ਪੰਜ ਦਰਿਆ ਵਿਚੋਂ

ਨਵਤੇਜ ਭਾਰਤੀ ਦਾ ਕਵਿਤਾ ਨਾਲ ਰਿਸ਼ਤਾ

ਨਵਤੇਜ ਭਾਰਤੀ ਨੇ ਪੱਚੀ ਸਾਲ ਕਵਿਤਾ ਨਹੀਂ ਲਿਖੀ, ਜਦੋਂ ਲਿਖੀ ਤਾਂ ਪੰਜਾਬੀ ਕਵਿਤਾ ਸੰਸਾਰ ਦਾ ਪੂਰਾ ਸੰਦਰਭ ਬਦਲ ਗਿਆ। ਕਿਸੇ ਨੇ ਕਿਹਾ ਹੈ ਕਿ ਉਨ੍ਹਾ ਆਦਮੀਆਂ ਦਾ ਹੋਣਾ ਹੀ ਹੋਣਾ ਹੁੰਦਾ ਹੈ, ਜਿਨ੍ਹਾ ਦੇ ਹੋਣ ਨਾਲ ਜੀਵਨ ਦੀਆਂ ਸਮੀਕਰਨਾਂ ਬਦਲ ਜਾਂਦੀਆਂ ਹਨ। ਨਵਤੇਜ ਭਾਰਤੀ ਮਨੁੱਖ ਦੇ ਹੋਣ ਨਾਲ ਜੀਵਨ ‘ਚ  ਜੋ ਫਰਕ ਪੈਂਦਾ ਹੈ, ਉਹ ਬੜਾ ਅਦਿੱਖ ਹੋਵੇਗਾ ਪਰ ਨਵਤੇਜ ਭਾਰਤੀ ਕਵੀ ਦੇ ਹੋਣ ਨਾਲ ਪਿਆ ਫਰਕ ਬੜਾ ਪ੍ਰਤੱਖ ਹੈ। ਇਸ ਨੂੰ ਜਾਨਣਾ ਤੇ ਸਮਝਣਾ ਸੌਖਾ ਹੈ।

ਨਵਤੇਜ ਭਾਰਤੀ ਛੱਬੀ ਸਤਾਈ ਸਾਲ ਪਹਿਲਾਂ ਕੈਨੇਡਾ ਚਲੇ ਗਏ ਸਨ ਤੇ ਪੱਚੀ ਸਾਲ ਵਾਪਸ ਨਹੀਂ ਸਨ ਮੁੜੇ। ਪਿਛੋਕੜ ਉਨ੍ਹਾਂ ਦਾ ਪਟਿਆਲੇ ਦੇ ਭੂਤਵਾੜੇ ਨਾਲ ਸੰਬੰਧਤ ਹੈ। ਏਥੇ ਰਹਿਣ ਵੇਲੇ ਵੀ ਕਵਿਤਾਵਾਂ ਲਿਖਦੇ ਸਨ, ਪਰ ਜਾਣ ਵੇਲੇ ਦੇਸ਼ ਦੇ ਨਾਲ ਹੀ ਕਵਿਤਾ ਵੀ ਛੱਡ ਗਏ ਸਨ। ਛੋਟੇ ਭਰਾ ਅਜਮੇਰ ਰੋਡੇ ਜੋ ਕਿੱਤੇ ਵਜੋਂ ਇੰਜੀਨੀਅਰ ਹਨ, ਉਹ ਵੀ ਕੈਨੇਡਾ ਸੈਟਲ ਹੋਏ। ਉਹ ਕਵਿਤਾ ਲਿਖਦੇ ਰਹੇ ਪਰ ਨਵਤੇਜ ਕਵਿਤਾ ਛੱਡ ਗਏ ਸਨ। ਪਰ ਕਵਿਤਾ ਉਨ੍ਹਾਂ ਅੰਦਰੋਂ ਫਿਰ ਉਗ ਆਈ। ਦੋਵੇਂ ਭਰਾ ਇੱਕੋ ਜਿੰਨੀ ਪ੍ਰਤਿਭਾ ਦੇ ਮਾਲਕ ਹਨ ਤੇ ਪੁਰਾਣੇ ਮੁਹਾਵਰੇ ‘ਚ ਗੱਲ ਕਹੀਏ ਤਾਂ ਰਾਮ ਲਛਮਣ ਦੀ ਜੋੜੀ ਹਨ। ਦੋਵਾਂ ਨੇ ਇਕੱਠਿਆਂ ਕਿਤਾਬ ਛਪਵਾਈ ਹੈ। ਇਹ ਕਿਤਾਬ ਕਵਿਤਾ ਦੇ ਨਾਲ ਨਾਲ ਭਰਾ ਪ੍ਰੇਮ ਦੀ ਵੀ ‘ਲੀਲ੍ਹਾ’ ਹੈ।

 ਪੰਜਾਬੀ ਵਿਚ ਉਤਰ-ਆਧੁਨਿਕ ਸਰੋਕਾਰਾਂ ਦੀ ਵਾਸਤਵ ਵਿਚ ਇਹ ਪਹਿਲੀ ਕਵਿਤਾ ਹੈ। ਇਸ ਤੋਂ ਪਹਿਲਾਂ ਸਿਰਫ ਉਤਰ ਆਧੁਨਿਕਤਾ ਦੇ ਟਾਂਕੇ ਲਾਏ ਗਏ ਹਨ। ਦੋਵੇਂ ਭਰਾ ਸੁਚੇਤ ਪੱਧਰ ਤੇ ਵੀ ਉਤਰ ਆਧੁਨਿਕ ਸਰੋਕਾਰਾਂ ਨਾਲ ਲੈੱਸ ਹਨ। ਪੰਜਾਬੀ ਕਵੀਆਂ ਵਿਚ ਇਹ ਵਿਲੱਖਣ ਗੱਲ ਹੈ। ਆਪਣੀ ਕਵਿਤਾ ਬਾਰੇ ਜਾਂ ਜੀਵਨ ਦੇ ਦੂਸਰੇ  ਪਹਿਲੂਆਂ ਬਾਰੇ ਉਹ ਜਦੋਂ ਗੱਲ ਕਰਦੇ ਹਨ ਤਾਂ ਪੰਜਾਬੀ ਸਾਹਿਤ ਦੀ ਦੁਨੀਆਂ ਵਿਚ ਇਕ ਵੱਖਰਾ ਅਨੁਭਵ ਹੁੰਦਾ ਹੈ। ਪੰਜਾਬੀ ਕਵੀਆਂ ਦੀ ਜਗੀਰੂ ਸੰਵੇਦਨਾ ਤੇ ਜਗੀਰੂ ਬੌਧਿਕਤਾ ਦੇ ਸੰਸਾਰ ਵਿਚੋਂ ਬਾਹਰ ਨਿਕਲ ਆਉਣ ਦਾ ਅਹਿਸਾਸ ਹੁੰਦਾ ਹੈ। ਜਿਵੇਂ ਅੱਤਵਾਦ ਦੇ ਖਾਤਮੇ ਤੋਂ ਬਾਅਦ ਦੇ ਦਿਨਾਂ ਵਿਚ ਹੁੰਦਾ ਸੀ।

ਦੋਵੇਂ ਭਰਾਵਾਂ ਵਿਚੋਂ ਕਿਸੇ ਇਕ ਦਾ ਵੀ ਜ਼ਿਕਰ ਦੂਸਰੇ ਬਗ਼ੈਰ ਨਹੀਂ ਹੋ ਸਕਦਾ। ਇਹ ਗੱਲ ਉਨ੍ਹਾਂ ਖ਼ੁਦ ਹੀ ਸਥਾਪਤ ਕਰ ਦਿੱਤੀ ਹੈ। ਦੋਵਾਂ ਦੀ ਕਵਿਤਾ ਦੀ ਸਾਂਝ ਵੀ ਹੈਰਾਨ ਕਰਦੀ ਹੈ। ‘ਲੀਲ੍ਹਾ’ ਦੇ  ਪ੍ਰਕਾਸ਼ਨ ਨੇ ਪੰਜਾਬੀ ਸਾਹਿਤ ਦੀਆਂ ਸਿਧਾਂਤਕ ਥਾਪਨਾਵਾਂ ਤੇ ਜੋ ਅਸਰ ਪਾਇਆ ਹੈ, ਉਹ ਬਹੁਤ ਅਹਿਮ ਹੈ। ਇਸ ਕਵਿਤਾ ਨੇ ਪੰਜਾਬੀ ਵਿੱਚ ਆਧੁਨਿਕ ਤਰ੍ਹਾਂ ਦੀ ਕਵਿਤਾ ਦਾ ਇਕ ਨਵਾਂ ਮਾਡਲ ਪੇਸ਼ ਕੀਤਾ ਹੈ। ਨਵੇਂ ਕਵੀਆਂ ਲਈ ਇਸ ਕਵਿਤਾ ਨੂੰ ਅਣਡਿੱਠ ਕਰਕੇ ਕਵਿਤਾ ਲਿਖਣਾ ਸੰਭਵ ਨਹੀਂ ਹੋਵੇਗਾ। ਇਸ ਕਵਿਤਾ ਦੀ ਸੰਵੇਦਨਾ ਇਕ ਵੱਖਰੀ ਜ਼ਮੀਨ ਵਿਚੋਂ ਉਗਮੀ ਹੈ। ਇਸ ਸੰਵੇਦਨਾ ਨੂੰ ਆਤਮਸਾਤ ਕਰਨ ਲਈ ਵੀ ਕਈ ਲੋਕਾਂ ਨੂੰ ਵਕਤ ਲਗੇਗਾ। ਕਹਿੰਦੇ ਹਨ ਕਿ ਜਦੋਂ ਕਿਸੇ ਬੰਦੇ ਕੋਲ ਕਹਿਣ ਲਈ ਕੁਝ ਨਾ ਹੋਵੇ ਤਾਂ ਉਹ ਸ਼ਬਦ ਅਡੰਬਰ ਜਾਂ ਰੈਟਰਿਕ ਤੇ ਉਤਰ ਆਉਂਦਾ ਹੈ। ਸਾਡੇ ਬਹੁਤ ਸਾਰੇ ਬੰਦਿਆਂ ਦੀ ਹਾਲਤ ਅਜਿਹੀ ਹੀ ਬਣੀ ਹੋਈ ਹੈ। ਅਜਿਹੀਆਂ ਆਦਤਾਂ ਵਾਲੇ ਬੰਦਿਆਂ ਲਈ ‘ਲੀਲ੍ਹਾ’ ਦੇ ਸ਼ਾਇਰਾਂ ਦੀ ਕਵਿਤਾ ਪੜ੍ਹਨਾ ਨਵਾਂ ਅਨੁਭਵ ਹੋਵੇਗਾ। ਸਾਡੇ ਮਨਾਂ ਵਿਚ ਹੁਣ ਤਕ ਪੰਜਾਬ ਦਾ ਜੋ ਵਿਚਾਰ ਹੈ, ਉਸਦਾ ਕੇਂਦਰ ਸਾਡਾ ਸਤਾਰਾਂ ਜ਼ਿਲ੍ਹਿਆਂ ਵਾਲਾ ਪੰਜਾਬ ਹੀ ਹੈ। ਇਸ ਕਰਕੇ ਸਾਡੇ ਸਾਹਿਤਕ ਸੰਸਥਾਨ ਜਦੋਂ ਕੋਈ ਇਨਾਮ ਦਿੰਦੇ ਹਨ ਤਾਂ ਬਾਹਰ ਵਾਲੇ ਲੇਖਕਾਂ ਨੂੰ ਇਕ ਵੱਖਰੀ ਕੈਟਾਗਰੀ ਵਿਚ ਰਖਦੇ ਹਨ।

‘ਲੀਲ੍ਹਾ’ ਨੇ ਪੰਜਾਬ ਦੇ ਇਸ ਵਿਚਾਰ ਨੂੰ ਪ੍ਰੈਕਟੀਕਲ ਚੁਣੌਤੀ ਦਿੱਤੀ ਹੈ। ਇਸ ਕਵਿਤਾ ਨੂੰ ਪਰਵਾਸੀ ਸਾਹਿਤ ਦੇ ਰਿਜ਼ਰਵ ਕੋਟੇ ਵਿਚ ਨਹੀਂ ਪਾਇਆ ਜਾ ਸਕਦਾ। ਇਸ ਨੇ ਪੰਜਾਬ ਦੇ ਵਿਚਾਰ ਦੇ ਕੇਂਦਰ ਨੂੰ ਬਦਲ ਦਿੱਤਾ ਹੈ। ਇਸ ਕਿਤਾਬ ਨੂੰ ਇਕ ਅੰਤਰ-ਰਾਸ਼ਟਰੀ ਅੰਗਰੇਜ਼ੀ ਪ੍ਰਕਾਸ਼ਨ ਨੇ ਛਾਪਿਆ ਹੈ ਤੇ ਇਹ ਉਨ੍ਹਾਂ ਦੀ ਪਹਿਲੀ ਗ਼ੈਰ ਅੰਗਰੇਜ਼ੀ ਕਿਤਾਬ ਹੈ। ਬੌਧਿਕ ਦੁਨੀਆਂ ਵਿਚ ਪੰਜਾਬੀ ਦੀ ਅੰਤਰ ਰਾਸ਼ਟਰੀ ਪਛਾਣ ਬਣਾਉਣ ਵੱਲ ਇਹ ਇਕ ਕਦਮ ਹੈ।

ਇਸ ਕਿਤਾਬ ਦਾ ਉਤਪਾਦਨ ਤੇ ਇਸ ਦੀ ਪ੍ਰਿੰਟਿੰਗ ਵੀ ਪੰਜਾਬੀ ਬੌਧਿਕ ਸੰਸਾਰ ਵਿਚ ਇਕ ਜਸ਼ਨ ਹੈ। ਇਸ ਕਿਤਾਬ ਦੀ ਤਰਤੀਬ ਵੀ ਇਕ ਬੌਧਿਕ ਬਿਆਨ ਹੈ। ਕਿਤਾਬ ਵਿਚ ਵੱਖ ਵੱਖ ਥਾਵਾਂ ਤੇ ਦੁਨੀਆਂ ਦੀਆਂ ਵੱਖ ਵੱਖ ਸਭਿਆਤਾਵਾਂ ਦੀਆਂ ਪੁਰਾਤਨ ਲਿਪੀਆਂ ਦੇ ਨਮੂਨੇ ਵਰਤੇ ਗਏ ਹਨ। ਇਹ ਸਾਰਾ ਕੁਝ ਮਿਲਕੇ ਇਸ ਕਵਿਤਾ ਤੇ ਇਨ੍ਹਾਂ ਕਵੀਆਂ ਦੇ ਸਰੋਕਾਰ ਨਿਰਧਾਰਤ ਕਰਦਾ ਹੈ। ਭਾਵੇਂ ਦੋਵੇਂ ਭਰਾਵਾਂ ਦੀ ਸਾਂਝ ‘ਏਕ ਜੋਤਿ ਦੋਏ ਮੂਰਤੀ’ ਵਾਲੀ ਹੈ, ਪਰ ਦੋਵਾਂ ਸ਼ਖਸੀਅਤਾਂ ਦੀਆਂ ਕੁਝ ਆਪਣੀਆਂ ਵਿਲੱਖਣਤਾਵਾਂ ਹਨ।
ਇਸ ਕਵਿਤਾ ਨੂੰ ਪੜ੍ਹਨਾ ਤੇ ਨਵਤੇਜ ਭਾਰਤੀ ਹੋਰਾਂ ਦੇ ਮੂੰਹੋਂ ਇਸ ਕਵਿਤਾ ਨੂੰ ਸੁਣਨਾ ਦੋ ਵੱਖਰੇ ਅਨੁਭਵ ਹਨ। ਇਸ ਨਾਲ ਇਹ ਪਤਾ ਲਗਦਾ ਹੈ ਕਿ ਸਿਰਫ਼ ਪੜ੍ਹਨ ਨਾਲ ਹੀ ਕਵਿਤਾ ਦੇ ਅਰਥ ਤੇ ਇਸਦਾ ਪ੍ਰਭਾਵ ਕਿਵੇਂ ਬਦਲਦੇ ਹਨ। ਇਹ ਗਲ ਇਸ ਪੁਰਾਣੇ ਪ੍ਰਸ਼ਨ ਨੂੰ ਹੋਰ ਤਿੱਖਾ ਕਰਦੀ ਹੈ ਕਿ ਕਵਿਤਾ ਦੇ  ਅਰਥ ਤੇ ਉਸਦੀ ਤਾਕਤ ਆਖਰ ਕਿੱਥੇ ਨਿਹਤ ਹੈ?

ਨਵਤੇਜ ਭਾਰਤੀ ਹੋਰਾ ਦੀ ਬੌਧਿਕਤਾ ਠਹਿਰੀ ਹੋਈ ਹੈ। ਇਹ ਸਿਧਾਂਤਕ ਮਾਨਤਾਵਾਂ, ਸੰਕਲਪਾਂ, ਹਵਾਲਿਆਂ ਤੇ ਸਥਾਪਤ ਧਾਰਨਾਵਾਂ ਦੀ ਕਸਰਤ ਤੋਂ ਮੁਕਤ ਹੋਈ ਹੈæ ਇਹ ਸੰਗੀਤਕ ਸੁਰਾਂ ਤੇ ਬੰਦਸ਼ਾਂ ਦੀ ਮੁਢਲੀ ਪ੍ਰੈਕਟਿਸ ਤੋਂ ਅਗਲੀ ਪਰਵਾਜ਼ ਹੈ। ਲੋਕ ਸੰਗੀਤ ਵਰਗੀ ਹੈ। ਉਨ੍ਹਾਂ ਦੇ ਮੂੰਹੋਂ ਗੱਲ ਸੁਣਨਾ ਤੇ ਕਵਿਤਾ ਸੁਣਨਾ ਇਕੋ ਜਿਹੇ ਅਨੁਭਵ ਹਨ। ਕਵਿਤਾ ਤੇ ਕਵੀ ਦਾ ਜੋ ਰਿਸ਼ਤਾ ਹੁੰਦਾ ਹੈ, ਉਹ ਉਨ੍ਹਾਂ ਦੀ ਸ਼ਖਸੀਅਤ ਵਿਚੋਂ ਸਭ ਤੋਂ ਵੱਧ ਦੇਖਿਆ ਜਾ ਸਕਦਾ ਹੈ। ਪੰਜਾਬੀ ਭਾਸ਼ਾ ਜਾਂ ਪੰਜਾਬੀ ਸਮਾਜ ਲਈ ਇਨ੍ਹਾਂ ਗੱਲਾਂ ਦਾ ਬਹੁਤ ਅਰਥ ਹੈ।