ਲੀਲ੍ਹਾ ਬਾਰੇ ਸੰਵਾਦ
(ਪੰਜਾਬੀ ਟ੍ਰਿਬਊੂਨ)
ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦਿੱਲੀ ਦੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਚ ਕੈਨੇਡਾ ਦੇ ਸ਼ਾਇਰਾਂ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਦੇ ਸਾਂਝੇ ਕਾਵਿ ਸੰਗ੍ਰਹਿ ‘ਲੀਲਾ੍’ ਬਾਰੇ ਇਕ ਵਿਸ਼ੇਸ਼ ਸੰਵਾਦ ਦਾ ਪ੍ਰਬੰਧ ਕੀਤਾ ਗਿਆ। ਅਕਾਦਮੀ ਦੇ ਸਕੱਤਰ ਪ੍ਰੀਤਮ ਸਿੰਘ ਬੱਤਰਾ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਦੋਵਾਂ ਸ਼ਾਇਰਾਂ ਦੀ ਜਾਣਕਾਰੀ ਕਰਵਾਈ।
ਗੋਸ਼ਟੀ ਦੇ ਪ੍ਰਧਾਨ ਡਾ। ਸੁਤਿੰਦਰ ਸਿੰਘ ਨੂਰ ਨੇ ਸੰਵਾਦ ਦਾ ਸੰਚਾਲਨ ਕਰਦਿਆਂ ‘ਲੀਲ੍ਹਾ’ ਦੇ ਪ੍ਰਕਾਸ਼ਨ ਨੂੰ ਸਮਕਾਲੀ ਪੰਜਾਬੀ ਸਾਹਿਤ ਅਤੇ ਭਾਸ਼ਾ ਦੀ ਇਕ ਵਿਸ਼ੇਸ਼ ਘਟਨਾ ਕਿਹਾ ਅਤੇ ਨਾਲ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਵਿਦਵਾਨ ਡਾ: ਭਗਵਾਨ ਜੋਸ਼ ਨੇ ਇਸ ਕਾਵਿ ਸੰਗ੍ਰਹਿ ਦਾ ਵਿਸ਼ਲੇਸ਼ਣ ਕਰਦਿਆਂ ਇਸ ਦੇ ਮੂਲ ਚਿਹਨਾਂ ਦੀ ਤਲਾਸ਼ ਕੀਤੀ।
ਡਾ: ਵਨੀਤਾ ਨੇ ਇਸ ਕਾਵਿ ਸੰਗ੍ਰਹਿ ਨੂੰ ਉਤਰ ਆਧੁਨਿਕ ਦ੍ਰਿਸ਼ਟੀ ਤੋਂ ਵਿਚਾਰਿਆ। ਇਸ ਉਪਰੰਤ ਦੋਨਾਂ ਸ਼ਾਇਰਾਂ ਨੇ ਲੀਲ੍ਹਾ ਵਿਚੋਂ ਆਪਣੀਆਂ ਚੋਣਵੀਆਂ ਕਵਿਤਾਵਾਂ ਸੁਣਾਈਆਂ।
ਡਾ: ਮੋਹਨਜੀਤ ਨੇ ਇਸ ਕਾਵਿ ਸੰਗ੍ਰਹਿ ਦਾ ਵਿਸ਼ਲੇਸ਼ਣ ਕਰਦਿਆਂ ਆਖਿਆ ਕਿ ਇਹ ਕਵਿਤਾਵਾਂ ਅਗੇਰੇ ਕਾਵਿ ਨੂੰ ਪ੍ਰੇਰਿਤ ਕਰਦੀਆਂ ਹਨ ਤੇ ਮੈਂ ਇਸ ਕਾਵਿ ਸੰਗ੍ਰਹਿ ਦਾ ਪਾਠ ਕਰਦਿਆਂ ਸੱਤ ਨਵੇਂ ਗੀਤ ਲਿਖੇ ਹਨ ਤੇ ਇਹ ਕਾਵਿ ਇਸ ਤਰ੍ਹਾਂ ਪ੍ਰੇਰਨਾ ਦਾ ਸੋਮਾ ਬਣੇ।
ਇਸ ਦੇ ਨਾਲ ਹੀ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ: ਅਮਰੀਕ ਸਿੰਘ ਪੂੰਨੀ ਨੇ ਇਸ ਕਾਵਿ ਸੰਗ੍ਰਹਿ ਦੇ ਕੁਝ ਮਹੱਤਵਪੂਰਨ ਪੱਖਾਂ ਬਾਰੇ ਬੋਲਦਿਆਂ ਆਖਿਆ ਕਿ ਇਹ ਸੰਗ੍ਰਹਿ ਇਸ ਲਈ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਹ ਆਧੁਨਿਕ ਪੰਜਾਬੀ ਕਵਿਤਾ ਵਿਚ ਇਕ ਨਵੀਂ ਕਿਸਮ ਦਾ ਪ੍ਰਯੋਗ ਹੈ।