ਓਪਰੀ ਨਜ਼ਰ (ਲੀਲ੍ਹਾ ਬਾਰੇ)
ਬਕੌਲ ਸੁਰਜੀਤ ਪਾਤਰ ‘ਲੀਲ੍ਹਾ’ ਸਾਡੀ ਸਦੀ ਦੀਆਂ ਸਭ ਤੋਂ ਮਹੱਤਵਪੂਰਨ ਕਾਵਿ ਪੁਸਤਕਾਂ ਵਿਚੋਂ ਹੈ। ਹਰਿੰਦਰ ਸਿੰਘ ਮਹਿਬੂਬ ਕਹਿੰਦੇ ਹਨ ਕਿ ਇੱਕੀਵੀਂ ਸਦੀ ਦੇ ਪੰਜਾਬੀ ਕਾਵਿ ਨੂੰ ‘ਲੀਲ੍ਹਾ’ ਨਾਲ ਉਸੇ ਤਰ੍ਹਾਂ ਦਾ ਹੁਲਾਰਾ ਮਿਲੇਗਾ, ਜਿਸ ਤਰ੍ਹਾਂ ਦੋ ਸਦੀਆਂ ਪਹਿਲਾਂ ਕੌਲਰਿਜ ਤੇ ਵਰਡਜ਼ਵਰਥ ਦੇ ਸਾਂਝੇ ਕਾਵਿ ਸੰਗ੍ਰਹਿ ‘ਲਿਰੀਕਲ ਬੈਲਡਜ਼’ ਨਾਲ ਅੰਗਰੇਜ਼ੀ ਕਾਵਿ ਨੂੰ ਮਿਲਿਆ ਸੀ। ਪਿਛਲੇ ਦਿਨਾਂ ਦੌਰਾਨ ਇਕ ਬੈਠਕ ਵਿਚ ਸ੍ਰੀ ਹਰਭਜਨ ਸਿੰਘ ਯੋਗੀ ਜੀ ਦੀ ਮੌਜੂਦਗੀ ਵਿਚ ਨਵਤੇਜ ਭਾਰਤੀ ਹੋਰਾਂ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ ਤਾਂ ਯੋਗੀ ਜੀ ਲੰਮਾ ਸਮਾਂ ਇਕ ਟਕ ਇਹ ਕਵਿਤਾਵਾਂ ਸੁਣਦੇ ਰਹੇ ਤੇ ਅਖੀਰ ਨਤਮਸਤਕ ਹੁੰਦਿਆਂ ਕਿਹਾ ਕਿ ਮੈਨੂੰ ਪਹਿਲੀ ਵਾਰ ਕੋਈ ਵੱਡਾ ਕਵੀ ਮਿਲਿਆ ਹੈ। ਇਹ ਗੱਲਾਂ ਤੇ ਘਟਨਾਵਾਂ ਹੀ ‘ਲੀਲ੍ਹਾ’ ਦੀਆਂ ਕਵਿਤਾਵਾਂ ਨਾਲ ਮੁਢਲੀ ਜਾਣ ਪਛਾਣ ਹੈ। ਨਵਤੇਜ ਭਾਰਤੀ ਤੇ ਅਜਮੇਰ ਰੋਡੇ ਸਕੇ ਭਰਾ ਹਨ ਤੇ ਕੈਨੇਡਾ ਦੇ ਵਾਸੀ ਹਨ। ਹਜ਼ਾਰ ਤੋਂ ਜ਼ਿਆਦਾ ਸਫ਼ੇ ਦੀ ਇਹ ਕਿਤਾਬ ਪੰਜਾਬੀ ਸਾਹਿਤ ਜਗਤ ਵਿਚ ਇਕ ਵੱਡੀ ਘਟਨਾ ਹੈ। ਇਹ ਰੇਨਬਰਡ ਪ੍ਰਕਾਸ਼ਨ ਦੀ ਪਹਿਲੀ ਪੰਜਾਬੀ ਜਾਂ ਗੈਰ ਅੰਗਰੇਜ਼ੀ ਪੁਸਤਕ ਹੈ।
ਨਵਤੇਜ ਭਾਰਤੀ ਚੌਥਾਈ ਸਦੀ ਪਹਿਲਾਂ ਜਦੋਂ ਕੈਨੇਡਾ ਗਏ ਸਨ ਤਾਂ ਪੰਜਾਬ ਦੇ ਸਾਹਿਤਕ ਸੀਨ ਤੋਂ ਅਲੋਪ ਹੋ ਗਏ ਸਨ। ਉਹ ਵੀ ਉਸੇ ਪਟਿਆਲਵੀ ਭੂਤਵਾੜੇ ਦੇ ਲੇਖਕ ਹਨ ਜਿਸ ਨਾਲ ਹਰਿੰਦਰ ਸਿੰਘ ਮਹਿਬੂਬ ਸੰਬੰਧਤ ਹਨ। ਹਰਿੰਦਰ ਮਹਿਬੂਬ ਹੋਰਾਂ ਨੇ ਵੀ ਬਹੁਤ ਸਾਲ ਚੁੱਪ ਰਹਿਣ ਮਗਰੋਂ ਕਵਿਤਾਵਾਂ ਦੀ ਵੱਡੀ ਕਿਤਾਬ ‘ਝਨਾਂ ਦੀ ਰਾਤ’ ਛਪਵਾਈ ਸੀ। ਨਵਤੇਜ ਭਾਰਤੀ ਹੋਰੀਂ ਵੀ ਉਸੇ ਤਰ੍ਹਾਂ ਬਹੁਤ ਲੰਬੀ ਚੁੱਪ ਤੋਂ ਬਾਅਦ ਸਾਹਮਣੇ ਆਏ ਹਨ। ਅਜਮੇਰ ਰੋਡੇ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਲਿਖਦੇ ਤੇ ਛਪਦੇ ਰਹੇ ਹਨ। ਉਨ੍ਹਾਂ ਦੀਆਂ ਕਈ ਕਿਤਾਬਾਂ ਵੀ ਪ੍ਰਕਾਸ਼ਤ ਹਨ।
ਇਸ ਕਿਤਾਬ ਨੇ ਤੇ ਖ਼ਾਸ ਕਰਕੇ ਨਵਤੇਜ ਭਾਰਤੀ ਹੋਰਾਂ ਦੀਆਂ ਕਵਿਤਾਵਾਂ ਨੇ ਪੰਜਾਬੀ ਵਿਚ ਬਿਲਕੁਲ ਨਵੀਂ ਤਰ੍ਹਾਂ ਦੀ ਕਵਿਤਾ ਦਾ ਅਰੰਭ ਕੀਤਾ ਹੈ। ਪੰਜਾਬ ਦੀ ਨਵੀਂ ਕਵਿਤਾ ਇਸ ਸ਼ਾਇਰੀ ਤੋਂ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕੇਗੀ। ਹਰਿੰਦਰ ਸਿੰਘ ਮਹਿਬੂਬ ਹੋਰਾਂ ਨੇ ਕਿਤੇ ਲਿਖਿਆ ਸੀ ਕਿ ਪੰਜਾਬੀ ਵਿਚ ਕਿਸੇ ਮਹਾਂਕਵੀ ਦੇ ਪੈਦਾ ਹੋਣ ਦੀ ਉਮੀਦ ਬਣ ਗਈ ਹੈ। ਨਵਤੇਜ ਭਾਰਤੀ ਹੁਰਾਂ ਦੀਆਂ ਕਵਿਤਾਵਾਂ ਨੇ ਪੰਜਾਬੀ ‘ਚ ਕਵਿਤਾ ਦਾ ਇਕ ਵੱਡਾ ਰੂਪ ਪੇਸ਼ ਕੀਤਾ ਹੈ। ਪਿਛਲੇ ਦਿਨੀਂ ‘ਓਪੀਨੀਅਨ ਮੇਕਰਜ਼’ ਅਤੇ ਪੰਜਾਬੀ ਅਕਾਦਮੀ ਵੱਲੋਂ ਇਹ ਪੁਸਤਕ ਲੁਧਿਆਣੇ ਵਿਚ ਰਿਲੀਜ਼ ਕੀਤੀ ਗਈ। ਇਸ ਪੁਸਤਕ ਦੇ ਰਿਲੀਜ਼ ਹੋਣ ਨਾਲ ਪੰਜਾਬੀ ਕਵਿਤਾ ਤੇ ਸਾਹਿਤ ਜਗਤ ਵਿਚ ਇਕ ਨਵੀਂ ਲਹਿਰ ਛਿੜੇਗੀ। ਆਧੁਨਿਕ ਪੰਜਾਬੀ ਕਵਿਤਾ ਦਾ ਇਕ ਨਵਾਂ ਮਾਡਲ ਵਿਚਾਰਿਆ ਜਾਵੇਗਾ।
ਇਹ ਦਿਲਚਸਪ ਗਲ ਹੈ ਕਿ ਪੰਜਾਬੀ ਸਾਹਿਤ ਦੀ ਇਹ ਮਹੱਤਵਪੂਰਨ ਪੁਸਤਕ ਕੈਨੇਡਾ ਵਿਚ ਵਸਦੇ ਕਵੀਆਂ ਵੱਲੋਂ ਆਈ ਹੈ। ਇਸ ਪੁਸਤਕ ਨੇ ਗਲੋਬਲ ਪੰਜਾਬੀ ਸਭਿਆਚਾਰ ਦੀ ਨਵੀਂ ਪਛਾਣ ਨੂੰ ਨਿਰਧਾਰਤ ਕਰਨ ਵਿਚ ਵੀ ਵੱਡੀ ਭੂਮਿਕਾ ਨਿਭਾਉਣੀ ਹੈ। ਇਹ ਉਨ੍ਹਾਂ ਧਾਰਨਾਵਾਂ ਨੂੰ ਵੀ ਚੁਣੌਤੀ ਦਿੰਦੀ ਹੈ, ਜਿਹੜੀਆਂ ਪੰਜਾਬ ਬਾਰੇ ਭੂਗੋਲ-ਮੁਖ ਮਾਨਤਾਵਾਂ ਤੇ ਉਸਰੀਆਂ ਹਨ। ਇਸ ਪੁਸਤਕ ਨੇ ‘ਪਰਵਾਸੀ ਸਾਹਿਤ’ ਜਿਹੀਆਂ ਸਾਡੀਆਂ ਸਾਹਿਤਕ-ਸਿਧਾਂਤਕ ਧਾਰਨਾਵਾ ਨੂੰ ਵੀ ਵੱਡੀ ਚੁਣੌਤੀ ਦਿੱਤੀ ਹੈ।