ਸਣਦੇਹੀ ਰੂਹ ਦੀ ਜਾਗ – ਲੀਲ੍ਹਾ
ਨਵਤੇਜ ਭਾਰਤੀ ਤੇ ਅਜਮੇਰ ਰੋਡੇ ਦੀ 1054 ਸਫਿਆਂ ਤੇ (ਅਭਿਨੰਦਨ ਤੋਂ ਅਲਵਿਦਾ ਤਕ) ਨਿੱਕੀਆਂ – ਵੱਡੀਆਂ 752 ਕਵਿਤਾਵਾਂ ਦੀ ਭਾਰੀ-ਭਰਕਮ ਕਿਤਾਬ ਚੁਕਣ ਨੂੰ ਭਾਵੇਂ ਬੋਝਲ ਹੈ, ਪਰ ਪੜ੍ਹਨ ਨੂੰ ਬੋਝਲ ਨਹੀਂ। ਬਹੁਤਾਤ ਦੇ ਹੁਸਨ ਦਾ ਵੀ ਇਕ ਜਲਵਾ ਹੁੰਦਾ ਹੈ।
ਇਹ ਬਹੁਲਤਾ ਸਿਰਫ਼ ਸੰਖਿਆ ਦੀ ਨਹੀਂ, ਥੀਮਕ ਵੰਨਗੀ ਦੀ ਵੀ ਹੈæ ਪ੍ਰਕਿਰਤੀ ਦੀ ਅਥਾਹ ਸਿਰਜਣ-ਸੰਕਤੀ ਤੇ ਵਿਰਾਟ ਸੌਂਦਰਯ, ਮਾਨਵ ਤੇ ਪ੍ਰਕਿਰਤੀ ਦੀ ਆਦਿਮ ਸਾਂਝ, ਮਾਨਵ ਤੇ ਮਸ਼ੀਨ ਦਾ ਤਣਾਓ/ਟਕਰਾਓ, ਨਰ-ਨਾਰੀ ਦੀ ਨਿਰਬੰਧ ਸੰਕਤੀ ਦੇ ਮਸਲੇ, ਅੰਤਰ-ਰਾਸੰਟਰੀ ਮੰਡੀ ਵਿਚ ਮਨੁੱਖ ਦੀ ਖੁਰ ਰਹੀ ਹਸਤੀ, ਤੀਜੀ ਤੇ ਪਹਿਲੀ ਦੁਨੀਆਂ ਦੇ ਅਨੇਕ ਰੰਗਾਂ ਅਤੇ ਮੈਂ ਤੇ ਤੂੰ ਦੇ ਵਿਸੰਵ-ਵਿਆਪੀ ਝੇੜਿਆਂ ਨੂੰ ਇਸ ਕਾਵਿ-ਸੰਗ੍ਰਹਿ ਨੇ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ।
ਕਾਵਿਕਾਰਾਂ ਨੇ ਆਪੋ ਆਪਣਾ ਨਾਂ ਹਰੇਕ ਕਵਿਤਾ ਦੇ ਅਖ਼ੀਰ ਵਿਚ ਦਿਤਾ ਹੈæ ਉਨ੍ਹਾਂ ਦੀ ਸੁਚੇਤ ਕੋਸ਼ਿਸ਼ ਕਵਿਤਾ ਨੂੰ ਪਹਿਲ ਦੇਣ ਦੀ ਹੈ, ਕਵੀ ਨੂੰ ਨਹੀਂ। ਸੰਪਾਦਨ-ਵਿਧੀ ਅਜਿਹੀ ਵਰਤੀ ਗਈ ਹੈ ਕਿ ਦੋਹਾਂ ਕਵੀਆਂ ਦੀਆਂ ਕਵਿਤਾਵਾਂ ਰਲੀਆਂ-ਮਿਲੀਆਂ ਰਹਿਣ, ਦੋ ਅੱਡ ਅੱਡ ਭਾਗਾਂ ਵਿਚ ਨਾ ਪੜ੍ਹੀਆਂ ਜਾਣ, ਤਾਂ ਕਿ ਕਵੀਆਂ ਦੀ ਪਛਾਣ, ਅੱਗੜ-ਪਿਛੜ ਤੇ ਛੋਟ-ਵਡਿਆਈ ਕਾਵਿ-ਪਾਠ ਨੂੰ ਪ੍ਰਭਾਵਿਤ ਨਾ ਕਰੇ।
ਪੁਸਤਕ ਦੀ ਵਿਰਾਟ ਕਾਇਆ, ਕੀਮਤੀ ਕਾਗਜ਼, ਕਾਵਿ-ਤਤਕਰੇ ਦੀ ਪੈਂਤੀ ਅੱਖਰੀ ਕ੍ਰਮਕਤਾ, ਕਾਵਿ-ਪਾਠ ਦੀ ਸੰਪਾਦਨ, ਵਿਚ ਵਿਚ ਆਰਕਿਅਲੌਜੀਕਲ ਚੇਪੀਆਂ ਤੇ ਪੱਕੀ ਜਿਲਦ, ਸਭੋ ਕੁਝ ਹੀ ਪੋਥੀ ਦੀ ਪ੍ਰਥਾ ਤੇ ਪ੍ਰਤਿਸ਼ਠਾ ਨੂੰ ਅਜੋਕੇ ਮਾਸ ਮੀਡੀਆ ਦੇ ਮੁਕਾਬਲੇ ਵਿਚ ਕਲਾਸਕੀ ਸ਼ਕਲ ਵਿਚ ਮੁੜ ਸਥਾਪਿਤ ਕਰਨ ਦਾ ਸੁਚੇਤ ਉਪਰਾਲਾ ਹੈ, ਭਾਵੇਂ ਇਸ ਵਿਚਲਾ ਕਾਵਿ-ਪ੍ਰਵਚਨ ਕਲਾਸਕੀ ਮਿੱਥਾਂ, ਰਵਾਇਤਾਂ, ਮਰਯਾਦਾਵਾਂ ਤੇ ਪਰੰਪਰਾਵਾਂ ਦੇ ਚੇਤੰਨ ਕਲਾਤਮਕ ਵਿਖੰਡਨ ਤੇ ਨਕਾਰ ਦਾ ਪਰਮਾਣ ਵੀ ਹੈ। (ਪੜੋ: ‘ਸੂਪਨਖਾ’, ‘ਅਹੱਲਿਆ’, ‘ਯਸ਼ੋਧਰਾ’, ‘ਪਰੰਪਰਾ’, ‘ਹੁਣ ਰਾਮ ਅਯੁਧਿਆ ਨਹੀਂ ਪਰਤੇਗਾ’, ‘ਲਿਓਨਾਰਦੋ ਦਾ ਵਿੰਚੀ ਅਤੇ ‘ਹਜ਼ਾਰਾ ਸਿਹੁੰ’)।
ਇਸ ਪੁਸਤਕ ਦੀ ਕਲਾਸਿਕ ਸ਼ਕਤੀ ਇਸ ਗੱਲ ਤੋਂ ਵੀ ਜ਼ਾਹਰ ਹੈ ਕਿ ਇਸ ਦਾ ਕਾਵਿ-ਵਸਤੂ ਬਾਜ਼ਾਰੂ ਸਭਿਆਚਾਰ ਤੋਂ ਨਾਬਰ ਹੋ ਕੇ ਉਸਨੂੰ ਵੰਗਾਰਦਾ ਹੈ।
ਇਸ ਵਿਚਲੀਆਂ ਇਤਿਹਾਸ-ਮੁੱਖ ਕਵਿਤਾਵਾਂ ਦੀ ਵਡਿਆਈ ਇਹ ਹੈ ਕਿ ਇਹ ਸਾਡੇ ਪਵਿੱਤਰ ਤੇ ਮਰਿਯਾਦਤ ਵਿਰਸੇ ਨੂੰ ਨਾਮਰਯਾਦ ਅਤੇ ਸੈਕੂਲਰ ਮੈਟਾਫਰਾਂ ਦੇ ਰੂਪ ਵਿਚ ਸਿਰਜਦੀਆਂ ਹਨ, ਪਰ ਇਨ੍ਹਾਂ ਵਿਚ ਆ ਕੇ ਇਹ ਆਰਕੀਟਾਈਪਲ ਮੈਟਾਫ਼ਰ (ਆਦਿ ਪ੍ਰਤੀਕ) ਆਧੁਨਿਕ ਕਾਲ ਦੀਆਂ ਹੱਦਾਂ ਵਿਚ ਸੁੰਗੜ ਨਹੀਂ ਜਾਂਦੇ, ਸਗੋਂ ਕਾਲ ਤੋਂ ਮੁਕਤ ਹੋ ਕੇ ਅਨੰਤ ਦੇਸ਼ ਵਿਚ ਫੈਲ ਜਾਂਦੇ ਹਨ। ਉਦਾਹਰਨ ਲਈ ‘ਸੂਪਨਖਾ’ ਆਦਿ ਨਾਰੀ ਵੀ ਹੈ, ਆਧੁਨਿਕ ਔਰਤ ਵੀ, ਅਛੋਹ ਪ੍ਰਕਿਰਤੀ ਵੀ ਹੈ ਤੇ ਸਮਾਂਤਰ ਜਾਂ ਪ੍ਰਤੀਮੁਖ ਸੰਸਕ੍ਰਿਤੀ ਵੀ, ਪਰ ਅੰਤ ਵਿਚ ਉਹ ਤਮਾਮ ਉਪਨਿਵੇਸ਼ਾਂ ਦੀ ਵਿਦਰੋਹੀ ਜਨਤਾ ਦਾ ਪ੍ਰਤੀਕ ਬਣ ਜਾਂਦੀ ਹੈ। ਇਸੇ ਤਰ੍ਹਾਂ ‘ਰਾਮ’ ਇਸ ਕਵਿਤਾ ਵਿਚ ਮਰਯਾਦਾ, ਮਰਦਊ ਆਤੰਕ, ਤੇ ਸਭਿਅਤਾ (ਤਥਾ ਕਥਿਤ) ਦੇ ਪ੍ਰਤੀਕਾਂ ਵਿਚ ਰੂਪਾਂਤਰਿਤ ਹੁੰਦਾ ਹੁੰਦਾ ਦੁਨੀਆਂ ਦੇ ਤਮਾਮ ਸਾਮਰਾਜੀ ਉਪਨਿਵੇਸ਼ਕਾਂ ਦਾ ਪ੍ਰਤਿਨਿਧ ਹੋ ਨਿਬੜਦਾ ਹੈ ਤੇ ਇਹ ਕਵਿਤਾ ਬਸਤੀਆਂ ਦੇ ਪ੍ਰਤੀਰੋਧ ਤੇ ਬਸਤੀਵਾਦ ਦੇ ਆਤੰਕ ਦੀ ਟੱਕਰ ਦਾ ਪ੍ਰਵਚਨ ਬਣ ਜਾਂਦੀ ਹੈ। ਇਹ ਆਧੁਨਿਕ ਸਚੇਤਨ ਦੀ ਸਹਾਇਤਾ ਨਾਲ ਪੁਰਾਤਨ ਅਵਚੇਤਨ ਨੂੰ ਖੋਜਣ ਤੇ ਕਾਲ ਅਕਾਲ ਨੂੰ ਇਕੋ ਧਰਾਤਲ ਉਤੇ ਇਕੱਠੇ ਤੇ ਆਹਮੋਂ ਸਾਹਮਣੇ ਵਿਖਾਉੁਣ ਦੀ ਸਫ਼ਲ ਵਿਧੀ ਦੀ ਇਕ ਉਦਾਹਰਨ ਹੈ।
ਆਪਣੇ ਵਸਤੂ-ਸੌਂਦਰਯ ਤੇ ਰੂਪ-ਸਜਾ ਵਿਚ ‘ਲੀਲ੍ਹਾ’ ਦੀ ਕਵਿਤਾ ਇੰਨੀ ਨਿਰਮੈਲ ਹੈ ਕਿ ਪੜ੍ਹਦਿਆਂ ਇਹ ਤੁਹਾਡੇ ਮਨ ‘ਤੇ ਨਿਰਮਲਤਾ ਦੇ ਨਿਸ਼ਾਨ ਛੱਡਦੀ ਜਾਦੀ ਹੈ, ਪਰ ਇਸ ਉਤੇ ਕਿਧਰੇ ਵੀ ਆਪਣੀ ਪੈਨਸਿਲ ਦੇ ਕਾਲੇ ਨਿਸ਼ਾਨ ਲਾਉਣ ਨੂੰ ਤੁਹਾਡਾ ਮਨ ਨਹੀਂ ਕਰਦਾ।
‘ਲੀਲ੍ਹਾ’ ਦੀ ਕਵਿਤਾ ਸਣਦੇਹੀ ਰੂਹ ਦੀ ਜਾਗ ਹੈ ਤੇ ਇਸ ਵਿਚ ਜਾਗੀ ਹੋਈ ਰੂਹ ਤੁਹਾਡੀ ਦੇਹੀ ਤੋਂ ਜਪਤਪ, ਸੰਜਮ, ਮਰਿਯਾਦਾ, ਤਿਆਗ, ਧਰਮ, ਗਿਆਨ ਤੇ ਲਫ਼ਜ਼ੀ ਸ਼ਿਸ਼ਟਾਚਾਰ ਦੀਆਂ ਸਭਿਅਕ ਚਲਾਕੀਆਂ ਦੀ ਮੈਲ ਨੂੰ ਕੱਟ ਕੇ ਤੁਹਾਡੀ ਸਰੀਰ-ਯੁਕਤ ਆਤਮਾ ਨੂੰ ਅਭੋਲ, ਅਬੋਧ, ਆਦਿਮ ਸੁੰਦਰਤਾ ਵਿਚ ਲਿਸ਼ਕਾਉਣ ਦੇ ਸਮਰੱਥ ਹੈ। ਇਹ ਤੁਹਾਨੂੰ ਜੀਵਨ ਦੇ ‘ਪ੍ਰਥਮ ਨਾਦ’ ਵਿਚ ਇਕਾਗਰ ਕਰਦੀ ਹੈ।
‘ਲੀਲ੍ਹਾ’ ਦੀ ਕਵਿਤਾ ਖੁæਦ ਕਿਸੇ ਵਾਦ ਦੀ ਮੁਥਾਜ ਨਹੀਂ, ਪਰ ਕਵਿਤਾ ਦੀ ਹਸਤੀ ਦੀ ਪਛਾਣ ਬਾਰੇ ਇਹ ਅਮੁਕ ਵਾਦ-ਵਿਵਾਦ ਛੇੜਦੀ ਹੈ। ਤੇ ਇਸ ਦੇ ਆਪਣੇ ‘ਕਾਵਿ-ਸ਼ਾਸਤਰ’ ਦਾ ਐਲਾਨ-ਨਾਮਾ ਇਹ ਹੈ ਕਿ :
ਜੋ ਵੇਖ ਸਕਦਾ ਹੈ
ਕਵਿਤਾ ਲਿਖ ਸਕਦਾ ਹੈ
ਕਵਿਤਾ ਦੀ ਹੋਰ
ਕੋਈ ਸ਼ਰਤ ਨਹੀਂ
ਕੋਈ ਵਿਧੀ ਨਹੀਂ
ਇਉਂ ਇਹ ਕਾਵਿ-ਪਰਵਚਨ ਅੱਖਰਾਂ ਤੇ ਸ਼ਬਦਾਂ ਦੀ ‘ਲੀਲ੍ਹਾ’ ਵੀ ਹੈ ਤੇ ਇਸ ਲੀਲ੍ਹਾ ਦੀ ਸਜੱਗਤਾ ਵੀ। ਅੱਖਰਾਂ, ਸ਼ਬਦਾਂ ਤੇ ਕਲਮਾਂ ਨਾਲ ਇਹ ਦੋ ਕਵੀਆਂ ਦੁਆਰਾ ਲਿਖੀ ਕਵਿਤਾ ਹੈ, ਪਰ ਇਸ ਵਿਚ ਆ ਕੇ ‘ਅੱਖਰ’, ‘ਸ਼ਬਦ’, ‘ਕਵੀ’, ਤੇ ‘ਕਵਿਤਾ’ ਸਿਰਫ਼ ਚਿੰਨ੍ਹ ਜਾਂ ਸ਼ਬਦ ਨਹੀਂ ਰਹਿ ਜਾਂਦੇ, ਸਗੋਂ ਉਹ ਆਪਣੇ ਤੋਂ ਪਾਰ ਤੇ ਉਰਾਰ ਦੀਆਂ ਹੋਂਦਾਂ ਦਾ ਰੂਪ ਵਟਾ ਕੇ ਜਗਤ-ਲੀਲ੍ਹਾ ਦੇ ਰੰਗ ਕਰਮੀ ਬਣ ਜਾਂਦੇ ਹਨ। ‘ਅੱਖਰ’ ਬੀਜ ਹੋ ਜਾਂਦੇ ਹਨ, ‘ਸ਼ਬਦ’ ਖਾਣ-ਪੀਣ-ਪਹਿਨਣ ਤੇ ਨਹਾਣ ਦੀਆਂ ਵਸਤਾਂ, ‘ਕਾਗਜ਼’ ਧਰਤੀ, ‘ਕਲਮ’ ਇਸ ਉਤੇ ਓਰੇ (ਸਿਆੜ) ਕੱਢਣ ਵਾਲੀ ਕਲਾ ਤੇ ‘ਕਵਿਤਾਵਾਂ’ ਲਹਿਲਹਾਉਂਦੀਆਂ ਫਸਲਾਂ। ਕਵੀ ਦੀ ਨਜ਼ਰ ਵਿਚ ਸਵੈਟਰ ਉਣਦੀ ਪਤਨੀ ਅਸਲ ਵਿਚ ਸਵੈਟਰ ਨਹੀਂ ਉਣਦੀ, ਕਵਿਤਾ ਹੀ ਲਿਖਦੀ ਹੈ। ਇਸਤਰ੍ਹਾਂ ਕਵਿਤਾ ਜੀਵਨ ਨਾਲ ਜੁੜਦੀ ਹੈ ਤੇ ਜੀਵਨ ਕਵਿਤਾ ਬਣਦਾ ਹੈ।
ਪੰਜਾਬੀ ਕਵਿਤਾ ਵਿਚ ਇਹੋ ਜਿਹੀਆਂ ਪਰਿਭਾਸ਼ਕ ਕਾਵਿ-ਟਿੱਪਣੀਆਂ ਪਹਿਲਾਂ ਵੀ ਪੜ੍ਹਨ-ਸੁਣਨ ਨੂੰ ਮਿਲਦੀਆਂ ਰਹੀਆਂ ਹਨ, ਪਰ ਅਜੋਕੇ ਖਪਤ ਸਭਿਆਚਾਰ ਦੇ ਦਬਾਵਾਂ ਹੇਠ ਸਾਡੇ ਨਿੱਤ ਜੀਵਨ ਵਿਚੋਂ ਹਾਸ਼ੀਏ ਵੱਲ ਧਕੇਲੀ ਜਾ ਰਹੀ ਤੇ ਨਿਰਵਾਸਤ ਹੋ ਰਹੀ ਕਵਿਤਾ ਨੂੰ ਮੁੜ ਇਸਦੇ ਕੇਂਦਰੀ ਮਹੱਤਵ ਤੇ ਮਾਨਵਕਾਰੀ ਮੁੱਲ ਦਾ ਚੇਤਾ ਕਰਾਉਣਾ ‘ਲੀਲ੍ਹਾ’ ਦੇ ਕਵੀਆਂ ਦਾ ਪ੍ਰਮੁੱਖ ਉਦੇਸ਼ ਜਾਪਦਾ ਹੈ। ਇਹੋ ਕਾਰਨ ਹੈ ਕਿ ਇਸ ਸ਼ਬਦ-ਰਚਨਾ ਦਾ ਮੁਖ ਸਰੋਕਾਰ ਉਸ ‘ਕਵਿਤਾ ਨੂੰ ਪਛਾਨਣਾ ਹੈ ਜੋ ਸ਼ਿਲਪ-ਸੀਮਾਵਾਂ ਤੋਂ ਪਾਰ ਵਾਪਰਦੇ/ਨਾ-ਵਾਪਰਦੇ ਵਰਤਾਰਿਆਂ, ਵਿਅਕਤੀਆਂ ਅਤੇ ਸਾਡੇ ਨਿੱਤ ਦੇ ਕਾਰੋਬਾਰਾਂ ਬਾਜ਼ਾਰਾਂ ਦੀਆਂ ਤਹਿਆਂ ਹੇਠੋਂ ਕਦੇ ਕਦੇ ਆਪਮੁਹਾਰੇ ਪ੍ਰਕਾਸ਼ਮਾਨ ਹੋ ਜਾਂਦੀ ਹੈ।
ਇਸੇ ਲਈ ‘ਲੀਲ੍ਹਾ’ ਦੀ ਬਹੁਤੀ ਕਵਿਤਾ ਕੇਵਲ ਸ਼ਬਦ-ਘਾੜਤ ਨਹੀਂ, ਸਗੋਂ ਆਪਣੀ ਮੂਰਛਾ ‘ਚੋਂ ਜਾਗ ਰਹੀ ਕਵਿਤਾ ਦੀ ਅੰਗੜਾਈ ਹੈ। ਇਸਨੂੰ ਗਦ-ਪਦ ਦੇ ਗਜ਼ਾਂ ਨਾਲ ਨਾਪਣਾ ਉਚਿਤ ਨਹੀਂ ਕਿਉਂਕਿ ਇਸ ਦੇ ਕਵੀ ਦੀ ਦ੍ਰਿਸ਼ਟੀ ਵਿਚ ਮਾਨਵ ਦਾ ਕੁੱਲ ਸਿਰਜਨਾਤਮਕ ਵਿਹਾਰ ਤੇ ਕਾਇਨਾਤ ਦੀਆਂ ਸੱਭੇ ਸ੍ਰਿਸ਼ਟੀਆਂ ‘ਕਵਿਤਾ’ ਦੇ ਹੀ ਭਿੰਨ ਭਿੰਨ ਪਾਸਾਰ ਹਨ।