ਭਾਰਤੀ ਤੇ ਰੋਡੇ ਨਾਲ ਕਾਵਿ ਮਹਿਫ਼ਲਾਂ
(ਦੇਸ਼ ਸੇਵਕ)
ਨਵਤੇਜ ਭਾਰਤੀ ਜਮਾਂਦਰੂ ਕਵੀ ਹੈ। ਉਹ ਪਿੰਡ ਦਾ ਜੰਮਪਲ ਹੈ। ਉਮਰ ਦੇ ਮੁਢਲੇ 10 ਵਰ੍ਹੇ ਉਸਨੇ ਪੜਾਈ ਪਿੰਡ ਦੇ ਗੁਰਦੁਆਰੇ ਵਿਚ ਕੀਤੀ ਅਤੇ ਕਵਿਤਾ ਲਿਖਣੀ ਵੀ ਉਸਨੇ ਆਪਣੇ ਮਾਮੇ ਜੋ ਕਿ ਅੰਮ੍ਰਿਤਧਾਰੀ ਗ੍ਰੰਥੀ ਸਿੱਖ ਸੀ ਅਤੇ ਕਮਿਊਨਿਸਟ ਵਿਚਾਰਾਂ ਦਾ ਧਾਰਨੀ ਕਵੀ ਸੀ- ਦੀ ਪ੍ਰੇਰਨਾ ਨਾਲ ਬਹੁਤ ਛੋਟੀ ਉਮਰ ਵਿਚ ਹੀ ਸ਼ੁਰੂ ਕਰ ਦਿੱਤੀ ਸੀ। ਬਾਅਦ ਵਿਚ 50ਵਿਆਂ ਦੇ ਅਖੀਰ ਜਿਹੇ ਵਿਚ ਉਸਨੇ ਆਪਣੇ ਕਾਲਜ ਦੀ ਪੜ੍ਹਾਈ ਪਟਿਆਲਾ ਦੇ ਮਹਿੰਦਰਾ ਕਾਲਜ ਤੋਂ ਕੀਤੀ ਅਤੇ ਬਾਅਦ ਵਿਚ ਲਾਲੀ, ਹਰਿੰਦਰ ਸਿੰਘ ਮਹਿਬੂਬ, ਅਤੇ ਪ੍ਰੇਮ ਪਾਲੀ ਵਰਗੇ ਲੋਕਾਂ ਨਾਲ ‘ਭੂਤਵਾੜੇ’ ਵਿਚ ਰਹਿੰਦਿਆਂ ਸਾਹਿਤ ਅਤੇ ਕਲਾ ਦੇ ਡੂੰਘੇ ਅਧਿਐਨ ਨਾਲ ਆਪਣੇ ਅਨੁਭਵ ਨੂੰ ਅਮੀਰ ਬਣਾਇਆ। ਕਾਲਜ ਪੜ੍ਹਾਈ ਦੌਰਾਨ ਉਹ ਆਪਣੇ ਦੋਸਤਾਂ – ਹਰਿੰਦਰ ਮਹਿਬੂਬ ਅਤੇ ਕ੍ਰਿਸ਼ਨ ਅਸ਼ਾਂਤ ਨਾਲ ਕਵੀ ਦਰਬਾਰਾਂ ਵਿਚ ਵੀ ਹਿੱਸਾ ਲੈਂਦਾ ਰਿਹਾ।
ਉਹਨਾਂ ਦਿਨਾਂ ਦੀ ਨਵਤੇਜ ਭਾਰਤੀ ਦੀ ਕਵਿਤਾ ‘ਅਥਰੂ ਨਿਮਾਣੇ ਨਿਰਾ ਦੁਖ ਸੁਖ ਫੋਲਦੇ, ਅੱਖਰਾਂ ਦੀ ਗੁੰਗੀ ਏ ਜ਼ੁਬਾਨ’ ਪੁਰਾਣੇ ਵਕਤਾਂ ਦੇ ਮਿਤਰਾਂ ਦੀਆਂ ਯਾਦਾਂ ਵਿਚ ਤਾਜਾ ਸੁਣੇ ਕਿਸੇ ਕਵੀ ਦਰਬਾਰ ਦੇ ਬੋਲਾਂ ਵਾਂਗ ਸਾਂਭੀ ਹੋਈ ਹੈ। ਪ੍ਰੰਤੂ ਭਾਰਤੀ ਨੂੰ ਕਵਿਤਾ ਦਾ ਇਹ ਮੁਹਾਵਰਾ ਮਨਜ਼ੂਰ ਨਹੀਂ ਸੀ। ਉਸਨੂੰ ਐਮ ਏ ਦੀ ਪੜ੍ਹਾਈ ਦੌਰਾਨ ਹੀ ਇਹ ਮਹਿਸੂਸ ਹੋਣ ਲਗ ਪਿਆ ਸੀ ਕਿ ਕਾਵਿ ਦੀ ਅਜਿਹੀ ਸ਼ੈਲੀ ਉਸਦੇ ਮਨ ਦੇ ਧੁਰ ਅੰਦਰਲੇ ਭਾਵਾਂ ਨੂੰ ਜ਼ੁਬਾਨ ਦੇ ਸਕਣ ਦੇ ਕਿਵੇਂ ਵੀ ਸਮਰੱਥ ਨਹੀਂ ਸੀ।
ਸਾਲ 1965 ਦਾ ਭੂਤਵਾੜਾ ਦੌਰ ਦੇ ਖ਼ਾਤਮੇਂ ਪਿੱਛੋਂ ਸਾਰੇ ਦੋਸਤ ਆਪਣੀਆਂ ਵੱਖ ਵੱਖ ਹੋਣੀਆਂ ਦੀ ਤਲਾਸ਼ ਵਿਚ ਵੱਖ ਵੱਖ ਰਾਹਾਂ ਤੇ ਨਿਕਲ ਗਏ। ਨਵਤੇਜ ਨੇ ਕਵਿਤਾ ਲਿਖਣੀ 1962 ਵਿਚ ਹੀ ਛੱਡ ਦਿੱਤੀ ਸੀ। ਸਾਲ 1968 ਵਿਚ ਉਹ ਆਪਣੇ ਇੰਜੀਨੀਅਰ ਭਰਾ ਅਜਮੇਰ ਰੋਡੇ ਨਾਲ ਨਵੇਂ ਅਨੁਭਵਾਂ ਦੀ ਤਲਾਸ਼ ਵਿਚ ਕੈਨੇਡਾ ਚੋਲਿਆ ਗਿਆ। ਉਸਨੇ ਪੂਰੇ 25 ਵਰ੍ਹੇ ਆਪਣਾ ਸੱਚ ਕਹਿਣ ਲਈ ਸਹੀ ਮੁਹਾਵਰੇ ਦੀ ਤਲਾਸ਼ ਜ਼ਾਰੀ ਰੱਖੀ ਅਤੇ ਸਾਲ 1986-87 ਆ ਕੇ ਕਵਿਤਾ ਲਿਖਣ ਲਈ ਦੁਬਾਰਾ ਕਲਮ ਚੁਕੀ ਅਤੇ ਫਿਰ ਝਰਨੇ ਵਾਂਗੂੰ ਉਸਦੇ ਅੰਦਰੋਂ ਕਵਿਤਾ ਫੁਟਦੀ ਚਲੀ ਗਈ। ਇਸੇ ਮਹੀਨੇ ਰੇਨਬਰਡ ਪ੍ਰੈਸ ਵੈਨਕੂਵਰ, ਅਤੇ ਲੰਡਨ ਦੀ ਤਰਫੋਂ ਭਾਰਤੀ ਪ੍ਰਿੰਟਰਜ਼ ਨਵੀਨ ਸ਼ਾਹਦਰਾ ਦਿੱਲੀ ਵਾਲਿਆਂ ਵੱਲੋਂ ਨਵਤੇਜ ਅਤੇ ਉਸਦੇ ਭਰਾ ਅਜਮੇਰ ਰੋਡੇ ਦੀਆਂ ਕਵਿਤਾਵਾਂ ‘ਲੀਲ੍ਹਾ’ ਨਾਂ ਦੇ ਵੱਡ ਆਕਾਰੀ ਕਾਵਿ ਸੰਗ੍ਰਹਿ ਵਿਚ ਪ੍ਰਕਾਸ਼ਤ ਕੀਤੀਆਂ ਹਨ। ਪਿਛਲੇ ਹਫਤੇ ਆਪਣੇ ਇਸ ਨਵੇਂ ਤੋਹਫ਼ੇ ਨਾਲ ਜਦੋਂ ਰੋਡੇ ਭਰਾ ਪਟਿਆਲਾ ਸ਼ਹਿਰ ਵਿਚ ਆਪਣੇ ਬੇਲੀਆਂ ਨੂੰ ਮਿਲਣ ਆਏ ਤਾਂ ਉਨ੍ਹਾਂ ਦੇ ਸਵਾਗਤ ਵਿਚ ਕਾਵਿ ਮਹਿਫਲਾਂ ਜੁੜੀਆਂ ਅਤੇ ਸਭਨੀ ਥਾਈਂ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਭਰਪੂਰ ਦਾਦ ਮਿਲੀ। ਪੰਜਾਬੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ ਕਾਵਿ ਮਹਿਫਲ ਦੌਰਾਨ ਨਵਤੇਜ ਵੱਲੋਂ ਕਾਵਿ ਪਾਠ ਦੀ ਸ਼ੁਰੂਆਤ ਆਪਣੀ ਕਵਿਤਾ ਦੇ ਇਹਨਾਂ ਬੋਲਾਂ ਨਾਲ ਸ਼ੁਰੂ ਹੋਈ:
ਆਪਣੀ ਕਵਿਤਾ ਵਿਚ
ਮੈਂ ਇਕੋ ਬੰਦਨਾ ਕਰਦਾ ਹਾਂ
ਮਾਨਵ ਤੇਰੀ ਵੇਲ ਹਰੀ ਰਹੇ
ਤੇਰੀਆਂ ਜੜਾਂ ਲੱਗੀਆਂ ਰਹਿਣ
ਉਸਨੇ ਆਪਣੇ ਕਾਵਿ ਸ਼ਾਸਤਰ ਦਾ ਪ੍ਰਗਟਾਵਾ ਇਹਨਾਂ ਸ਼ਬਦਾਂ ਨਾਲ ਕੀਤਾ:
ਜੋ ਵੇਖ ਸਕਦਾ ਹੈ
ਕਵਿਤਾ ਲਿਖ ਸਕਦਾ ਹੈ
ਕਵਿਤਾ ਦੀ ਹੋਰ
ਕੋਈ ਸ਼ਰਤ ਨਹੀਂ
ਕੋਈ ਵਿਧੀ ਨਹੀਂ
*********
ਵਗਦੀ ਨਦੀ ਤੋਂ ਮੈਂ
ਪਾਣੀ ਨਹੀਂ
ਤੁਰਨ ਦੀ ਧੂਹ ਮੰਗਦਾ ਹਾਂ
ਮੇਰੀ ਪਿਆਸ ਵੱਖਰੀ ਹੈ
ਨਵਤੇਜ ਭਾਰਤੀ ਹੌਲੀ ਹੌਲੀ ਬੋਲਦਿਆਂ ਸੰਬਦਾਂ ਦੀ ਅਸੀਮ ਸਮਰੱਥਾ ਦਾ ਪ੍ਰਗਟਾਵਾ ‘ਕਾਲ ਦੀਆਂ ਕੜੀਆਂ’ ਨਜ਼ਮ ਦੇ ਇਹਨਾਂ ਬੋਲਾਂ ਨਾਲ ਕਰਦਾ ਹੈ:
ਮੈਂ ਕਾਲ ਦੀਆਂ ਕੜੀਆਂ ਚੋਂ
ਨਿਕਲਣ ਦਾ ਮੰਤਰ ਸਿੱਖ ਲਿਆ ਹੈ
ਕਲਮ ਫੜਦਾ ਹਾਂ
ਤੇ ਸ਼ਬਦ ਉਲੀਕਣ ਲਗ ਜਾਂਦਾ ਹਾਂ
ਜਿੰਨਾਂ ਚਿਰ ਅੰਬਰ ਤੋਂ
ਬਰਖਾ ਹੁੰਦੀ ਰਹਿੰਦੀ ਹੈ
ਕਾਲ ਆਪਣੇ ਆਲ੍ਹਣੇ ਵਿਚ
ਛੁਪਿਆ ਰਹਿੰਦਾ ਹੈ
ਇਹ ਛੋਟੀਆਂ ਛੋਟੀਆਂ ਨਜ਼ਮਾਂ ਸੁਣਾਉਣ ਤੋਂ ਬਾਅਦ ਨਵਤੇਜ ਨੇ ‘ਸੂਪਨਖਾ’ ਨਾਂ ਦੀ ਲੰਬੀ ਕਵਿਤਾ ਵਿਚੋਂ ਕੁਝ ਹਿੱਸੇ ਪੜ੍ਹ ਕੇ ਸੁਣਾਏ ਜੋ ਕਿ ਡਾ: ਜੋਸ਼ੀ, ਸੁਰਜੀਤ, ਕਿਰਪਾਲ ਕਜ਼ਾਕ ਅਤੇ ਹੋਰ ਲੋਕਾਂ ਵੱਲੋਂ ਬਹੁਤ ਹੀ ਸਲਾਹੇ ਗਏ। ਨਵਤੇਜ ਭਾਰਤੀ ਤੋਂ ਬਾਅਦ ਅਜਮੇਰ ਰੋਡੇ ਵੱਲੋਂ ਕਾਵਿ ਪਾਠ ਦੀ ਸ਼ੁਰੂਆਤ ਆਪਣੀ ਕਵਿਤਾ ‘ਕਰੁਣਾ ਬੂਹੇ ਆਣ ਖੜ੍ਹੀ’ ਨਾਲ ਹੋਈ। ਫਿਰ ਉਸਦੀ ਕਵਿਤਾ ‘ਤਾਸ਼ ਦੀ ਬਾਜ਼ੀ’, ਜਿਸ ਵਿਚ ਉਸ ਵੱਲੋਂ ਆਧੁਨਿਕ ਮਨੁੱਖ ਦੀ ਕਥਿਤ ਉਤਰ-ਆਧੁਨਿਕ ਸੰਵੇਦਨਾ ਨੂੰ ਵਿਅੰਗਮਈ ਰੂਪ ਵਿਚ ਚਿਤਰਿਆ ਹੈ, ਵੀ ਸਰੋਤਿਆਂ ਵੱਲੋਂ ਵਿਸ਼ੇਸ਼ ਰੂਪ ਵਿਚ ਪਸੰਦ ਕੀਤੀ ਗਈ। ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਦੋਵੇਂ ਭਰਾ ਪਟਿਆਲਾ ਸ਼ਹਿਰ ਵਿਚ ਰਹੇ ਅਤੇ ਸਾਰਾ ਦਿਨ ਹੀ ਪੁਰਾਣੇ ‘ਭੂਤਵਾੜੇ’ ਸਰਕਲ ਦੇ ਦੋਸਤਾਂ ਦੇ ਘਰੀਂ ਕਾਵਿ ਮਹਿਫਲਾਂ ਦਾ ਸਿਲਸਿਲਾ ਚਲਦਾ ਰਿਹਾ।
ਨਵਤੇਜ ਦੇ ਪੁਰਾਣੇ ਸਾਥੀ ਹਰਦਿਲਜੀਤ ਸਿੰਘ ਲਾਲੀ ਦਾ ਕਹਿਣਾ ਸੀ ਕਿ ਨਵਤੇਜ ਦੀ ਕਵਿਤਾ ਵਿਚ ਇਕ ਪਾਸੇ ਪੂਰਨ ਸਿੰਘ ਅਤੇ ਭਾਈ ਵੀਰ ਸਿੰਘ ਦੀ ਸੰਵੇਦਨਾ ਪੂਰੀ ਤਰ੍ਹਾਂ ਸਮੋਈ ਹੋਈ ਹੈ, ਦੂਸਰੇ ਪਾਸੇ ਉਸਦੀ ਕਵਿਤਾ ਵਿਚੋਂ ਵਰਡਜ਼ਵਰਥ ਅਤੇ ਕੀਟਸ ਵਰਗੇ ਮਹਾਨ ਕਵੀਆਂ ਦੀਆਂ ਆਵਾਜ਼ਾਂ ਆਪਣੇ ਪੂਰੇ ਜਲੌਅ ਵਿਚ ਹਾਜ਼ਰ ਹਨ। ਅਜਿਹੀ ਹੀ ਇਕ ਹੋਰ ਸਭਾ ਵਿਚ ਡਾ: ਗੁਰਭਗਤ ਸਿੰਘ ਅਤੇ ਡਾ: ਦਲੀਪ ਕੌਰ ਟਿਵਾਣਾ ਵੱਲੋਂ ਨਵਤੇਜ ਭਾਰਤੀ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ।