਸੁਹਜ ਨਾਲ ਲੈਸ ਵਿਕੋਲਿਤ੍ਰੀਆਂ ਖੂੰਦਰਾਂ ਕੁਰੇਦਦਾ ਹੈ। ਉਸਦੇ ਸ਼ਬਦਾਂ ਦੀ ਬਣਤ ਅਣਕਿਆਸੇ/ਅਦ੍ਰਿਸ਼ਟ ਯਥਾਰਥ ਨੂੰ ਸਾਕਾਰ ਕਰਦੀ ਹੈ ਜਿਵੇਂ ਕਵੀ ਖੁਦ ਇਸ ਸਾਕਾਰਤਾ ਨੂੰ ਦੇਖ ਚਕ੍ਰਿਤ ਹੋ ਗਿਆ ਹੋਵੇ। ਅਜਿਹਾ ਨਿਰਾ ਕਵਿਤਾ ਦੀ ਤਲਾਸੰ ਨਾਲ ਨਹੀਂ ਵਾਪਰਦਾ; ਤਲਾਸੰ ਉਸ ਅਣਕਿਆਸੀ ਸਪੇਸ ਦੀ ਵੀ ਹੁੰਦੀ ਹੈ ਜਿਸ ਨੂੰ ਛੁਹ ਕੇ ਜਿੰਹਨ ਅੰਦਰ ਕੁਝ ਨਵਾਂ ਬਿੰਬਤ ਹੋਣ ਲੱਗਦਾ ਹੈ। ਬੁਲੰਦ ਕਵਿਤਾ ਦਾ ਇਹੀ ਖਾਸਾ ਹੈ। ਕਵਿਤਾ ਵਿਚ ਇਕ ਸੰਬਦ ਦੂਜੇ ਸੰਬਦ ਲਈ ਸੂਖਮ ਸਪੇਸ ਤਿਆਰ ਕਰੀ ਜਾਂਦਾ ਹੈ; ਵਿਚਲੀ ਵਿੱਥ ਕਰਤਾਰੀ ਸੇਕ ਨਾਲ ਭਰਨ ਲਗਦੀ ਹੈ। ਕਵਿਤਾ ਦਾ ਲਿਖਣਾ ਤੇ ਪਾਠਕ ਦਾ ਇਸ ਨੂੰ ਪੜ੍ਹਨਾ ਸਾਂਝੇ ਤੌਰ ‘ਤੇ ਅਨੂਠੇ ਅਨੁਭਵ ਦਾ ਹਮਸਫੰਰ ਬਣਨਾ ਹੈ। ਪਾਠਕ ਅਰਥਾਂ ਤਕ ਪੁਜਦਿਆਂ ਅਰਥਾਂ ਤੋਂ ਪਾਰ ਦੇ  ਪ੍ਰਿਜ਼ਮੀ ਜਲੌ ਦੇ ਨਿਕਟ ਖੜ ਜਾਂਦਾ ਹੈ। ਕਵਿਤਾ ਜਦ ਐਸਾ ਕਰਨ ਦੇ ਸਮਰੱਥ ਹੋ ਜਾਵੇ ਤਾਂ ਉਸ ਦੀ ਅਕੱਥ ਤਾਕਤ ਬਹਾਲ ਹੋ ਜਾਂਦੀ ਹੈ, ਅੱਜ ਦੇ ਵਿਪ੍ਰੀਤ ਯੁਗ ਵਿਚ ਵੀ।

ਅਜਿਹੇ ਕਾਵਿ ਵਿਚ ਖੁਦ ਸੰਬਦ ਕਵੀ ਵਾਂਗ ਪੈਦਾ ਹੋ ਰਹੀ ਸਥਿਤੀ ਦਾ ਚਿੰਤਨ/ਮਨਨ ਕਰਨ ਲਗਦੇ ਹਨ। ਕਵੀ ਸੰਬਦਾਂ ਦੀ ਰਚਣ ਪ੍ਰਕ੍ਰਿਆ ਦਾ ਸਰੋਤ ਨਹੀਂ ਰਹਿ~ਦਾ, ਸਬੱਬ ਬਣ ਜਾਂਦਾ ਹੈ। ਮਹਿਮਾ ਕਵੀ ਦੀ ਨਹੀਂ, ਕਾਵਿ ਭਾਸ਼ਾ ਦੇ ਅਮੁੱਕ ਵਹਾਅ ਦੀ ਹੁੰਦੀ ਹੈ। ਕਵੀ ਨਾਲੋਂ ਰਚਨਾ ਦਾ ਬਿੰਬ ਵੱਧ ਗੂੜ੍ਹਾ ਹੁੰਦਾ ਹੈ। ਨਿੱਜ ਦੀ ਮਹਿਮਾ ਵਾਲਾ ਕੋਈ ਆਕੀਦਾ ‘ਲੀਲ੍ਹਾ’ ‘ਚ ਰੜਕ ਨਹੀਂ ਬਣਦਾ। ਇਹ ਮੁਬਾਰਕ ਗੱਲ ਹੈ। ਪੰਜਾਬੀ ਵਿਚ ਅਕਸਰ ਅਜਿਹਾ ਨਹੀਂ ਹੁੰਦਾ। ਜਿਕਰ ਲੇਖਕ ਦਾ ਹੁੰਦਾ ਰਹਿੰਦਾ ਹੈ, ਰਚਨਾ ਲੋਪ ਹੋ ਚੁੱਕੀ ਹੁੰਦੀ ਹੈ। ਨਿਜੀ ਬਿੰਬ ਲਈ ਤੜਪ ਨੇ ਪੰਜਾਬੀ ਸਾਹਿਤ ਸਭਿਆਚਾਰ ਨੂੰ ਪ੍ਰਦੂਸ਼ਤ ਕੀਤਾ ਹੋਇਆ ਹੈ। ‘ਲੀਲ੍ਹਾ’ ਇਸ ਬਿਰਤੀ ‘ਤੇ ਕਾਟਾ ਫੇਰਦੀ ਹੈ। ਕਵੀ ਲਈ ਗੈਰ-ਚਿੰਤਨੀ ‘ਮੈਂ’ ਘਾਤਕ ਹੁੰਦੀ ਹੈ। ਮੰਡੀ/ਖਪਤ ਦੀ ਸ਼ਿਸ਼ਤ ਅਜਿਹੀ ‘ਮੈਂ’ ਨੂੰ ਪਹਿਲਾਂ ਹਜਮ ਕਰਦੀ ਹੈ। ‘ਮੈਂ’ ਨੂੰ ਬਚਾਣ ਲਈ ਕਵੀ ਰੁਮਾਂਸ ਦਾ ਸਹਾਰਾ ਲੈਂਦਾ ਹੈ। ਰੁਮਾਂਸ ਸੰਬਦਾਂ ਦੇ ਨਸ਼ਤਰੀ ਅਸਲ ‘ਤੇ ਚੜ੍ਹੀ ਝਿੱਲੀ ਹੈ। ਪੰਜਾਬੀ ਕਵੀ ਬਹੁਤ ਦੇਰ ਤਕ ਇਸ ਝਿੱਲੀ ਦੀ ਮਾਰ ਹੇਠ ਰਹੇ। ਬਾਦ ਵਿਚ ਤਰੰਨਮੀ ਰੁਦਨ ਦੇ ਕੈਦੀ ਬਣ ਗਏ। ਚੀਜਾਂ ਦਾ ਸਿੱਧਾ ਸਾਹਮਣਾ ਕਰਨ ਦੀ ਜਗ੍ਹਾ ਸਥਿਤੀ ਦੇ ਅਸਤਿ ਦੀ ਅਲਖ ਜਗਾਂਦੇ ਰਹੇ। ਨਿੱਕ-ਮਧਲੇ ਬੰਦੇ ਦੇ ਅਜਿਹੇ ਰੁਮਾਂਸ ਨੇ  ਕਾਵਿ ਭਾਸ਼ਾ ਨੂੰ ਮੁਕਤ ਨਹੀਂ ਹੋਣ ਦਿੱਤਾ। ਇਹ ਆਪਣੀ ਕਿਸਮ ਦਾ ਪ੍ਰਦੂਸ਼ਣ ਹੈ। ਹਰ ਪ੍ਰਦੂਸ਼ਣ ਮਨੁੱਖ ਨਾਲ ਵਾਪਰੀ ਹਿੰਸਾ ਹੈ। ਮਨੁੱਖੀ ਸੁਪਨੇ ਦਾ ਨਿਸ਼ੇਧ ਹੈ। ਸੱਚ/ਸੁੱਚ ਦੇ ਕਲਪਾਂ ਦੀ ਮਨਫੀ ਹੈ। ਮਨੁੱਖ ਨੇ ਆਪਣੀ ਹਉਂ ਤੇ ਤਾਕਤ ਦੀ ਹਿੰਸਕ ਬਿਰਤੀ ਰਾਹੀਂ ਬਨਸਪਤੀ, ਪਸ਼ੂ, ਪੰਛੀਆਂ ਨਾਲ ਗੁਣਗੁਣਾਂਦੀ ਪ੍ਰਕ੍ਰਿਤੀ ਵਿਚ ਚੋਖਾ ਵਿਗਾੜ ਫੈਲਾਇਆ ਹੈ। ਇਹ ਵਿਗਾੜ ਸੰਬਦਾਂ ਦੇ ਪਿੜ ਵਿਚ ਵੀ ਜਾਰੀ ਹੈ। ‘ਲੀਲ੍ਹਾ’ ਦਾ ਕਵਿਤਾ-ਦਰ-ਕਵਿਤਾ ਦਾ ਸਿਲਸਿਲਾ ਇਸ ਹਿੰਸਾ ਦੇ ਵਿਰੋਧ ਵਿਚ ਪੈਦਾ ਹੋਈ ਆਵਾਜ਼ ਹੈ। ਪ੍ਰਤੱਖ ਇਹ ਵੀ ਹੁੰਦਾ ਹੈ ਕਿ ਕਾਵਿ-ਕਲਪਾਂ ਦਾ ਖਜੰਾਨਾ ਅਮੁੱਕ ਹੈæ ‘ਅਨੰਤਤਾ’ ਕਿਸੇ ਵੀ ਮਾਨਵੀ ਸ਼ੈਅ ਨਾਲ ਜੇ ਜੁੜ ਸਕਦੀ ਹੈ ਤਾਂ ਉਹ ਕਾਵਿ-ਕਲਪਾਂ ਨਾਲ ਜੁੜਨੀ ਸੰਭਵ ਹੈ। ਇਹ ਕਲਪ ਸਮੂੰਹ ਲੋਕ-ਮਾਨਸ ਦੇ ਅਵਚੇਤਨ ਦਾ ਹਿੱਸਾ ਬਣ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਦੇ ਜਾਪੁ ਸਾਹਿਬ ਵਿਚ ਅਨੰਤ ਸਰੂਪਾਂ ਤੇ ਆਕਾਸੰੀ ਵਿਸਥਾਰਾਂ ਵਾਲਾ ਜੋ ਪ੍ਰਭੂ ਦਾ ਬਿੰਬ ਪੈਦਾ ਹੁੰਦਾ ਹੈ ਉਹ ਕਾਵਿ ਕਲਪਾਂ ਦੀ ਦੇਣ ਹੈ। ਪੰਜਾਬੀ ਕਾਵਿ ਅਜਿਹੇ ਕਲਪਾਂ ਨਾਲ ਭਰਪੂਰ ਹੈ। ਇਹ ਪੰਜਾਬੀ ਬੰਦੇ ਦਾ ਵਿਰਸਾ ਹੈ। ਇਸ ਵਿਰਸੇ ਨਾਲ ਜੁੜ ਕੇ ਤਲਾਸੰ ਕਰਨ ਵਾਲੇ ਲਈ ਨਵੇਂ ਪਾਸਾਰਾਂ ਦਾ ਰਸਤਾ ਵੀ ਖੁਲ੍ਹ ਜਾਂਦਾ ਹੈ। ਰਿਸੰਤਿਆਂ ‘ਚ ਬੱਝ ਕੇ ਨਵੇਂ ਪਾਸਾਰ ਜੋ ਖੁਲ੍ਹਦੇ ਹਨ ਉਸ ਕਰਕੇ ਹੀ ਕਾਵਿ ਸੰਬਦ ਦੀ ਮਹਿਮਾ ਹੈ।

ਨਵਤੇਜ ਦੀ ਬਿਰਤੀ ਇਸ ਮਹਿਮਾ ਨੂੰ ਦ੍ਰਿੜ੍ਹ ਕਰਨ ‘ਚ ਲੱਗੀ ਹੋਈ ਹੈ। ਰਵਾਇਤੀ ਸਰੋਦ ਨੂੰ ਨਵੇਂ ਵਿਚਾਰ-ਅਣੂਆਂ ਨਾਲ ਨਾਤਾਬਧ ਕਰਕੇ ਦਿਲਚਸਪ ਸੰਰਚਨਾ ‘ਚ ਬੰਨ੍ਹਣ ਦਾ ਅਜਮੇਰੀ ਕਸਬ ਹੁਲਾਰੇ ਵਾਲਾ ਹੈ। ਉਸਦੇ ਦੋਹੇ ਇਸ ਦਾ ਪ੍ਰਮਾਣ ਹਨ। ਜਹਿਰ ਹੈ ਕਿ ਕਿ ਕੋਈ ਵੀ ਜੁਗਤ/ਵਿਧੀ ਨਾ ਅਛੂਹ ਹੈ ਅਤੇ ਨਾ ਆਪਣੇ ਅਸਲ ਵਿਚ ਨਵੀਂ/ਪੁਰਾਣੀ ਹੈ। ਨਵਾਂ/ਪੁਰਾਣਾ ਕਰਨ ਵਾਲੀ ਸੰਵੇਦਨਾ ਹੈæ ਦੋਹੇ ਦਾ ਛੰਦ ਵਰਤ ਕੇ ਅਜਮੇਰ ਪ੍ਰਗਟ ਕਰਦਾ ਹੈ ਕਿ ਕਾਵਿ ਦੀ ਰਚਣ ਵਿਧੀ ਵਿਸੰਵ ਵਰਤਾਰੇ ਵਾਂਗ ਸੰਬਦਾਂ ਦੀ ਕਾਇਨਾਤ ਦਾ ਅੰਗ ਹੈ ਤੇ ਵਿਸ਼ਵ ਮਾਨਸ ਦਾ ਵਿਰਸਾ ਹੈæ ਇਹ ਗੱਲ ਉੱਤਰ-ਆਧੁਨਿਕੀ ਚਿੰਤਨ ਅਨੁਸਾਰ ਹਰ ਪਾਠ (ਟੈਕਸਟ) ਦਾ ਅੰਤਰ-ਪਾਠ (ਇੰਟਰ-ਟੈਕਸਟ) ਹੋਣ ਦੇ ਸੰਕਲਪ ਵਾਲੀ ਹੈ।

ਅਜਮੇਰ ਦੀ ਵਿਧੀ ਸਮਾਂ/ਸਪੇਸ ਦੀ ਸੀਮਾ ਤੋਂ ਪਾਰ ਵਿਪ੍ਰੀਤ ਬਿੰਦੂਆਂ ਨੂੰ ਰਿਸੰਤਿਆਂ ਵਿਚ ਬੰਨ੍ਹਦੀ ਤੇ ਐਸਾ ਕਰਕੇ ਸਥਾਪਨ ਦਾ ਵਿਸਥਾਪਨ ਕਰਦੀ ਹੈ; ਬਹੁਤ ਕੁਝ ਦਾ ਭੰਜਣ ਕਰਦੀ ਹੈ। ਉਸ ਦੇ ਕਸਬ ਤੋਂ ਪ੍ਰਤੱਖ  ਹੈ ਕਿ ਉਸ ਨੂੰ ਚਿੰਨ੍ਹਾਂ ਦੀ ਚੋਖੀ ਸਮਝ ਹੈ। ਉਸਦੀ ਕਵਿਤਾ ‘ਚ ਕੁਝ ਵੀ ਇਕਹਿਰਾ ਨਹੀਂ। ਨਾ ਸ਼ਬਦ, ਨਾ ਸ਼ਬਦਾਂ ਤੋਂ ਉਪਜਣ ਵਾਲੀਆਂ ਆਵਾਜਾਂ, ਨਾ ਅਰਥ, ਨਾ ਉਹ ਸਪੇਸ ਜੋ ਇਹ ਕਵਿਤਾ ਇਕ ਮੁਹਾਜ ਵਾਂਗ ਪੈਦਾ ਕਰਦੀ ਹੈ। ਸਭ ਕੁਝ ਅੰਤਰ-ਤੰਦਾਂ ‘ਚ ਬੱਝਾ ਹੋਇਆ ਹੈ। ਇਕਹਿਰਾਪਣ ਗੈਰ-ਵਿਸਥਾਪਣੀ ਹੁੰਦਾ ਹੈ। ਕੋਈ ਰੋਸੰਨਈ ਨਾਤਾ ਅਛੂਹ ਨਹੀਂ। ਇਸ ਪੋਥੀ ਵਿਚ ਅਜਮੇਰ ਦੀਆਂ ਪਾਸ਼ ਬਾਰੇ ਕਾਫੀ ਕਵਿਤਾਵਾਂ ਦਰਜ ਹਨ। ਕਵੀ ਬਲਦੇ ਅੱਖਰ ਰਚਣ ਵਾਲੇ ਪਾਸ਼ ਨੂੰ ਸਨੇਹ ਨਾਲ ਤੱਕਦਾ ਹੈ ਕਿ ਅਜਿਹੇ ਕਵੀ ਰੋਸ਼ਨਈ ਸ਼ਬਦਾਂ ਦੇ ਦੂਤ ਕਿਵੇਂ ਬਣਦੇ ਹਨ। ਸਮੁੱਚੇ ਸਭਿਆਚਾਰਕ ਪ੍ਰਸੰਗ ‘ਚ ਉਨ੍ਹਾਂ ਦੇ ਸੰਬਦਾਂ ਦੀ ਕੀ ਅਹਿਮੀਅਤ ਹੈ। ਪੰਜਾਬੀ ਬੰਦੇ ਦਾ ਜੋ ਵਿਪ੍ਰੀਤ ਰੂਪ ਹੈ, ਸੰਬਦਾਂ ਨੂੰ ਨਕਾਰਨ ਤੇ ਨਿਰਾ ਸੰਸਤਰ ਦੀ ਹੈਂਕੜ ਵਾਲਾ ਕਬੀਲੀ ਸਵੈ-ਘਾਤਕ ਰੂਪ, ਜਿਸ ਨੂੰ ਕਵੀ ਸੁਖਪਾਲ ਸੰਘੇੜਾ ਕਿੱਸਿਆਂ ਦੀ ਕੈਦ ਕਹਿੰਦਾ ਹੈ, ਇਹ ਰੂਪ ਜੋ ਇਤਿਹਾਸਕ ਗਤੀ ਨੂੰ ਰੋਕਣ ਲਈ ਤਤਪਰ ਹੈ, ਪਾਸ਼ ਦੇ ਕਾਵਿ ਜ਼ਿਕਰ ਨਾਲ ਇਹ ਅਗਰ-ਭੂਮੀ ‘ਚ ਆ ਜਾਂਦਾ ਹੈ।

ਮਨਫੀ ਰੂਪ ਵਾਲੇ ਪੰਜਾਬੀ ਬੰਦੇ ਲਈ ਸ਼ਬਦ ਰੱਦ ਕਰਨ ਵਾਲਾ ਜੁਜ਼ ਹੈ ਤੇ ਆਸਰਾ ਇਹ ਉਸ ਪੰਥ ਦਾ ਲੈਂਦਾ ਹੈ ਜਿਸ ਨੇ ਸ਼ਸਤਰ ਦੀ ਵਰਤੋਂ ਅਨਾਦੀ/ਇਲਾਹੀ ਤੇ ਸਰਬ ਮਾਨਵੀ ਸੰਬਦ ਸਭਿਆਚਾਰ ਦੀ ਰਾਖੀ ਲਈ ਕੀਤੀ। ਨਵਤੇਜ ਚੇਤੰਨ ਹੋ ਕੇ ਕਾਵਿ ਭਾਸ਼ਾ ਨੂੰ ਬਿੰਬਾਂ/ਅਲੰਕਾਰਾਂ ਤੋਂ ‘ਲਿਬਰੇਟ’ ਕਰਦਾ ਹੈ; ਸ਼ਬਦਾਂ ਨੂੰ ਸੱਚ/ਸੁੱਚ ਦੇ ਨਿਕਟ ਲਿਆਂਦਾ ਹੈ। ਕਾਵਿ ਭਾਸ਼ਾ ਕਰਤਾ ਦੇ ਬੋਝਾਂ ਤੋਂ ਮੁਕਤ ਹੋਈ ਸ਼ਬਦਾਂ ਦੀ ਆਪਣੀ ਲੀਲ੍ਹਾ ਪੈਦਾ ਕਰਦੀ ਹੈ। ਬੇਗਰਜ਼ ਪਹੁੰਚ ਨਾਲ ਹੀ ਕਵੀ ਚੁੱਪ ਦਾ ਕਾਵਿ ਭਾਸ਼ਾ ‘ਚ ਉਲਥਾ ਕਰਦੇ ਹਨ। ਸੰਵੇਦਨਾ ਵਾਲੇ ਮਨੁੱਖ ਦੀ  ਚੁੱਪ ਇਕ ਗੁਥਲੀ ਹੈ ਜਿਸ ਵਿਚ ਬਹੁਤ ਕੁਝ ਲੁਪਤ ਹੇੰਦਾ ਹੈ। ਨਵਤੇਜ ਦੇ ਕਾਵਿਕ ਜਾਲ ਦੀ ਹਰ ਤੰਦ, ਜੋ  ਅਜਮੇਰ ਦੀ ਸਮਾਂ/ਸਪੇਸੀ ਵਿੱਥ-ਸੂਝ ਤੋਂ ਅੱਡਰੀ ਪ੍ਰਗਟ ਹੁੰਦੀ ਹੈ,  ਪਾਰਦਰਸ਼ੀ ਹੈ। ਇਸੇ ਕਰਕੇ ਧਿਆਨ ਖਿੱਚਦੀ ਹੈ। ਉਹ ‘ਹੋ ਰਹੇ’ ਦੀ ਗਤੀ ਤੋਂ ਪਹਿਲਾਂ ‘ਜੋ ਹੈ’ ਉਸ ਵਲ ਪਰਤਦਾ ਹੈ। ਸਥਿਤੀ, ਪ੍ਰਕ੍ਰਿਤੀ ਤੇ ਮਾਨਵੀ ਕਰਮ ਵਿਚ ਗੁੰਨ੍ਹੇ ਨਾਤਿਆਂ ਦੀ ਲੀਲ੍ਹਾ ਦੇ ਨਿਕਟ ਖੜ੍ਹਨ ਦਾ ਇਹ ਕਵੀ ਇੱਛੁਕ ਹੈ। ਇਹ ਪੂਰਨ ਸਿੰਘੀ ਸੰਵੇਦਨਾ ਤੋਂ ਪਾਰ ਇਸ ਗੱਲ ਕਰਕੇ ਹੈ ਕਿ ਨਵਤੇਜ ਕਿਸੇ ਚੀਜੰ  ਨੂੰ ਥਿਰਤਾ ਦੇ ਰੂਪ ‘ਚ ਨਹੀਂ ਸਗੋਂ ਵਾਪਰ ਰਹੇ ਦੇ ਰੂਪ ਵਿਚ ਦੇਖਦਾ ਹੈ। ਅਜਿਹੀ ਨਿਗ੍ਹਾ ‘ਜੋ ਹੈ’ ਵਿਚੋਂ ‘ਹੋ ਰਹੇ’ ਦਾ ਨਾਦ ਪਛਾਣਦੀ ਹੈ। ਕਵੀ ਵਸਤਾਂ, ਕਾਰਜਾਂ, ਸਬਿਤੀਆਂ, ਘਟਨਾਵਾਂ ਦੀ ਅੰਤ੍ਰੀਵ ਗਤੀ ਨੂੰ ਨਕਾਰਦਾ ਨਹੀਂ; ਇਸ ਗਤੀ  ਨੂੰ ਗੂੜ੍ਹਾ ਕਰਦਾ ਹੈ। ਉਸ ਦੇ ‘ਹੋਣ’ ਦਾ ਤੇ ਅੰਦਰਲੀ ਗਤੀ ਦਾ ਜਸ਼ਨ ਮਨਾਂਦਾ ਹੈ। ‘ਹੋਣ’ ਨੂੰ ਇਸ ਤਰ੍ਹਾਂ ਤੱਕਦਾ ਹੈ ਜਿਵੇਂ ਇਸ ਦੇ ਮਾਨਵੀ ਵਿਸਥਾਰਾਂ ਦੀ ਤਲਾਸ਼ ਕਰ ਰਿਹਾ ਹੋਵੇ। ਇਹ ਵੱਖਰੀ ਤਰ੍ਹਾਂ ਦੀ ਮਾਨਵੀ ਲੀਲ੍ਹਾ ਹੈ। ਕਾਵਿ ਲੀਲ੍ਹਾ। ਦੋਨਾਂ ਤਰ੍ਹਾਂ ਦੀ ਲੀਲ੍ਹਾ ਤੋਂ ਖਾਰਜ ਹੋਣ ਦਾ ਜੋ ਸਰਾਪ ਅੱਜ ਦਾ ਬੰਦਾ ਹੰਢਾ ਰਿਹਾ ਹੈ ਨਵਤੇਜ ਦੀ ਕਵਿਤਾ ਉਸ ਦਾ  ਨਿਸ਼ੇਧ ਕਰਦੀ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਉਸਦੀ ਨਿਗ੍ਹਾ ‘ਚ ਸਵੈ-ਸ਼ੰਕੇ ਨੂੰ ਚੋਖੀ ਥਾਂ ਹੈ। ਮਾਨਵ ਨੂੰ ਪੀੜਤ ਸਥਿਤੀ ‘ਤੇ ਧਿਆਨ ਧਰਦਿਆਂ ਉਸ ਨੂੰ ਪਲ ਭਰ ਲਈ ਆਪਣੇ ਆਕੀਦਿਆਂ ‘ਤੇ ਸ਼ੰਕਾ  ਹੋਣ ਲੱਗਦਾ ਹੈ।
‘ਲੀਲ੍ਹਾ’ ਦੇ ਅੰਤਰ-ਪਾਠ ‘ਚ ਇਹ  ਗੱਲ ਤੀਬਰ  ਹੈ ਕਿ  ਪੰਜਾਬੀ ਬੰਦੇ ਦਾ ਸੰਕਟ ਕੀ ਹੈ। ਸੰਕਟ ਹੈ ਕਿ ਇਹ ਬੰਦਾ ਨਵੇਂ ਨਾਤਿਆਂ ਤੋਂ ਸਹਿਮਦਾ ਹੈ। ਆਪਣੀ ‘ਹਉਂ’ ਦਾ ਸ਼ਿਕਾਰ ਹੈ। ਇਸ ਦੇ ਅਵਚੇਤਨ ‘ਚ ਕਬੀਲਾ-ਮੋਹ ਘਰ ਕਰੀ ਬੈਠਾ ਹੈ। ਇਹ ਆਪਣੇ ਆਪੇ ‘ਚ  ਹੀ ਬੰਦੀ ਹੈ। ਤਦ ਹੀ ਇਸ ਨੂੰ ਨਵੇਂ ਚਿੰਤਨੀ ਵਿਸਥਾਰਾਂ ਦੀ ਤਲਬ ਨਹੀਂ ਹੁੰਦੀ। ਤਦ ਹੀ ਇਹ ਨਵੀਂ ਰੋਸ਼ਨੀ ਦੀ ਤਲਬ ਰੱਖਣ ਵਾਲਿਆਂ ਨੂੰ ਹਿਕਾਰਤ ਦੀ ਨਿਗ੍ਹਾ ਨਾਲ ਦੇਖਦਾ ਹੈ। ਇਹ ਬੰਦਾ ਆਪਣੀ ਅਲਪਤਾ/ਲਘੂਪਣ ਦਾ ਕੈਦੀ ਹੈ। ਲੋਕ-ਮਾਨਸ ਪੱਧਰ ‘ਤੇ ਪਸਰਿਆ ਅਜਿਹਾ ਸਵੈ-ਮੋਹ ਕਿਸੇ ਵੀ ਜਾਤੀ ਲਈ ਸਵੈ-ਤਬਾਹੀ ਦਾ ਕਾਰਣ ਬਣਦਾ ਹੈ। ਅਜਿਹਾ ਪਿਛਲੇ ਦਹਾਕੇ ਵਿਚ ਹੁੰਦਾ ਵੀ ਰਿਹਾ ਹੈ। ਸਵੈ-ਮੋਹਾ ਬੰਦਾ ਅਦਿੱਖ ਡਰ ਕਾਰਣ ਹਿੰਸਾਵਾਦੀ ਹੋ ਜਾਂਦਾ ਹੈ। ਆਪਣੀ  ਅਲਪਤਾ ਵਿਚ ਨਵੇਂ ਨਾਤਿਆਂ ‘ਚ ਵਿਸਥਾਰੇ ਜਾਣ ਤੋਂ ਇਨਕਾਰ ਕਰਦਾ ਹੈ। ਇਹ ਮਿੱਥਾਂ ਸੰਗ ਜਿਉਣ ਦਾ ਢੰਗ-ਤਰੀਕਾ ਹੈæ ਮਿੱਥਾਂ ਦੇ ਉਹੀ ਪੁਤ ਬਣਦੇ ਹਨ ਜੋ ਤੱਥ/ਸੱਚ ਦੀ ਗਤੀ ਦੇਖਣਾ ਨਹੀਂ ਚਾਹੁੰਦੇ। ਪਾਰ-ਦੇਸਾਂ ‘ਚ ਗਏ ਵਿਵੇਕੀ ਕਵੀਆਂ ਰਾਹੀਂ ਨਵੇਂ ਰਿਸੰਤਿਆਂ ਦੇ ਜੋ ਪਾਸਾਰ ਖੁਲ੍ਹਦੇ ਹਨ ਉਸ ਬਾਰੇ ‘ਲੀਲ੍ਹਾ’ ਦੇ ਰਚਨਾਕਾਰਾਂ ਤੋਂ ਇਲਾਵਾ ਅਨੇਕ ਕਵੀ/ਲੇਖਕ ਜ਼ਿਕਰਯੋਗ ਹਨ। (ਉੱਤਰੀ ਅਮਰੀਕਾ ਦੇ ਕਵੀਆਂ ਵਿਚੋਂ ਰਵਿੰਦਰ ਰਵੀ, ਗੁਰੂਮੇਲ, ਜਗਜੀਤ ਬਰਾੜ, ਸੁਖਪਾਲ ਸੰਘੇੜਾ, ਇਕਬਾਲ ਰਾਮੂਵਾਲੀਆ, ਰਵਿੰਦਰ ਸਹਿਰਾਅ, ਸੁਖਵਿੰਦਰ ਕੰਬੋਜ ਅਤੇ ਕਈ ਹੋਰ ਹਨ ਜਿਨ੍ਹਾਂ ਨੇ ਪੰਜਾਬੀ ਬੰਦੇ ਦੇ ਸਵੈ-ਮੋਹੇ ਆਕੀਦਿਆਂ ਅਤੇ ਉਸ ਦੀਆਂ ਸਵੈ-ਘਾਤਕ ਮਿੱਥਾਂ ਦੀ ਕੈਦ ਨੂੰ  ਸ਼ਿੱਦਤ ਨਾਲ ਦੇਖਿਆ/ਪਰਖਿਆ ਹੈ। ਅਜਿਹਾ ਕਰਦਿਆਂ ਇਹ ਕਵੀ ਪੰਜਾਬੀ ਕਵਿਤਾ ਨੂੰ ਨਵੇਂ ਕਰਤਾਰੀ ਖਿਤਿਜਾਂ ਨਾਲ ਜੋੜਨ ਦਾ ਸਬੱਬ ਬਣੇ ਹਨ।) ‘ਲੀਲ੍ਹਾ’ ਵਿਚ  ਮਿੱਥਾਂ ਦਾ ਵਿਵੇਕੀਕਰਣ ਹੋ ਕੇ ਉਨ੍ਹਾਂ ਦਾ ਭੰਜਣ ਹੋ ਜਾਂਦਾ ਹੈ। ਅਜਿਹਾ ਹੋਣ ਨਾਲ ਉਸ ‘ਮਹਾਨ’ ਪੁਰਸ਼ ਬਾਰੇ ਮਾਣਤਾਵਾਂ ਦਾ ਵੀ ਭੰਜਣ ਹੋ ਜਾਂਦਾ ਹੈ ਜਿਸ ਨਾਲ ਮਿੱਥਾਂ ਜੁੜੀਆਂ ਹੁੰਦੀਆਂ ਹਨ। ਇਹ ਪੁਨਰ-ਨਿਰਮਾਨ ਦੀ ਪ੍ਰਕ੍ਰਿਆ ਹੈ। ਅਜਮੇਰ ਦੀ ਇਕ ਕਵਿਤਾ ‘ਹਿਰਨ ਦਾ ਪ੍ਰਨਾਮ’ ਇਸ ਦੀ ਮਿਸਾਲ ਹੈ। ਇਹ ਕਵਿਤਾ  ਉਸ ਹਿਰਨ ਬਾਰੇ ਹੈ ਜਿਸ ਨੂੰ ਰਾਮਚੰਦਰ ਨੇ ਸੀਤਾ ਦੀ ਇੱਛਾ ਪੂਰੀ ਕਰਨ ਲਈ ਆਪਣੇ ਬਾਣ ਦਾ ਸਿੰਕਾਰ ਬਣਾਇਆ। ਰਾਮਚੰਦਰ ਹਿਰਨ ਨੂੰ ਅੱਖਾਂ ਬੰਦ ਕਰਨ ਦਾ ਅਨੁਰੋਧ ਕਰਦਾ ਹੈ ਪਰ :

ਹਿਰਨ ਖੁੱਲ੍ਹੀਆਂ ਅੱਖਾਂ ਨਾਲ
ਉਸੇ ਤਰ੍ਹਾਂ ਪਿਆ ਰਿਹਾ
ਹਰੇ ਕਚੂਰ ਘਾਹ ਦੀ ਤਿੜ੍ਹ
ਮੁੜ ਮੁੜ
ਉਸ ਦੇ ਗੁਲਾਬੀ ਹੋਠਾਂ ਨੂੰ ਛੋਂਹਦੀ ਰਹੀ।

ਹਿਰਨ ਦੀ ਮਰਨ ਸਮੇਂ ਅਜਿਹੀ ਆਭਾ ਰਾਮਚੰਦਰ ਦੇ ਦੈਵੀ ਆਕੀਦਿਆਂ ਦਾ ਵਿਸਥਾਪਣ ਕਰ ਦੇਂਦੀ ਹੈ। ਹਿਰਨ ਮਰ ਕੇ ਵੀ ਬਹੁਤ ਕੁਝ ਬੋਲਦਾ ਹੈ, ਰਾਮਚੰਦਰ ਉਸ ਨੂੰ ਜਿਨ੍ਹਾਂ ਸੰਬਦਾਂ ਨਾਲ ਸੰਬੋਧਨ ਕਰਦਾ ਹੈ ਉਨ੍ਹਾਂ ਵਿਚ ਸ਼ਾਮਲ ਅਹੰ ਅਗਰ-ਭੂਮੀ ਵਿਚ ਆ ਜਾਂਦਾ ਹੈ। ਇਸ ਅਲਪ ਬਿਰਤਾਂਤ ਦੀ ਤਾਕਤ ਹਿਰਨ ਤੇ ਰਾਮਚੰਦਰ ਨੂੰ ਇਕ ਦੂਜੇ ਦੇ ਤੁਲ ਰੱਖਣ ਤੇ ਹਿਰਨ ਨੂੰ ਜੀਵ ਦੇ ਰੂਪ ਵਿਚ ਮਿਲੀ ਮਹਿਮਾ ਕਰਕੇ ਹੈ।  ਦੋਵੇਂ ਕਵੀ, ਅਤੇ ਖਾਸ ਕਰਕੇ ਅਜਮੇਰ, ਦਾ ਇਕ ਹੋਰ ਵਿਸਥਾਪਨੀ ਕਾਰਜ ਇਸ ਗੱਲ ਵਿਚ  ਹੈ ਕਿ ਉਹ ਮਨੁੱਖ ਦੀ ਸਮੁੱਚੇ  ਵਰਤਾਰੇ ਵਿਚ ਸਵੈ-ਸਾਜਿਤ ਪ੍ਰਭੁਤਾ ਅੱਗੇ ਸੁਆਲੀਆ ਨਿਸ਼ਾਨ ਲਗਾਂਦੇ ਹਨ। ਕਿਸੇ ਤਿਤਲੀ ਜਾਂ ਮਕੜੀ ਦੀ ਅਹਿਮੀਅਤ ਮਹਾਰਾਣੀ ਪਦਮਨੀ ਨਾਲੋਂ ਘਟ ਨਹੀਂ। ਹਿਰਨ ਦੀ ਅਹਿਮੀਅਤ ਕਿਸੇ ਮਰਿਆਦਾ ਪ੍ਰਸ਼ੋਤਮ ਤੋਂ ਅਲਪ ਨਹੀਂ। ਮਨੁੱਖ ਨੇ ਪ੍ਰਕ੍ਰਿਤੀ ਵਿਰੁੱਧ ਹਿੰਸਾ ਕਰਕੇ ਆਪਣਾ ਦਰਜਾ ਮੂਹਰੇ ਕੀਤਾ। ਇਹ ਉਸੇ ਤਰ੍ਹਾਂ ਦੀ ਹਿੰਸਾ  ਹੈ।
ਜਿਵੇਂ ਸਭਿਅਤਾ ਤੇ ਸਨਅਨਤੀ ਤਰੱਕੀ ਦੀ ਜੁਗਤ ਰਾਹੀਂ  ਯੋਰਪੀ ਬੰਦੇ ਨੇ ਏਸ਼ੀਆ/ਅਫਰੀਕਾ ਦੇ ਬੰਦੇ ਨੂੰ  ਹੀਣਾ ਪ੍ਰਗਟ ਕੀਤਾ। ਇਸ ਹਿੰਸਾ ਦਾ ਅਗਲਾ ਪੜਾਅ ਪਰਿਆਵਰਣ ‘ਚ ਫੈਲਾਇਆ ਜਾ ਰਿਹਾ ਪ੍ਰਦੂਸ਼ਣ ਹੈ।

ਭਾਸ਼ਕ ਕਾਰਜ ਦੇ ਮਾਨਵੀ ਵਹਾਅ ਵਿਚ ਕੋਈ ਸ਼ਬਦ-ਕਰਮੀ ਸਰੋਤ ਨਹੀਂ ਹੁੰਦਾ, ਇਸ ਦਾ ਜੱਰੀਆ ਹੁੰਦਾ ਹੈ। ਤੇਜੱਸਵੀ/ਉੱਤਮ ਕਵੀ ਸ਼ਬਦ-ਪੁੱਤਰ ਹੋ ਸਕਦਾ ਹੈ, ਸ਼ਬਦ ਪਿਤਾ ਨਹੀਂ। ਕਵੀ ਚਾਹੇ ਕਿੰਨਾ ਵੀ ਕਰਤਾਰੀ ਤਬਦੀਲੀ ਲਿਆਣ ਵਾਲਾ ਕਿਉਂ ਨਾ ਹੋਵੇ ਉਹਦਾ ਯੋਗਦਾਨ ਸਬੱਬ ਵਾਲਾ ਹੀ ਹੁੰਦਾ ਹੈ। ਉਹ ਕਰਤਾਰੀ ਭਾਸ਼ਾ ਦੇ ਅਨੰਤ ਵਹਾਅ ਵਿਚ ਹਲਕਾ ਜਿਹਾ ਮੋੜ/ਵੱਢ ਹੀ ਪੈਦਾ ਕਰਦਾ ਹੈ। ਹੁੰਦਾ ਵੀ ਇਹ ਉਦੋਂ ਹੈ ਜਦ ਸਾਹਿਤ ਸਭਿਆਚਾਰ ਦੇ ਅਚੇਤ ‘ਚ ਇਸ ਲਈ ਭੋਂਇ ਤਿਆਰ ਹੋ ਚੁੱਕੀ ਹੋਵੇ। ਅਜਿਹਾ ਵਾਪਰਣਾ ਕੋਈ ਦੈਵੀ ਦਾਤ ਨਹੀਂ। ਕਵਿਤਾ ਕਿਸੇ ਨਛੱਤਰੀ ਨਹੀਂ ਵੱਸਦੀ; ਇਹ ਮਨੁੱਖੀ ਚੇਤਨਾ ਦੀ ਦਵੰਦ ਤੋਰ ਨਾਲ ਪੈਦਾ ਹੋਣ ਵਾਲੀ ਭਾਸ਼ਕ ਚੇਤਨਾ ਦਾ ਉਤਪਾਦਨ ਹੈ। ਇਸੇ ਕਰਕੇ ਆਪਣੀ ਰਚਨਾ-ਸਮੁੱਚ ਦੇ ਅੰਤਰ-ਪਾਠ ‘ਚ  ਅਜਮੇਰ ਤੇ ਨਵਤੇਜ ਇਕ ਦੂਜੇ ਦੇ ਪੂਰਕ ਬਣ ਜਾਂਦੇ ਹਨ। ਉਨ੍ਹਾਂ ਦੇ ਮੂਲ ਆਕੀਦੇ ਭਿੰਨ ਨਹੀਂ; ਦੋਨਾਂ ਨੂੰ ਸੱਚ/ਸੁੱਚ ਨੂੰ ਪ੍ਰਗਟਾਉਣ ਵਾਲੇ ਸ਼ਬਦਾਂ ਦੀ ਤਲਾਸ਼ ਹੈ। ਜਾਹਿਰਾ ਪਾਠ ਸਿਰਜਣ ‘ਚ ਆਪੋ ਆਪਣੇ ਸ਼ਬਦ ਵਿਵੇਕ ਦੇ ਸਹਿਰਥੀ ਇਹ ਕਵੀ ਕਵਿਤਾ ਸੰਗ ਤੁਰਦਿਆਂ ਇਕ ਦੂਜੇ ਨੂੰ ਮਿਲਦੇ, ਪ੍ਰਣਾਮ ਕਰਦੇ, ਹੱਥ ਮਿਲਾਂਦੇ, ਆਪੋ ਆਪਣੀ ਤਲਾਸ਼ ਦੀ ਬਾਤ ਸੁਣਾਂਦੇ, ਫਿਰ ਆਪਣੇ ਸ਼ਬਦ-ਨ੍ਰਿਤ ‘ਚ ਮਘਨ ਹੋ ਜਾਂਦੇ ਹਨ।

ਸਿਰਜਤ ਭਾਸ਼ਾ ਦਾ ਜੋ ਅਨੰਤ ਵਹਾਅ ਜਾਰੀ ਹੈ ਉਸ ਦੀ ਆਪਣੀ ਨਿਸ਼ੇਧ ਬਿਰਤੀ ਵੀ ਹੈ। ਇਸੇ ਕਰਕੇ ਉੱਤਮ ਭਾਸ਼ਕ ਕਾਰਜ ਨਾਲ ਜਿੰਨਾ ਕੁਝ ਦ੍ਰਿੜ੍ਹ ਹੁੰਦਾ ਹੈ ਉਸ ਤੋਂ ਵੱਧ ਦਾ ਨਿਸ਼ੇਧ ਹੋਈ ਜਾਂਦਾ ਹੈ। ਅਜਿਹੀ ਰਚਨਾ ਸਿਰਜਤ ਭਾਸ਼ਾ ਦਾ ਅੰਤਿਮ-ਰੂਪ ਦ੍ਰਿੜ੍ਹ ਨਹੀਂ ਕਰਦੀ; ਕੋਈ ਰਚਨਾ ਵੀ ਨਹੀਂ ਕਰਦੀ। ਪਰ ‘ਲੀਲ੍ਹਾ’ ਦੇ ਉਦੈ ਹੋਣ ਨਾਲ ਪੰਜਾਬੀ ‘ਚ ਚੋਖੀ ਕਵਿਤਾ ਦਾ ਵਿਸਥਾਪਨ ਹੋਣਾ ਤੈਅ ਹੈ।