ਲੀਲ੍ਹਾ ਬਾਰੇ
(ਪੰਜਾਬੀ ਟ੍ਰਿਬਿਉਨ)
ਕੈਨੇਡਾ ਵਸੇ ਦੋ ਪੰਜਾਬੀ ਸ਼ਾਇਰ ਭਰਾਵਾਂ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਦੀ ਹੁਣੇ ਪ੍ਰਕਾਸ਼ਤ ਹੋਈ ਸਾਂਝੀ ਕਾਵਿ-ਪੁਸਤਕ ‘ਲੀਲ੍ਹਾ’ ਆਪਣੇ ਆਪ ਵਿਚ ਇਕ ਸਮਾਚਾਰ ਸੁਰਖੀ ਤੋਂ ਘੱਟ ਨਹੀਂ। ਇੰਨੀ ਵੱਡੀ ਕਿਤਾਬ ਅੱਜ ਤਕ ਸ਼ਾਇਦ ਹੀ ਕਦੇ ਪੰਜਾਬੀ ਕਾਵਿ ਸਾਹਿਤ ਵਿਚ ਛਪੀ ਹੋਵੇ। 1053 ਸਫੇ ਦੀ ਇਸ ਪੁਸਤਕ ਵਿਚ ਦੋਵੇਂ ਭਰਾਵਾਂ ਦੀਆਂ ਅੱਠ ਸੈਂਕੜੇ ਦੇ ਕਰੀਬ ਕਾਵਿ ਰਚਨਾਵਾਂ ਸ਼ਾਮਲ ਹਨ। ਸੁਰਖੀ ਦਾ ਕਾਰਨ ਸਿਰਫ ਇਸਦਾ ਵੱਡ-ਆਕਾਰ ਹੀ ਨਹੀਂ ਬਲਕਿ ਅਣਕਿਆਸਿਆ ਕਵਿਤਾ ਪ੍ਰਵਾਹ ਵੀ ਹੈ ਜਿਸਨੇਂ ਪੰਜਾਬੀ ਸ਼ਾਇਰੀ ਵਿਚ ਇਕ ਹਲਚਲ ਪੈਦਾ ਕਰ ਦਿੱਤੀ ਹੈ।
‘ਲੀਲ੍ਹਾ’ ਕੋਈ ਮਿੱਥ ਕੇ ਨਹੀਂ ਲਿਖੀ ਗਈ, ਬਸ ਇਹ ਤਾਂ ਸਹਿਜ ਉੱਦਮ ਦਾ ਸਿੱਟਾ ਹੈ। ਪੁਸਤਕ ਦੇ ਆਦਿ ਸ਼ਬਦ ਵਿਚ ਰਚਨਾਕਾਰ ਆਖਦੇ ਹਨ,
“ਵੱਡਾ ਆਕਾਰ ਸਾਡਾ ਨਿਸ਼ਾਨਾ ਨਹੀਂ ਸੀ। ਇਹ ਕਾਵਿ ਪ੍ਰਕਿਰਿਆ ਵਾਂਗ ਅਣਕਿਆਸੇ ਵਿਕਾਸ ਦਾ ਹੀ ਸਿੱਟਾ ਹੈ”।
ਅਜ ਦੇ ਸਭਿਆਚਾਰਕ ਸੰਕਟ ਦੀ ਚੁਣੌਤੀ ਨੂੰ ਸਵੀਕਾਰ ਕਰਦੀ ਇਸ ਪੁਸਤਕ ਦੀ ਕਵਿਤਾ ਜਲਾਵਤਨੀ ਤੋਂ ‘ਘਰ’ ਪਰਤ ਰਹੀ ਕਵਿਤਾ ਨੂੰ ਜੀਅ ਆਇਆਂ ਕਹਿੰਦੀ ਹੈ। ਇਸ ਦੀਆਂ ਬਹੁਤੀਆਂ ਕਵਿਤਾਵਾਂ ‘ਕਵਿਤਾ’ ਨੂੰ ਹੀ ਸੰਬੋਧਤ ਹਨ। ਲੀਲ੍ਹਾ ਦੀ ਕਵਿਤਾ ਅਸਲ ਵਿਚ ਕਵਿਤਾ ਦੀ ਕਵਿਤਾ ਹੈ। ਲੀਲ੍ਹਾ ਦੀਆ ਕਵਿਤਾਵਾਂ ਅਜਿਹੀਆਂ ਸੰਭਾਵਨਾਵਾ ਸਿਰਜਣ ਲਈ ਯਤਨਸ਼ੀਲ ਹਨ ਜਿਨ੍ਹਾਂ ਨਾਲ ‘ਪਲ ਪਲ ਖੁਰਦੇ’ ਮਨੁੱਖ ਦੀ ਮਾਨਵਤਾ ਬਚੀ ਰਹਿ ਸਕੇ।
ਆਕਾਰ ਦੇ ਨਾਲ ਨਾਲ ਪੁਸਤਕ ਰੂਪਕ ਪੱਖੋਂ ਵੀ ਵਿਸ਼ੇਸ਼ ਹੈ। ਦੋਵੇਂ ਸ਼ਾਇਰ ਭਰਾਵਾਂ ਵੱਲੋਂ ਖੁਦ ਡਿਜ਼ਾਇਨ ਕੀਤੀ ਗਈ ਪੁਸਤਕ ਵਿਚ ਕਵਿਤਾ ਨੂੰ ਪੰਨਿਆਂ ਉਤੇ ਰੂਪਾਂਤਰ ਕਰਨ ਵੇਲੇ ਸਮੁੱਚੇ ਪੰਨੇ ਦੇ ਸੁਹਜ ਨੂੰ ਧਿਆਨ ‘ਚ ਰੱਖਿਆ ਗਿਆ ਹੈ। ਪੁਸਤਕ ਵਿਚ ‘ਥਾਂ’ ਅਤੇ ‘ਸਪੇਸ’ ਨੂੰ ਕਵਿਤਾ ਦਾ ਹੀ ਹਿੱਸਾ ਬਣਾਇਆ ਗਿਆ ਹੈ। ਇਹ ਇਸਦੇ ਸੁਹਜ ਦੀ ਪ੍ਰਿਸ਼ਟਭੂਮੀ ਬਣਦੇ ਹਨ। ਸ਼ਾਇਰਾਂ ਦਾ ਖਿਆਲ ਹੈ ਕਿ ‘ਥਾਂ’ ਅਤੇ ‘ਸਪੇਸ’ ਕਵਿਤਾ ਨੂੰ ਸਿਰਫ ਹੋਣ ਹੀ ਨਹੀਂ ਦਿੰਦੇ ਸਗੋਂ ਕਵਿਤਾ ਦੀ ‘ਉਹ ਗੱਲ’ ਵੀ ਕਹਿੰਦੇ ਹਨ ਜੋ ਸ਼ਬਦ ‘ਅਣਕਹੀ’ ਛੱਡ ਦਿੰਦੇ ਹਨ।
ਕਵਿਤਾ ਦੀ ਖੂਬਸੂਰਤੀ ਸ਼ਬਦਾਂ ਤਕ ਸੀਮਤ ਨਹੀਂ ਹੁੰਦੀ। ਇਹ ਖੂਬਸੂਰਤੀ ਅੱਖਰਾਂ ਤੱਕ ਫੈਲੀ ਹੋਈ ਹੈ। ਜਿਵੇਂ ਸ਼ਾਇਰ ਆਖਦੇ ਹਨ: ‘ਹਰ ਲਿਪੀ ਵਿਚ ਅਰਥਾਂ ਤੋਂ ਸੁਤੰਤਰ ਇਸਦੀ ਆਪਣੀ ਕਵਿਤਾ ਛੁਪੀ ਹੁੰਦੀ ਹੈ”æ ਅਜਿਹੀ ਕਵਿਤਾ ਨੂੰ ਉਜਾਗਰ ਕਰਨ ਲਈ ਕਵਿਤਾਵਾਂ ਦੇ ਨਾਲ ਕਿਤਾਬ ਵਿਚ ਵੱਖ ਵੱਖ ਲਿਪੀਆਂ ਅਤੇ ਪੂਰਬ ਲਿਪੀਆਂ ਦੇ 106 ਵਰਣਚਿਤਰ ਛਾਪੇ ਗਏ ਹਨ। ਇਹ ਵਰਣਚਿਤਰਾਂ ਨਾਲ ਪੁਸਤਕ ਦੀ ਖੂਬਸੂਰਤੀ ਵੱਧੀ ਹੈ ਅਤੇ ਇਸ ਨਾਲ ਸ਼ਾਇਰਾਂ ਮੁਤਾਬਿਕ ਗੁਰਮੁਖੀ ਅੱਖਰਾਂ ਨੂੰ ਮਨੁੱਖ ਦੀ ਸਰਬਵਿਆਪਕ ਵਰਣਮਾਲਾ ਨਾਲ ਵੀ ਜੋੜਿਆ ਗਿਆ ਹੈ। ਇਨ੍ਹਾਂ ਵਰਣਚਿਤਰਾਂ ਦਾ ਅਧਿਐਨ ਵੀ ਆਪਣੇ ਆਪ ਵਿਚ ਅਨੋਖਾ ਅਤੇ ਵਚਿੱਤਰ ਹੈ। ਇਹ ਦੁਰਲੱਭ ਵਰਣਚਿਤਰਾਂ ਕਾਰਨ ਪੁਸਤਕ ਇਕ ਦਸਤਾਵੇਜ਼ ਬਣ ਗਈ ਹੈ।
ਇਸ ਪੁਸਤਕ ਦੀ ਪ੍ਰਕਾਸ਼ਨਾ ਪਿੱਛੇ ਸ਼ਾਇਰਾਂ ਦੀ ਇਹ ਭਾਵਨਾ ਵੀ ਛਿਪੀ ਹੋਈ ਹੈ ਕਿ ਇਲੈਕਟ੍ਰਾਨਿਕ ਮੀਡੀਆ ਦੇ ਹੜ੍ਹ ਵਿਚ ‘ਪੁਸਤਕ ਅਲੋਪ ਨਹੀ ਹੋਵੇਗੀ’। ਉਨ੍ਹਾਂ ਦਾ ਕਹਿਣਾ ਹੈ ਕਿ ਪੁਸਤਕ ਨਿਰੀ ‘ਸੰਚਾਰ’ ਦਾ ਹੀ ਨਹੀਂ ‘ਸਿਰਜਣਾ’ ਦਾ ਵੀ ਮਾਧਿਅਮ ਹੈ। ਉਨ੍ਹਾਂ ਨੇ ‘ਲੀਲ੍ਹਾ’ ਦੇ ਪ੍ਰਕਾਸ਼ਨ ਨਾਲ ‘ਸਦੀਵੀ ਪੁਸਤਕ’ ਨੂੰ ‘ਸੈਲੀਬਰੇਟ’ ਕਰਨ ਦਾ ਯਤਨ ਕੀਤਾ ਹੈ। ਪੁਸਤਕ ਦੇ ‘ਗੌਰਵ’ ਦੀ ਪਛਾਣ ਲਈ ਉਨ੍ਹਾਂ ਨੇ ਕਿਤਾਬ ਦੀ ਦਿੱਖ ਨੂੰ ਕਲਾ ਦਾ ਰੂਪ ਸਮਝ ਇਸ ਦੇ ਸੁਹਜ ਉਤੇ ਵਿਸ਼ੇਸ਼ ਕਰਕੇ ਧਿਆਨ ਦਿੱਤਾ ਹੈ।
ਕਿਤਾਬ ਦੀ ਇਕ ਖਾਸੀਅਤ ਇਹ ਹੈ ਕਿ ਦੋਵੇਂ ਭਰਾਵਾਂ ਨੇ ਇਨ੍ਹਾਂ ਪੰਨਿਆਂ ਨੂੰ ਜ਼ਮੀਨ ਵਾਂਗ ਵੰਡਿਆ ਨਹੀਂ ਸਗੋਂ ਭਰਾਵਾਂ ਵਾਲੇ ਪਿਆਰ ਨਾਲ ਜਿੱਥੇ ਜਿਸਦਾ ਜੀਅ ਕੀਤਾ ਆਪਣੀ ਕਵਿਤਾ ਲਿਖ ਲਈ ਹੈ।
ਕਵਿਤਾ ਅਤੇ ਕਵੀ ਦੇ ਰਿਸ਼ਤੇ ਨੂੰ ਕਿਤਾਬ ਵਿਚ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪੁਸਤਕ ਵਿਚ ਕਵਿਤਾ ਦਾ ਪਾਠਕ ਕਵਿਤਾ ਨੂੰ ਕਵੀ ਤੋਂ ਪਹਿਲਾਂ ਮਿਲਦਾ ਹੈ। ਕਵੀ ਦਾ ਨਾਂ ਕਵਿਤਾ ਦੇ ਅੰਤ ਵਿਚ ਸੂਚਕ ਸੰਬਦਾਂ ਵਿਚ ਲਿਖ ਦਿੱਤਾ ਗਿਆ ਹੈ। ਇਸ ਕਾਰਨ ਇਹ ਪ੍ਰਭਾਵ ਬਣਿਆ ਹੈ ਕਿ ‘ਲੀਲ੍ਹਾ’ ਕਵਿਤਾ ਉਪਰ ਕੇਂਦ੍ਰਿਤ ਪੁਸਤਕ ਹੈ ਨਾ ਕਿ ਕਵੀ ਉਪਰ। ਦੋ ਵੱਖਰੀਆਂ ਕਲਮਾਂ ਦੀ ਸਿਰਜਣਾ ਦੇ ਬਾਵਜੂਦ ‘ਲੀਲ੍ਹਾ’ ਦੀਆਂ ਕਵਿਤਾਵਾਂ ਵਿਚ ਇਕ ਸਾਂਝ ਪਸਰੀ ਪਈ ਹੈ। ਕਿਤਾਬ ਦੀ ਹਰ ਕਵਿਤਾ ਵਿਚ ‘ਸੁਤੰਤਰ ਅਨੁਭਵ’ ਹੈ। ਕਵਿਤਾਵਾਂ ਨੂੰ ਕਿਸੇ ਵਰਗ ਵਿਚ ਵੀ ਨਹੀਂ ਵੰਡਿਆ ਗਿਆ। ਪਾਠਕ ‘ਕਿਸੇ ਮਰਜ਼ੀ ਪੰਨੇ ਨੂੰ ਖੋਲ੍ਹ ਕੇ ਪੜ੍ਹਨਾ’ ਸ਼ੁਰੂ ਕਰ ਸਕਦਾ ਹੈ।
ਇਹ ਕਿਤਾਬ ਉਸ ਵੇਲੇ ਪ੍ਰਕਾਸ਼ਿਤ ਹੋਈ ਹੈ ਜਦੋਂ ਮਨੁੱਖ ਇਕੀਵੀਂ ਸਦੀ ਦੀਆਂ ਬਰੂਹਾਂ ਉਤੇ ਖੜ੍ਹਾ ਹੈ। ਇਸ ਅਨੰਤ ਸੰਭਾਵਨਾਵਾਂ ਭਰੇ ਪਰਵੇਸ਼ ਮੌਕੇ ‘ਲੀਲ੍ਹਾ’ ਵਰਗੀ ਪੁਸਤਕ ਦਾ ਪ੍ਰਕਾਸ਼ਨ ਪੰਜਾਬੀ ਸਾਹਿਤ ਲਈ ਸਚਮੁੱਚ ਬਹੁਤ ਮਹੱਤਵ ਅਤੇ ਮਾਣ ਵਾਲੀ ਘਟਨਾ ਹੈ।
ਦੋਵੇਂ ਸ਼ਾਇਰ ਭਰਾ ਮੋਗਾ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਰੋਡੇ ਦੇ ਜੰਮਪਲ ਹਨ। ਦੋਵੇਂ ਹੀ ਸੱਤਰਵਿਆਂ ਵਿਚ ਕੈਨੇਡਾ ਪਰਵਾਸ ਕਰ ਗਏ ਸਨ। ਅਜਮੇਰ ਰੋਡੇ ਕੈਨੇਡਾ ਜਾਣ ਤੋਂ ਪਹਿਲਾਂ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਚ ਪ੍ਰੋਫੈਸਰ ਸੀ। ਕੈਨੇਡਾ ਵਿਚ ਉਹ ਕੰਪਿਊਟਰ ਮਾਹਿਰ ਅਤੇ ਇੰਜੀਨੀਅਰ ਹੈ। ਉਸ ਦੀਆਂ ‘ਲੀਲ੍ਹਾ’ ਤੋਂ ਪਹਿਲਾਂ ‘ਸੁਰਤੀ’ ਅਤੇ ‘ਸ਼ੁਭਚਿੰਤਨ’ ਸਮੇਤ ਕਈ ਕਿਤਾਬਾਂ ਛਪ ਚੁਕੀਆਂ ਹਨ। ਉਹ ਕੈਨੇਡਾ ਵਿਚ ਪੰਜਾਬੀ ਰੰਗਮੰਚ ਦਾ ਮੋਢੀ ਵੀ ਗਿਣਿਆ ਜਾਂਦਾ ਹੈ। ਕੈਨੇਡਾ ਦੇ ਲੇਖਕ ਹਲਕਿਆਂ ਵਿਚ ਉਸਦਾ ਚੰਗਾ ਦਬਦਬਾ ਹੈ। ਅਜ ਕਲ੍ਹ ਉਹ ਇਕ ਨਾਵਲ ਉਤੇ ਕੰਮ ਕਰ ਰਿਹਾ ਹੈ। ਨਵਤੇਜ ਭਾਰਤੀ ਵੀ ਪ੍ਰੋਫੈਸਰੀ ਛੱਡ ਕੇ ਗਿਆ ਸੀ। ਕੈਨੇਡਾ ਵਿਚ ਉਹ ‘ਥਰਡ ਆਈ ਪਬਲੀਕੇਸ਼ਨਜ਼’ ਫਰਮ ਦਾ ਮਾਲਕ ਹੈ। ਇਸ ਤੋਂ ਪਹਿਲਾਂ ਉਸਦੀ ਕਿਤਾਬ ‘ਸਿੰਬਲ ਦੇ ਫੁੱਲ’ ਛਪ ਚੁਕੀ ਹੈ। ਅੱਜ ਕਲ੍ਹ ਉਹ ਕੁਝ ਲੰਮੀਆਂ ਨਜ਼ਮਾਂ ਉਤੇ ਕੰਮ ਕਰ ਰਿਹਾ ਹੈ। ਕੈਨੇਡਾ ਦੀ ਲੇਖਕ ਯੂਨੀਅਨ ਅਤੇ ਪੰਜਾਬੀ ਲੇਖਕ ਮੰਚ ਨਾਲ ਦੋਵੇਂ ਭਰਾ ਸਰਗਰਮੀ ਨਾਲ ਜੁੜੇ ਹੋਏ ਹਨ।