ਸ਼ਿਵਨੇਤਰ ਵਾਲੀ ਸ਼ਾਇਰੀ -ਲੀਲ੍ਹਾ
ਪੰਜਾਬੀ ਕਾਵਿ ਖੇਤਰ ਵਿਚ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਦੀ ਕਾਵਿ ਪੁਸਤਕ ਲੀਲ੍ਹਾ ਦਾ ਪ੍ਰਕਾਸ਼ਨ ਆਪਣੇ ਆਪ ਵਿਚ ਇਕ ਵਿਰਲੀ ਰਚਨਾਤਮਕ ਪ੍ਰਾਪਤੀ ਹੈ। ਇਸ ਦਾ ਵਿਰਲਾ ਚਰਿਤਰ ਵਿਭਿੰਨ ਪ੍ਰਸੰਗਾਂ ਕਰਕੇ ਹੈ। ਆਪਣੇ ਆਪਣੇ ਕਾਵਿ ਮੁਹਾਵਰੇ ਵਿਚ ਸਮਰੱਥ ਦੋ ਸ਼ਾਇਰਾਂ ਦੀਆਂ ਕਵਿਤਾਵਾਂ ਦਾ ਇਕ ਪੁਸਤਕ ਵਿਚ ਪ੍ਰਸਤੁਤ ਹੋਣਾ ਇਸ ਦੇ ਵਿਰਲੇ ਚਰਿਤਰ ਵੱਲ ਸੰਕੇਤ ਹੈ। ਇਸ ਕਾਵਿ ਪੁਸਤਕ ਦੇ ਸਿਰਜਣਾਤਮਕ ਸਰੋਕਾਰਾਂ ਨੇ ਇਹ ਸਪੱਸ਼ਟ ਕਰ ਦਿਤਾ ਹੈ ਕਿ ਸ਼ਾਇਰੀ ਦਾ ਪਾਰਗਾਮੀ ਸੁਭਾਅ ਦੇਸ਼ ਕਾਲ ਦੇ ਬੰਧਨ ਤੋਂ ਪਾਰ ਹੈ। ਇਸੇ ਕਰਕੇ ਇਸ ਪੁਸਤਕ ਨੂੰ ਪ੍ਰਵਾਸੀ ਸਾਹਿਤ ਕਹਿਣਾ ਇਸ ਸ਼ਾਇਰੀ ਨਾਲ ਅਨਿਆਂ ਹੈ। ਇਹ ਤਾਂ ਉਸ ਸ਼ਿਵ ਨੇਤਰ ਵਾਲੀ ਸ਼ਾਇਰੀ ਹੈ ਜੋ ਮਨੁੱਖੀ ਚਿੰਤਾਵਾਂ/ਮਨੁੱਖੀ ਸਰੋਕਾਰਾਂ ਦਾ ਸਹਿਜ ਪ੍ਰਗਟਾਵਾ ਹੈæ ਇਸ ਸ਼ਾਇਰੀ ਦੀ ਸ਼ਰਤ ਹੀ ਇਹ ਹੈ ਕਿ:
ਜੋ ਵੇਖ ਸਕਦਾ ਹੈ
ਕਵਿਤਾ ਲਿਖ ਸਕਦਾ ਹੈ
ਕਵਿਤਾ ਦੀ ਹੋਰ
ਕੋਈ ਸ਼ਰਤ ਨਹੀਂ
ਕੋਈ ਵਿਧੀ ਨਹੀਂ
(ਨਵਤੇਜ ਭਾਰਤੀ)
ਜਿਸ ਰੂਪ ਵਿਚ ਸ਼ਬਦ ਜਨਮਣ
ਓਸੇ ਰੂਪ ਵਿਚ ਰਹਿਣ ਦੇਵਾਂ
ਸ਼ਬਦਾਂ ਨੂੰ
ਸ਼ਿੰਗਾਰਨ ਦਾ ਉਚੇਚ ਨਾ ਕਰਾਂ
ਦਿਲ ਦੀਆਂ ਭਾਵਨਾਵਾਂ ਹੀ ਲਿਖਾਂ
ਕਵਿਤਾ ਹੀ ਨਾ ਲਿਖਾਂ
ਇਸ ਪੁਸਤਕ ਵਿਚ
ਜੋ ਲਿਖਾਂ ਸੱਤਿ ਲਿਖਾਂ
(ਅਜਮੇਰ ਰੋਡੇ)
ਲੀਲ੍ਹਾ ਦੀ ਸ਼ਾਇਰੀ ਇਸ ਪ੍ਰਸੰਗ ਵਿਚ ਤੀਸਰੇ ਨੇਤਰ ਵਾਲੀ ਸ਼ਾਇਰੀ ਹੈ ਕਿਉਂਕਿ ਇਸਦੇ ਪ੍ਰਗਟਾਵੇ ਵਿਚ ਸਹਿਜ ਹੈ ਪਰ ਡੂੰਘ ਵਿਚ ਵਿਵੇਕ ਹੈ, ਚਿੰਤਨ ਹੈ ਅਤੇ ਅਨੁਭਵ ਦੀ ਪ੍ਰਮਾਣਕਤਾ ਹੈ। ਇਹੀ ਰਹੱਸ ਹੈ ਕਿ ਇਹ ਸ਼ਾਇਰੀ ਇਹ ਸੰਕੇਤ ਦਿੰਦੀ ਹੈ ਕਿ ਕਵਿਤਾ ਸਿਰਫ਼ ਪਿਆਰ ਵਿਚ ਮੋਏ ਬੰਦਿਆਂ ਦੇ ਬੋਲ ਨਹੀਂ ਅਤੇ ਨਾ ਹੀ ਨਿਜੀ ਪੀੜਾ ਦਾ ਤਿੱਖਾ ਵਿਰਲਾਪ ਹੈ ਬਲਕਿ ਸ਼ਾਇਰੀ ਉਸ ਜ਼ਿੰਦਗੀ ਦਾ ਅਰਥ ਹੈ ਜੋ ਧਰਤ ਨਾਲ ਜੁੜੀ ਹੋਈ ਹੈ। ਇਹੀ ਕਾਰਣ ਹੈ ਕਿ ਲੀਲ੍ਹਾ ਦੀ ਸੰਾਇਰੀ ਰਚਨਾਤਮਕ ਸੰਵਾਦ ਵਾਲੀ ਹੈ। ਇਸ ਵਿਚ ਉਹ ਰਚਨਾਤਮਕ ਵਿੱਥ ਹੈ ਜੋ ਮਨੁੱਖੀ ਸਰੋਕਾਰਾਂ ਨੂੰ ਖੁੱਲ੍ਹੀ ਅੱਖ ਨਾਲ ਵਿਭਿੰਨ ਝਰੋਖਿਆਂ ਤੋਂ ਦੇਖਦੀ, ਨਿਰਖਦੀ ਅਤੇ ਪਰਖਦੀ ਹੈ। ਇਹ ਸ਼ਾਇਰੀ ਇਕ ਅਜਿਹੀ ਗੂੜ੍ਹੀ ਲਕੀਰ ਸਿਰਜਦੀ ਹੈ ਜੋ ਪੰਜਾਬੀ ਸ਼ਾਇਰੀ ਦੇ ਭਵਿੱਖ ਦੀ ਸੂਚਕ ਬਣ ਰਹੀ ਹੈ। ਇਸ ਕਾਵਿ ਪੁਸਤਕ ਨੇ ਆਪਣੇ ਆਪ ਨੂੰ ਪ੍ਰਵਾਸ ਦੇ ਸੀਮਿਤ ਘੇਰੇ/ਸੀਮਿਤ ਜਜ਼ਬਿਆਂ ਤੋਂ ਜਿਵੇਂ ਨਿਰਲੇਪ ਰੱਖਿਆ ਹੈ, ਉਹ ਇਸਦੇ ਚਰਿਤਰ ਨੂੰ ਦੇਸ਼ ਕਾਲ ਦੇ ਬੰਧਨ ਤੋਂ ਮੁਕਤ ਕਰਦੀ ਹੈ।
ਇਸ ਸ਼ਾਇਰੀ ਦਾ ਸਮੁੱਚਾ ਸੰਦਰਭ ਮਾਨਵੀ ਹੋਂਦ ਦੇ ਅਨੇਕ ਪਾਸਾਰਾਂ ਨਾਲ ਜੁੜਿਆ ਹੋਇਆ ਹੈ। ਇਹ ਪਾਸਾਰ ਅਜਿਹਾ ਪਾਰਗਾਮੀ ਹੈ, ਜਿਸ ਵਿਚ ਅਣਕਹੀਆਂ ਗੱਲਾਂ ਵੀ ਵਿਰਲੇ ਬੋਲ ਬਣ ਗਏ ਹਨ। ਇਸ ਦੇ ਵਿਰਲੇ ਹੋਣ ਦਾ ਰਾਜ਼ ਇਹ ਹੈ ਕਿ ਨਾ ਤਾਂ ਇਹ ਕਿਸੇ ਲਹਿਰ ਦੀ ਉਪਜ ਹੈ ਅਤੇ ਨਾ ਹੀ ਕਿਸੇ ਵਿਸ਼ੇਸ਼ ਸਮੂਹ ਨੂੰ ਸੰਬੋਧਿਤ ਹੈ। ਇਸ ਕਵਿਤਾ ਦਾ ਫੈਲਾਓ ਜ਼ਿੰਦਗੀ ਦੇ ਉਨ੍ਹਾਂ ਪਾਸਾਰਾਂ ਨਾਲ ਹੈ ਜੋ ਸਮੁੱਚੇ ਵਿਸ਼ਵ ਵਿਚ ਪਸਰੀ ਹੋਈ ਹੈ। ਇਹ ਸੰਕੇਤ ਪੁਸਤਕ ਦੇ ਮੁੱਖ ਬੋਲ ਵਿਚ ਹੈ ਕਿ
“ਸਾਡਾ ਵਿਸ਼ਵਾਸ ਹੈ ਕਿ ਲੇਖਕ ਧਰਤੀ ਉਪਰ ਰਹਿੰਦੇ ਹਨ, ਕਿਸੇ ਦੇਸ ਵਿਦੇਸ਼ ਵਿਚ ਨਹੀਂ। ਅਸੀਂ ਧਰਤੀ ਨੂੰ ਟੋਟੇ ਕਰਨ ਵਾਲੀਆਂ ਰਾਜਨੀਤਕ ਸਰਹੱਦਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹਾਂ। ਸਾਡਾ ਸਰੋਕਾਰ ਮਨੁੱਖ ਦੇ ਦੁੱਖ ਸੁੱਖ ਨਾਲ ਹੈ, ਉਸਦੇ ਜਿਉਂਦੇ ਰਹਿਣ ਦੀ ਤਾਂਘ ਨਾਲ, ਘਾਹ ਦੀ ਉਸ ਤਿੜ੍ਹ ਨਾਲ ਜਿਹੜੀ ਵਿਛ ਰਹੇ ਮਾਰੂਥਲ ਵਿਚ ਹਰਿਆਵਲ ਨੂੰ ਫੜੀ ਰਖਦੀ ਹੈ।”
ਸ਼ਾਇਰਾਂ ਦੇ ਇਹ ਬੋਲ ਕੇਵਲ ਰਚਨਾ ਤੋਂ ਬਾਹਰਲੇ ਨਹੀਂ ਬਲਕਿ ਉਨ੍ਹਾਂ ਨੇ ਇਨ੍ਹਾਂ ਬੋਲਾਂ ਨੂੰ ਸਿਰਜਿਤ ਕੀਤਾ ਹੈ। ਨਵਤੇਜ ਭਾਰਤੀ ਦਾ ਸਿਰਜਿਆ ਸੰਸਾਰ ਏਨਾ ਟਿਕਾਉ ਵਾਲਾ ਅਤੇ ਡੂੰਘਾ ਹੈ ਕਿ ਉਨ੍ਹਾਂ ਸਮੀਖਿਆਤਮਕ ਟਿੱਪਣੀਆਂ ਉਪਰ ਹੈਰਾਨੀ ਹੁੰਦੀ ਹੈ ਜੋ ਇਹ ਕਹਿੰਦੀਆਂ ਹਨ ਕਿ ਕਵਿਤਾ ਦਾ ਜੁਗ ਬੀਤ ਗਿਆ ਹੈ ਜਾਂ ਕਵਿਤਾ ਮਨੁੱਖ ਤੋਂ ਟੁੱਟ ਗਈ ਹੈ ਜਾਂ ਸੰਚਾਰ ਥਿੜਕ ਗਿਆ ਹੈ। ਨਵਤੇਜ ਭਾਰਤੀ ਦੀ ਸ਼ਾਇਰੀ ਇਨ੍ਹਾਂ ਟਿਪਣੀਆਂ ਦਾ ਜੀਵੰਤ ਉਤਰ ਹੈ। ਪ੍ਰਮਾਣ ਵਜੋਂ ਇਸ ਸ਼ਾਇਰੀ ਦੀ ਗਹਿਰਾਈ ਅਤੇ ਸਹਿਜ ਇਨ੍ਹਾਂ ਕਾਵਿ ਬੋਲਾਂ ਵਿਚ ਦੇਖੋ:
ਵਗਦੀ ਨਦੀ ਤੋਂ ਮੈਂ
ਪਾਣੀ ਨਹੀਂ
ਤੁਰਨ ਦੀ ਧੂਹ ਮੰਗਦਾ ਹਾਂ
ਮੇਰੀ ਪਿਆਸ ਵੱਖਰੀ ਹੈ
—-
ਜਦੋਂ ਸੂਰਜ ਚੜ੍ਹਦਾ ਹੈ
ਮੈਂ ਮੰਦੇ ਬੋਲ
ਭੁੱਲ ਜਾਂਦਾ ਹਾਂ
ਹੱਥਾਂ ਵਿਚ
ਕਿਰਤ ਦਾ ਨਿੱਘ
ਜਾਗ ਉਠਦਾ ਹੈ
ਇਹ ਸੂਰਜ ਦੇ
ਉਦੇ ਹੋਣ ਦੀ ਬਰਕਤ ਹੈ (ਨਵਤੇਜ ਭਾਰਤੀ)
ਨਿਰਸੰਦੇਹ ਲੀਲ੍ਹਾ ਕਾਵਿ ਪੁਸਤਕ ਦੀ ਸ਼ਾਇਰੀ ਦਾ ਰਚਨਾਮਤਕ ਚਰਿਤਰ ਉਸ ਵਗ ਰਹੀ ਪੌਣ ਵਰਗਾ ਹੈ ਜੋ ਮਨੁੱਖੀ ਹੋਂਦ ਨੂੰ ਛੂਹੰਦੀ ਹੋਈ ਉਸ ਦੇ ਨਾਲ ਨਾਲ ਚਲਦੀ ਰਹਿੰਦੀ ਹੈ। ਇਸ ਸ਼ਾਇਰੀ ਵਿਚ ਨਾ ਤਾਂ ਚਿਲਕਵੀਂ ਸੁਰ ਹੈ ਅਤੇ ਨਾ ਹੀ ਬੇਲੋੜੀ ਸ਼ਬਦ ਲੀਲ੍ਹਾ ਹੈ। ਇਹ ਸ਼ਾਇਰ ਉਸ ਡੂੰਘੇ ਚਿੰਤਨ ਵਿਚੋਂ ਡੁੱਬ ਕੇ ਉਭਰੇ ਹਨ ਕਿ ਉਨ੍ਹਾਂ ਨੂੰ ਧਰਤ ਦੇ ਵਿਵੇਕ ਉਸਾਰਨ ਲਈ ਉਚੇਚ ਨਹੀਂ ਕਰਨਾ ਪੈਂਦਾ। ਇਹੀ ਕਾਰਣ ਹੈ ਕਿ ਇਸ ਸ਼ਾਇਰੀ ਦਾ ਸੰਵਾਦ ਵੀ ਸਿਰਜਣਾਤਮਕ ਹੈ। ਰੋਡੇ ਦੀ ਸ਼ਾਇਰੀ ਦਾ ਨਾਟਕੀ ਸੁਭਾਅ ਉਸਦੇ ਚਿੰਤਨ ਨੂੰ ਹੋਰ ਵਧੇਰੇ ਰਚਨਾਤਮਕ ਅਤੇ ਪ੍ਰਭਾਵਸ਼ਾਲੀ ਬਣਾ ਦੇਂਦਾ ਹੈ। ਨਵਤੇਜ ਭਾਰਤੀ ਜਿਥੇ ਸਿਮਟ ਸਿਮਟ ਕੇ ਅਰਥਾਂ ਵਿਚ ਫੈਲਦਾ ਹੈ ਉਥੇ ਅਜਮੇਰ ਰੋਡੇ ਵਿਚ ਬਿਰਤਾਂਤਕ ਚੇਤਨਾ ਹੈ। ਇਸ ਕਾਵਿ ਵਿਚ ਅਨੁਭਵ ਦਾ ਸੱਚ ਅਤੇ ਸੁੱਚ ਦੋਵੇਂ ਬੜੇ ਮੁੱਲਵਾਨ ਹਨ। ਅਜਮੇਰ ਦੀ ਕਵਿਤਾ ਵਿਚ ਸੂਖਮ ਕਟਾਖਸ਼ ਬੜਾ ਕਰਤਾਰੀ ਚਰਿਤਰ ਵਾਲਾ ਹੈ। ‘ਜੌਹਨੀ’ ਇਸ ਕਟਾਖਸ਼ ਦਾ ਜਿਉਂਦਾ ਪ੍ਰਮਾਣ ਹੈ ਜੋ ਇਕ ਕੁੱਤੇ ਦੀ ਚੁੱਪ ਵਿਚੋਂ ਪ੍ਰਗਟ ਹੁੰਦਾ ਹੈ। ਇਹ ਵਿਅੰਗ ਉਸ ਮਨੁੱਖੀ ਸੋਚ ਉਪਰ ਹੈ ਜੋ ਸਭ ਤੋਂ ਵਧੇਰੇ ਨਸਲਵਾਦੀ ਅਤੇ “ਸਿਰਫਿਰਿਆ ਜਾਨਵਰ” ਹੈ। ਅਜਮੇਰ ਰੋਡੇ ਦੀ ਕਵਿਤਾ ਦਾ ਕਰਤਾਰੀ ਚਰਿਤਰ ਇਸ ਨਜ਼ਮ ਵਿਚ ਸਿਖਰ ਉਪਰ ਹੈ ਜਿਸ ਵਿਚ ਸ਼ਾਇਰ ਕੁਰਬਾਨ ਹੋ ਗਿਆ ਹੈ ਪਰ ਅਰਥ ਦੀ ਸੁਰ ਏਨੀ ਸਹਿਜ ਹੈ ਕਿ ਪਾਠਕ ਅੰਦਰ ਵੇਦਨਾ ਰੋਹ ਵੀ ਪੈਦਾ ਕਰਦੀ ਹੈ ਪਰੰਤੂ ਸੁਰ ਸ਼ੋਰ ਵਾਲੀ ਨਹੀਂ। ਪ੍ਰਮਾਣ ਵਜੋਂ:
ਮਾਂ ਨੀ ਮਾਂ
ਤੇਰਾ ਕਾਲਾ ਪੁੱਤਰ ਮੋਇਆ
ਤੇਰੀ ਅੱਖ ‘ਚ ਦਗਣ ਸ਼ਰਾਰੇ
ਸਾਡੀ ਅੱਖ ‘ਚ ਹੰਝੂ ਆਇਆ
ਜਿਸ ਸੂਲੀ ਤੇਰਾ ਗੀਤ ਬੋਲਦਾ
ਪੁੱਤਰ ਚੜ੍ਹਿਆ
ਉਸ ਸੂਲੀ ਤੇ ਫੂਕ ਮਾਰਦੇ
ਗੁੰਮ ਸੁੰਮ ਬੈਠੇ
ਉਸਦੇ ਬੋਲਾਂ ਨੂੰ ਥਰਕਾ ਦੇ
ਪੌਣਾਂ ਵਿਚ ਖਿੰਡਾ ਦੇ (ਅਜਮੇਰ ਰੋਡੇ)
ਨਿਰਸੰਦੇਹ ਕਾਵਿ ਪੁਸਤਕ “ਲੀਲ੍ਹਾ” ਪੰਜਾਬੀ ਕਵਿਤਾ ਦੇ ਸੰਦਰਭ ਵਿਚ ਇਕ ਅਜਿਹੀ ਕਰਤਾਰੀ ਆਮਦ ਹੈ ਜਿਸ ਨੇ ਪੰਜਾਬੀ ਕਵਿਤਾ ਨੂੰ ਇਕ ਨਵਾਂ ਰੰਗ ਅਤੇ ਵਿਆਪਕ ਪਰਿਪੇਖ ਪ੍ਰਦਾਨ ਕੀਤਾ ਹੈ। ਇਸ ਸ਼ਾਇਰੀ ਨੇ ਮਨੁੱਖੀ ਝਰੋਖੇ ਦੀ ਪ੍ਰਮਾਣਕਤਾ ਵਿਚੋਂ ਦੇਸ ਪਰਦੇਸ ਦੀਆਂ ਸੀਮਾਵਾਂ ਨੂੰ ਮੇਟ ਦਿਤਾ ਹੈ। ਇਸ ਸ਼ਾਇਰੀ ਦਾ ਮੁੱਲ ਇਸ ਦੇ ਸਹਿਜ ਵਿਵੇਕ ਵਿਚ ਹੈ, ਅਨੁਭਵ ਦੀ ਗਹਿਰਾਈ ਅਤੇ ਉਸਦੇ ਪ੍ਰਮਾਣਕ ਪ੍ਰਗਟਾਵੇ ਵਿਚ ਹੈ। ਇਸ ਸ਼ਾਇਰੀ ਦੇ ਪਾਠਕ ਨੂੰ ਇਹ ਇਸ ਲਈ ਵਿਰਲੀ ਲਗੇਗੀ ਕਿਉਂਕਿ ਉਹ ਨਿਰੰਤਰ ਇਸ ਦੇ ਅੰਗ ਸੰਗ ਤੁਰਦਾ ਇਸ ਵਿਚੋਂ ਭਵਿੱਖ ਦੀ ਪਛਾਣ ਕਰਦਾ ਹੈ। ਇਸ ਸ਼ਾਇਰੀ ਵਿਚ ਜਿਹੜਾ ਚਿੰਤਨ ਅਤੇ ਅਨੁਭਵ ਦਾ ਸੁਮੇਲ ਹੈ, ਉਹ ਹੀ ਇਸ ਨੂੰ ਕਰਤਾਰੀ ਰੰਗ ਦੇਂਦਾ ਹੈ। ਸ਼ਬਦ ਤੋਂ ਸ਼ਾਸਤਰ ਦੀ ਭੂਮਿਕਾ ਇਸ ਸ਼ਾਇਰੀ ਦੇ ਅਵਚੇਤਨ ਵਿਚ ਟਿਕੀ ਹੋਈ ਹੈ। ਇਸ ਸ਼ਾਇਰੀ ਦੇ ਸੱਚ ਨੂੰ ਮਾਨਣ ਲਈ ਪਾਠਕ ਨੂੰ ਇਕ ਕਦਮ ਨਾਲ ਤੁਰਨਾ ਪਵੇਗਾ ਕਿਉਂਕਿ ਇਹ ਉਹ ਸ਼ਾਇਰੀ ਹੈ ਜੋ ਇਹ ਸੁਰਤਿ ਪੈਦਾ ਕਰਦੀ ਹੈ ਕਿ:
ਨਦੀ ਦੇ ਕੰਢੇ
ਨਦੀ ਨੂੰ ਫੜਦੇ ਨਹੀਂ
ਵਗਣ ਦਿੰਦੇ ਹਨ
——–
ਨਦੀ ਦੇ ਕੰਢੇ
ਸਮੁੰਦਰ ਤਕ
ਉਸਦੇ ਨਾਲ ਜਾਂਦੇ ਹਨ
ਜਿੱਥੇ ਉਹ ਆਪ
ਸਮੁੰਦਰ ਬਣ ਜਾਂਦੀ ਹੈ (ਨਵਤੇਜ ਭਾਰਤੀ)
ਇਹੀ ਇਸ ਸ਼ਾਇਰੀ ਦੀ ਸਮਰੱਥਾ ਹੈ ਕਿ ਸ਼ਾਇਰ ਨਾਲ ਤਾਂ ਤੁਰ ਰਿਹਾ ਹੈ ਪਰ ਅਹਿਸਾਸ ਨਹੀਂ ਹੋਣ ਦੇਂਦਾ। ਪਾਠਕ ਦੀ ਸੁਰਤਿ ਨਵੇਂ ਅਰਥ ਪ੍ਰਾਪਤ ਕਰਦੀ ਹੈ ਪਰੰਤੂ ਉਸ ਵਿਚਲੀ ਸੁਰ ਚਿਲਕਵੀਂ ਨਹੀ, ਸ਼ੋਰ ਨਹੀਂ ਬਲਕਿ ਧੁਰ ਅੰਤਹਕਰਣ ਤੀਕ ਪ੍ਰਭਾਵ ਫੈਲਦਾ ਹੈ। ਇਹ ਅਰਥਾਂ ਦੀ ਉਹ ਸ਼ਾਇਰੀ ਹੈ, ਰਚਨਾਤਮਕ ਸੰਵਾਦ ਜਿਸ ਦੇ ਆਰ ਪਾਰ ਹੈ। ਇਸ ਸ਼ਾਇਰੀ ਨੇ ਪੰਜਾਬੀ ਕਵਿਤਾ ਅਗੇ ਇਕ ਵੱਡੀ ਲੀਕ ਖਿੱਚ ਕੇ ਨਵੀਂ ਚੁਣੌਤੀ ਪੈਦਾ ਕੀਤੀ ਹੈ। ਅਜਿਹੀ ਸ਼ਾਇਰੀ ਹੀ ਸ਼ਿਵਨੇਤਰ ਦੀ ਸ਼ਾਇਰੀ ਕਹੀ ਜਾਵੇਗੀ।