ਕੁਲਦੀਪ ਸਿੰਘ ਬੇਦੀ

ਲੀਲ੍ਹਾ: ਜ਼ਿੰਦਗੀ ਦੇ ਨੇੜਿਓਂ ਲੰਘਦੀ ਕਵਿਤਾ

(ਜਗਬਾਣੀ)

ਕਵਿਤਾ ਨੂੰ ਰੱਬੀ ਇਲਹਾਮ ਮੰਨਿਆ ਗਿਆ ਹੈ। ਕਹਿੰਦੇ ਨੇ ਜਦੋਂ ਕਾਦਰ ਦੀ ਕਿਰਪਾ ਹੁੰਦੀ ਹੈ ਤਾਂ ਕਵੀ ਸੁੰਦਰ ਰਚਨਾ ਕਰਦਾ ਹੈ। ਅਜਿਹੀ ਰਚਨਾ ਜਿਸਨੂੰ ਕੁਝ ਸਮੇਂ ਪਿੱਛੋਂ ਪੜ੍ਹਨ ‘ਤੇ ਉਹ ਖੁਦ ਵੀ ਹੈਰਾਨ ਹੋ ਕੇ ਕਹਿੰਦਾ ਹੈ ‘ਕੀ ਇਹ ਕਵਿਤਾ ਮੇਰੀ ਹੀ ਰਚੀ ਹੋਈ ਹੈ’? ਕਵਿਤਾ ਜ਼ਿੰਦਗੀ ਦੇ ਨੇੜਿਓਂ ਲੰਘੇ ਤਾਂ ਉਸ ਵਿਚੋਂ ਜ਼ਿੰਦਗੀ ਦੇ ਕਈ ਰੰਗ ਮਿਲਦੇ ਹਨ -ਹਾਸਾ, ਖੁਸ਼ੀ, ਗ਼ਮ, ਚਿੰਤਾਵਾਂ, ਸਮੱਸਿਆਵਾਂ, ਗ਼ਰੀਬੀ, ਅਮੀਰੀ, ਦਿਨ-ਰਾਤ, ਬਾਰਸ਼, ਪੱਤਝੜ, ਹਰਿਆਵਲ, ਨਦੀ, ਪਹਾੜ ਅਤੇ ਮਨੁੱਖ ਦੇ ਕਈ ਚਿਤਰ ਮਿਲਦੇ ਹਨ।

ਨਵੀਂ ਛਪ ਕੇ ਆਈ ਪੁਸਤਕ ‘ਲੀਲ੍ਹਾ’ ਨਿਸਚੈ ਹੀ ਉਪਰੋਕਤ ਧਾਰਨਾਵਾਂ ਉਤੇ ਖਰੀ ਉਤਰਦੀ ਹੈ।

ਪੰਜਾਬੀ ਦੀ ਇਹ ਸਭ ਤੋਂ ਪਹਿਲੀ ਵੱਡ ਆਕਾਰੀ ਪੁਸਤਕ ਹੈ ਜਿਸ ਦੇ ਲਗਭਗ 1050 ਪੰਨੇ ਹਨ ਅਤੇ ਇਸ ਕਾਵਿ ਪੁਸਤਕ ਨੂੰ ਦੋ ਸ਼ਾਇਰਾਂ ਨੇ ਕਲਮਬੰਦ ਕੀਤਾ ਹੈ। ਇਹ ਹਨ ਸਾਡੇ ਪ੍ਰਵਾਸੀ ਕਵੀ ਨਵਤੇਜ ਭਾਰਤੀ ਅਤੇ ਅਜਮੇਰ ਰੋਡੇ। ਪੰਜਾਬੀ ਦੀ ਇਸ ਪੁਸਤਕ ਨੂੰ ਇਹ ਵੀ ਮਾਣ ਹਾਸਲ ਹੈ ਕਿ ਇਹ ਵੈਨਕੂਵਰ ਅਤੇ ਲੰਡਨ ਦੀ ਪਬਲਿਸ਼ਿੰਗ ਕੰਪਨੀ ਰੇਨਬਰਡ ਪ੍ਰੈਸ ਦੀ ਪਹਿਲੀ ਪੰਜਾਬੀ ਪੁਸਤਕ ਹੈ। ਖ਼ੂਬਸੂਰਤ ਟਾਈਟਲ ਵਾਲੀ ਇਸ ਪੁਸਤਕ ਵਿਚ ਸ਼ਾਮਲ ਦੋਵਾਂ ਕਵੀਆਂ ਦੀਆਂ ਰਚਨਾਵਾਂ ਬਿਨਾਂ ਕਿਸੇ ਹੱਦ ਅਤੇ ਸਰਹੱਦ ਤੋਂ ਸਿਰਫ ਮਨੁੱਖ ਦੀ ਗੱਲ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਧਰਾਤਲ ਸਿਰਫ ਇਸੇ ਗੱਲ ਤੇ ਅਧਾਰਤ ਹੈ – ਇਕ ਅਕਾਸ਼ ਹੈ, ਇਕ ਧਰਤੀ ਹੈ, ਅਤੇ ਇਸ ਧਰਤੀ ਅਤੇ ਅਕਾਸ਼ ਵਿਚਕਾਰ ਵਸਣ ਵਾਲੇ ਲੋਕ ਨਾਂ ਤਾਂ ਭਾਰਤੀ ਹਨ, ਨਾ  ਪਾਕਿਸਤਾਨੀ, ਨਾ ਅਮਰੀਕੀ ਨਾ ਕੈਨੇਡੀਅਨ। ਉਹ ਤਾਂ ਸਿਰਫ ਮਨੁੱਖ ਹਨ। ਇਹ ਸਮੁੱਚੀਆਂ ਕਵਿਤਾਵਾਂ ਮਨੁੱਖ ਦੀ ਚੇਤਨਾ ਨੂੰ ਬਿਆਨ ਕਰਨ ਵਾਲੀਆਂ ਕਵਿਤਾਵਾਂ ਹਨ।

ਜਿਵੇਂ ਕਿ ਇਸ ਕਿਤਾਬ ਦੇ ਰੈਪਰ ਦੇ ਅੰਦਰ ਲਿਖਿਆ ਹੋਇਆ ਹੈ ਕਿ ਲੀਲ੍ਹਾ ਦੀਆਂ ਕਵਿਤਾਵਾਂ ਪਲ ਪਲ ਖੁਰ ਰਹੇ ਮਨੁੱਖ ਦੇ ਉਸ ਸਾਹਸ ਦਾ ਅਭਿਨੰਦਨ ਕਰਦੀਆਂ ਹਨ ਜਿਸ ਸਦਕਾ ਉਹ ਮਨੁੱਖ ਹੈ।

ਮਨੁੱਖ ਦਾ ਮਨੁੱਖ ਬਣਿਆ ਰਹਿਣਾ ਅੱਜਕਲ ਆਸਾਨ ਨਹੀਂ ਰਿਹਾ। ਦਿਨੋਂ-ਦਿਨ ਮੰਡੀ ਬਣ ਰਹੀ ਧਰਤੀ ਉਤੇ ਉਹ ਵਿਕਣ ਵਾਲੀ ਸ਼ੈਅ ਅਤੇ ਪਲੋ ਪਲ ਹਾਵੀ ਹੋ ਰਹੀ ਸਾਈਬਰ ਸਪੇਸ ਵਿਚ ਰੋਬਾਟ ਬਣ ਰਿਹਾ ਹੈæ ਇਸ ਸਥਿਤੀ ਵਿਚ ਕਵਿਤਾ ਦਾ ਪਹਿਲਾ ਕਰਤਵ ਉਸ ਲਈ ਅਜਿਹੀ ਥਾਂ ਸਿਰਜਣਾ ਹੈ ਜਿਸ ਵਿਚ ਉਸ ਦੀ ਮਾਨਵਤਾ ਬਚੀ ਰਹਿ ਸਕੇ ਅਤੇ ਵਿਗਸ ਸਕੇ।

ਮਨੁੱਖ ਹੁਣ ਇੱਕੀਵੀਂ ਸਦੀ ਵਿਚ ਪਰਵੇਸ਼ ਕਰ ਰਿਹਾ ਹੈ। ਕੰਪਿਊਟਰ ਯੁੱਗ ਦੇ ਮਨੁੱਖ ਦਾ ਦਿਮਾਗ ਵੀ ਕੰਪਿਊਟਰ ਵਾਂਗ ਤੇਜ਼ ਅਤੇ ਚੁਸਤ ਚਲ ਰਿਹਾ ਹੈ। ਪਲ ਵਿਚ ਹੀ ਉਹ ਕਈ ਕੁਝ ਸੋਚ ਜਾਂਦਾ ਹੈ। ਆਧੁਨਿਕ ਮਨੁੱਖ ਦੀਆਂ ਸੋਚਾਂ ਦੀ ਤਰਜਮਾਨੀ ਕਰਦੀਆਂ ਹਨ ‘ਲੀਲ੍ਹਾ’ ਦੀਆਂ ਕਵਿਤਾਵਾਂ। ਕਵਿਤਾਵਾਂ ਨੂੰ ਛਾਪਣ ਲਗਿਆਂ ਇਨ੍ਹਾਂ ਦੀ ਕੋਈ ਵਰਗ ਵੰਡ ਨਹੀਂ ਕੀਤੀ ਗਈ ਅਤੇ ਨਾ ਹੀ ਦੋਹਾਂ ਕਵੀਆਂ ਨੇ ਆਪੋ ਆਪਣੀਆਂ ਕਵਿਤਾਵਾਂ ਦੇ ਖੰਡ ਹੀ ਵੰਡੇ ਹਨ। ਇਕੋ ਧਰਤੀ ਵਾਂਗ ਇਕੋ ਪੁਸਤਕ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਛਪੀਆਂ ਹੋਈਆਂ ਹਨ ਅਤੇ ਇਨ੍ਹਾਂ ਕਵਿਤਾਵਾਂ ਨੂੰ ਵਖਰਿਆਉਣ ਲਈ ਹਰ ਕਵਿਤਾ ਦੇ ਹੇਠਾਂ ਚਿੰਨ੍ਹ ਵਜੋਂ ਕਵੀ ਦਾ ਨਾਂ ਦਿੱਤਾ ਗਿਆ ਹੈ।

ਇਸ ਪੁਸਤਕ ਦੀਆਂ ਰਚਨਾਵਾਂ ਨੂੰ ਵੰਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਸਕੈਚਾਂ ਦੀ ਵਰਤੋਂ ਕੀਤੀ ਗਈ ਹੈ। ‘ਲੀਲ੍ਹਾ’ ਪੁਸਤਕ ਦੀ ਪੰਜਾਬੀ ਸਾਹਿਤ ਜਗਤ ਵਿਚ ਆਮਦ ਵਾਕਿਆ ਹੀ ਇਕ ਪ੍ਰਭਾਵਸ਼ਾਲੀ ਉੱਦਮ ਹੈ। ਇਸ ਪੁਸਤਕ ਦੀ ਕੀਮਤ 450 ਰੁਪਏ ਰੱਖੀ ਗਈ ਹੈ।