ਅਮਰਜੀਤ ਕੌਂਕੇ

ਲੀਲ੍ਹਾ: ਸ਼ਬਦਾਂ ਦਾ ਅਲੋਕਾਰ ਵਰਤਾਰਾ

(ਅਕਸ, ਸਤੰਬਰ 1999)

‘ਲੀਲ੍ਹਾ’, ਨਵਤੇਜ ਭਾਰਤੀ ਅਤੇ ਅਜਮੇਰ ਰੋਡੇ ਦੀਆਂ ਕਵਿਤਾਵਾਂ ਦਾ ਸਾਂਝਾ ਕਾਵਿ ਸੰਗ੍ਰਹਿ ਹੈ। ਇਸ ਪੁਸਤਕ ਵਿਚ ਇਹਨਾ ਕਵੀਆਂ ਦੀਆਂ ਸਮਿਲਤ ਰਚਨਾਵਾਂ ਨੂੰ ਪੜ੍ਹਨਾ ਇੱਕ ਅਤਿ ਅਲੋਕਾਰ ਵਰਤਾਰੇ ‘ਚੋਂ  ਵਿਚਰਨਾ ਹੈ। ‘ਲੀਲ੍ਹਾ’ ਦੇ ਮੂਹਰਲੇ ਫਲੈਪ ਤੇ ਦਿਤੀਆਂ ਗਈਆਂ ਇਹ ਸਤਰਾਂ :

“ਕਾਲੀ ਬੋਲੀ ਰਾਤ ਵਿੱਚ ਦੀਵਾ ਜਗਦਾ ਰਖਣਾ ਹੀ ਕਵਿਤਾ ਦੀ ਜ਼ਿੰਮੇਵਾਰੀ ਹੈ। ਜਿਉਂਦੇ ਰਹਿਣ ਲਈ ਕਵਿਤਾ ਉਨੀ ਹੀ ਜ਼ਰੂਰੀ ਹੈ ਜਿੰਨਾ ਪਿਆਰ। ਇਹਨਾਂ ਬਿਨਾਂ ਮਨੁੱਖ ਹਿੰਸਕ ਅਤੇ ਪਾਗ਼ਲ ਹੋ ਜਾਂਦਾ ਹੈ।”
ਇਸ ਸੰਗ੍ਰਹਿ ‘ਚ ਪ੍ਰਵੇਸ਼ ਕਰਨ ਲਈ ਰਚਨਾ ਦੁਆਰ ਬਣਦੀਆਂ ਹਨ। ਇਸ ਸੰਗ੍ਰਹਿ ਦੀਆਂ ਇਹ ਸਾਰੀਆਂ ਕਵਿਤਾਵਾਂ ਉਹਨਾ ਅਹਿਸਾਸ, ਸੂਖਮ ਭਾਵਾਂ, ਭਾਵਨਾਵਾਂ ਨੂੰ ਬਚਾ ਕੇ ਰੱਖਣ ਲਈ ਗਤੀਸ਼ੀਲ ਹਨ ਜਿਹਨਾਂ ਸਦਕਾ ਮਨੁੱਖ, ਮਨੁੱਖ ਰਹਿ ਸਕਣ ਦਾ ਅਹਿਦ ਪਾਲਦਾ ਹੈ।

 

ਭਾਵੇਂ ਇਸ ਸੰਗ੍ਰਹਿ ਵਿੱਚ ਕਵਿਤਾਵਾਂ ਦੇ ਨਾਲ ਉੱਚ ਕਵੀਆਂ ਦੇ ਨਾਂ ਨਹੀਂ ਦਿੱਤੇ ਗਏ, ਕਿਉਂਕਿ ਕਵੀਆਂ ਦੀ ਇੱਛਾ ਹੈ ਕਿ ਪਾਠਕ ਪਹਿਲਾਂ ਕਵਿਤਾ ਨਾਲ ਪਹਿਚਾਣ ਕਰੇ ਫਿਰ ਉਸਦੀ ਚੇਤਨਾ ‘ਚ  ਕਵੀ ਦਾ ਨਾਂ ਸਥਾਪਿਤ ਹੋਵੇ। ਪਰ ਇਸ ਸਾਂਝ ਸਦਕਾ ਵੀ ਦੋਵੇਂ ਕਵੀ ਕਾਵਿ-ਚੇਤਨਾ ਦੀ ਪੱਧਰ ਤੇ ਆਪੋ ਆਪਣਾ ਮੁਹਾਵਰਾ  ਤੇ ਵਿਲੱਖਣਤਾ ਸਿਰਜਦੇ ਪ੍ਰਤੀਤ ਹੁੰਦੇ ਹਨ। ਅਜਮੇਰ ਰੋਡੇ ਦੀਆਂ ਕਵਿਤਾਵਾਂ ਵਿੱਚ ਅਤਿ ਆਧੁਨਿਕ ਚੇਤਨਾ ਦਾ ਪਾਸਾਰ ਸਹਿਜੇ ਹੀ ਪ੍ਰਤੀਤ ਹੁੰਦਾ ਹੈ। ਜਦੋਂ ਕਿ ਨਵਤੇਜ ਭਾਰਤੀ ਦੀ ਕਵਿਤਾ ਵਿਚ ਪਰੰਪਰਕ ਮੁੱਲਾਂ, ਇਤਿਹਾਸਕ, ਮਿਥਿਹਾਸਕ ਵਰਤਾਰਿਆਂ ਦੀ ਪੁਨਰ ਚਿਹਨਕਾਰੀ ਆਪਣੇ ਪੂਰੇ ਜਲੌਅ ਵਿੱਚ ਪ੍ਰਤੀਤ ਹੁੰਦੀ ਹੈ।

ਨਦੀ ਦੇ ਕੰਢੇ
ਸਮੁੰਦਰ ਤੱਕ
ਉਸਦੇ ਨਾਲ ਜਾਂਦੇ ਹਨ
ਜਿੱਥੇ ਉਹ ਆਪ
ਸਮੁੰਦਰ ਬਣ ਜਾਂਦੀ ਹੈ।
(ਨਵਤੇਜ ਭਾਰਤੀ)

ਤੂੰ ਨਿਰਵਸਤਰ ਹੋ
ਸੁਤੰਤਰਤਾ ਦੀ ਬਰਖਾ
ਵਿੱਚ ਤੁਰੇਂ
ਹੱਸੇਂ ਨੱਸੇਂ ਤਿਲਕੇਂ ਤੇ
ਤਿਲ੍ਹਕਦੀ ਦੀ
ਤੇਰੀ ਅੱਖ ਖੁੱਲ੍ਹੇ
ਮੈਂ ਤਾਂ ਇਹੀ ਚਾਹਿਆ ਸੀ
(ਅਜਮੇਰ ਰੋਡੇ)

ਇਹਨਾਂ ਕਵਿਤਾਵਾਂ ਵਿਚਲਾ ਕਾਵਿ ਯਥਾਰਥ ਅਜੋਕੇ ਮਾਨਵ, ਅਜੋਕੇ ਸਮਾਜ ਵਿੱਚ ਪਨਪ ਰਹੇ ਮਹਾਨਗਰੀ ਢਾਂਚੇ ਦੀ ਕਲਾਤਮਕ ਉਸਾਰੀ ਕਰਦਾ ਹੈ। ਇਹਨਾਂ ਕਵਿਤਾਵਾਂ ‘ਚ ਅਜੋਕੇ ਦੌਰ ‘ਚ ਜਿਉਂ ਰਹੇ ਮਹਾਂਮਾਨਵ ਤੇ ਚੋਟ ਵੀ ਹੈ, ਵਿਅੰਗ ਵੀ ਹੈ – ਉਸ ਦੀ ਹੋਣੀ ਨੂੰ ਵੇਖ ਕੇ ਸਮਝਕੇ ਉਸ ਪ੍ਰਤੀ ਕਰੁਣਾ ਭਾਵ ਵੀ ਉਜਾਗਰ ਹੁੰਦਾ ਹੈ:

ਚੁੱਪ
ਕਿਸੇ ਨੇ ਜ਼ੋਰ ਦੀ ਕਿਹਾ
ਉਹ ਚੁੱਪ ਹੋ ਗਿਆ
ਤੇ ਬਾਕੀ ਦੀ ਉਮਰ
ਆਪਣੇ ਆਪ ਨਾਲ
ਉੱਚੀ ਉੱਚੀ ਲੜਦਾ ਰਿਹਾ।
(ਅਜਮੇਰ ਰੋਡੇ)

ਮਨੁੱਖ ਅੰਦਰਲੀਆਂ ਅੰਤਰ ਦਵੰਧਾਂ ਤੇ ਅੰਤਰ ਵਿਰੋਧਾਂ ਦੇ  ਕਾਰਨ ਵੀ ਇਹਨਾਂ ਕਵਿਤਾਵਾਂ ਦੀ ਸਤਹਿ ਦੇ ਧੁਰ ਡੂੰਘੇ ਅੰਦਰ ਤੀਕ ਫੈਲੇ ਹੋਏ ਹਨ। ਅਸੀਂ ਚੇਤਨਾ ਦੇ ਸੂਰਜ ਦੇ ਸਨਮੁਖ ਹੋਣਾ ਵਿਸਾਰ ਦਿੱਤਾ ਹੈ – ਇਸੇ ਲਈ ਅਸੀਂ ਜੀਵਨ ਦੇ ਉਸ ਸੁੱਚੇ ਸੁੱਚੇ ਦਰਸ਼ਨ ਤੋਂ ਕੋਹਾਂ  ਦੂਰ ਚਲੇ ਗਏ ਹਾਂ ਜਿਸ ‘ਚ ਅਸੀਂ ਇਹ ਜੀਵਨ ਦਰਸ਼ਨ ਨੂੰ ਸਿਰਜ ਅਤੇ ਮਹਿਸੂਸ ਕਰ ਸਕੀਏ:

ਮੈਂ ਪਾਣੀ ਦੇ ਬੁਲਬੁਲੇ ਉਤੇ
ਸਾਗਰ ਦੀ ਕਥਾ ਉਲੀਕੀ ਹੈ
ਨਦੀ ਨੇਂ ਉਸ ਤੇ
ਦਸਖਤ ਕੀਤੇ ਹਨ
ਪਲ ਪਲ ਬਿਨਸਨਹਾਰ ਬੁਲਬੁਲਾ
ਅੱਖਰ ਚੁੱਕ ਕੇ ਅਮਰ ਹੋ
ਗਿਆ ਹੈ
(ਨਵਤੇਜ ਭਾਰਤੀ)

‘ਲੀਲ੍ਹਾ’ ਪੁਸਤਕ-ਰੂਪ ਵਿੱਚ ਸਿਰਜੀ ਹੋਈ ਇੱਕ ਮਹਾਨ ਕਵਿਤਾ ਹੈ  ਜਿਹੜੀ ਬ੍ਰਹਿਮੰਡ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਯਾਤਰਾ ਕਰਦੀ ਹੈ। ਇਹਨਾਂ ਕਵੀਆਂ ਦਾ ਵਿਸ਼ਵਾਸ਼ ਹੈ ਕਿ ਧਰਤੀ ਦੇ ਟੋਟੇ ਕਰਨ ਵਾਲੀਆਂ ਇਹ ਹੱਦਾਂ ਮਸਨੂਈ ਹਨ ਅਤੇ ਹਿੰਸਕ ਵਰਤਾਰੇ ਦੀ ਉਪਜ ਹਨ। ਇਹੀ ਕਾਰਨ ਹੈ ਇਹਨਾਂ ਕਵਿਤਾਵਾਂ ਵਿਚ ਪੇਸ਼ ਦੁੱਖ ਸੁੱਖ, ਅਹਿਸਾਸ, ਭਾਵਨਾਵਾਂ, ਬ੍ਰਹਿਮੰਡ ਮਨੁੱਖ ਦੇ ਸਰੋਕਾਰਾਂ ਨਾਲ ਆਪਣੀ ਸਾਂਝ ਸਿਰਜਦੀਆਂ ਹਨ। ਥਾਂ ਥਾਂ ਤੇ ਮਿਲਦੀਆਂ ਵਾਰਤਕ ਟੁਕੜੀਆਂ, ਆਦਿ ਲਿਪੀਆਂ ਦੇ ਚਿਤਰ ਇਹਨਾਂ ਕਵਿਤਾਵਾਂ ਨੂੰ ਵਧੇਰੇ ਕਾਵਿਕ ਗਹਿਰਾਈ ਤੇ ਹੋਰ ਵਧੇਰੇ ਕਾਵਿਕ ਉਡਾਣ ਭਰਨ ਵਿਚ ਸਰੋਤੇ ਦੇ ਅੰਗ ਸੰਗ ਵਿਚਰਦੀਆਂ ਹਨ। ਇਸ ਪੁਸਤਕ ਦੇ ਸਮੁੱਚੇ ਰਚਨਾ ਜਗਤ ‘ਚੋਂ ਗੁਜ਼ਰਨਾ ਇਕ ਅਲੋਕਾਰ ਸ਼ਬਦ ਵਰਤਾਰੇ ‘ਚੋਂ ਗੁਜ਼ਰਨਾ ਕਿਹਾ ਹੈ। ਥਾਂ ਥਾਂ ਇਹ ਕਵਿਤਾਵਾਂ ਪਾਠਕ ਨੂੰ ਰੋਕਦੀਆਂ ਹਨ, ਉਸ ਅੰਦਰ ਸਹਿਜ, ਸੁਪਨਾ, ਸਵਾਲ ਕਿੰਨਾ ਕੁਝ ਜਗਾਉਂਦੀਆਂ ਹਨ। ਕਵੀਆਂ ਦੇ ਮੁਤਾਬਿਕ ਇਹਨਾਂ ਕਵਿਤਾਵਾਂ ਦਾ ਸਰੋਕਾਰ ਮਨੁੱਖ ਦੇ ਜਿਉਂਦੇ ਰਹਿਣ ਦੀ ਤਾਂਘ ਨਾਲ ਹੈ – ਖ਼ੁਦਾ ਕਰੇ ਅਜਿਹੀ ਤਾਂਘ ਨੂੰ ਜਿਊਂਦੀ ਰੱਖਣ ਵਾਲੀ ਕਵਿਤਾ ਧਰਤੀ ਤੇ ਸਦੈਵ ਜਿਉਂਦੀ ਰਹੇ।

 

©2015 AglsoftDisclaimerFeedback