The Fragrant Grass

The Fragrant Grass 

The Fragrant Grass is a full length play in three acts centered on Canadian Punjabi youth involved in drug dealing and drug taking. Gang violence in recent years in Surrey, BC, is mostly an outcome of drug dealing business. The dialogues are written in both Punjabi and English as the subject of the play demands.  Some of the characters are of white background , as well, second and third generation Punjabis also speak English. The play has been read in several gatherings and sittings but hasn’t been produced yet.

 

ਸੁੱਖੇ ਦੀ ਮਹਿਕ

ਤਿੰਨ ਐਕਟਾਂ ਵਿਚ ਪੂਰਾ ਨਾਟਕ

Fragrant Grass

ਇਸ ਨਾਟਕ ਦਾ ਪਾਠ ਕਈ ਬੈਠਕਾਂ ਵਿਚ ਕੀਤਾ ਜਾ ਚੁੱਕਾ ਹੈ। ਇਕ ਵਾਰ ਜਦੋਂ ਅਜਮੇਰ ਔਲਖ ਜੀ ਵੈਨਕੂਵਰ ਆਏ ਸਨ ਤਾਂ ਉਹਨਾਂ ਨਾਲ ਵੀ ਇਕ ਬੈਠਕ ਵਿਚ ਇਹ ਨਾਟਕ ਪੜ੍ਹਿਆ ਗਿਆ ਸੀ।  ਪਰ ਇਸਨੂੰ ਅਜੇ ਤੱਕ ਮੰਚਿਤ ਨਹੀਂ ਕੀਤਾ ਗਿਆ। ਇਸਦਾ ਇਕ ਕਾਰਨ ਨਾਟਕ ਦਾ ਦੋ ਭਾਸ਼ਾਵਾਂ ਵਿਚ ਹੋਣਾ ਵੀ ਹੈ।

***

ਸੁੱਖੇ ਦੀ ਮਹਿਕ  ਇੱਕੀਵੀਂ ਸਦੀ ਦੇ ਆਰੰਭ ਸਮੇਂ ਦਾ ਨਾਟਕ ਹੈ। ਵਰਜਿਤ ਨਸ਼ੇ ਇਸਦਾ ਵਿਸ਼ਾ ਹਨ ਅਤੇ ਕੈਨੇਡਾ ਵਿਚ ਰਹਿੰਦੇ ਪੰਜਾਬੀ ਮੂਲ ਦੇ ਲੋਕ ਇਸਦੇ ਪਾਤਰ।
ਇਸ ਸਮੇਂ ਸੰਸਾਰ ਦੇ ਲਗਭਗ ਹਰ ਹਿੱਸੇ ਵਿਚ ਬੇਚੈਨੀ ਫੈਲੀ ਹੋਈ ਹੈ। ਇਸ ਦਾ ਇਕ ਕਾਰਨ ਸੰਸਾਰ ਦੀ 650 ਕ੍ਰੋੜ ਜਾਂ ਸਾਢੇ 6 ਬਿਲੀਅਨ ਤੋਂ ਵਧ ਚੁੱਕੀ ਵਸੋਂ ਹੈ ਜਿਸ ਦਾ ਬਹੁਤਾ ਹਿੱਸਾ ਏਸ਼ੀਆ ਅਫਰੀਕਾ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਵਿਚ ਰਹਿੰਦਾ ਹੈ। ਇਸ ਵਧ ਰਹੀ ਵਸੋਂ ਦੇ ਦਬਾ ਕਾਰਨ ਅਤੇ ਪਿਛਲੀਆਂ ਸਦੀਆਂ ਵਿਚ ਭੋਗੀ ਗੁਲਾਮੀ ਕਾਰਨ ਇਹਨਾਂ ਦੇਸ਼ਾਂ ਦੇ ਬਹੁਤੇ ਲੋਕ ਗਰੀਬੀ ਦਾ ਜੀਵਨ ਭੋਗ ਰਹੇ ਹਨ। ਗਰੀਬੀ ਤੋਂ ਖਹਿੜਾ ਛੁਡਾਉਣ ਲਈ ਉਹ ਆਪਣੀ ਮਾਤ ਭੂਮੀ ਛੱਡ ਕੇ ਕਿਸੇ ਵੀ ਖੁਸ਼ਹਾਲ ਦੇਸ਼ ਵਿਚ ਜਾਣ ਲਈ ਤਤਪਰ ਹਨ।
ਪੰਜਾਬੀ ਲੋਕ ਵੀ ਕੁਝ ਅਜਿਹੀਆਂ ਸਥਿਤੀਆਂ ਵੱਸ ਹੀ ਪੰਜਾਬ ਛੱਡ ਕੇ ਪੱਛਮੀ ਦੇਸ਼ਾਂ ਵਿਚ ਆ ਕੇ ਵਸੇ ਹਨ ਤੇ ਵਸ ਰਹੇ ਹਨ। ਬਹੁਤੇ ਪੱਛਮੀ ਦੇਸ਼ ਆਰਥਕ ਤੌਰ ਤੇ ਤਾਂ ਖੁਸ਼ਹਾਲ ਹਨ ਪਰ ਸੰਸਾਰ ਦੀ ਸਰਬਵਿਆਪਕ ਬੇਚੈਨੀ ਤੋਂ ਉਹ ਵੀ ਮੁਕਤ ਨਹੀਂ। ਇਸ ਦਾ ਮੁੱਖ ਕਾਰਨ ਸਰਮਾਏਦਾਰੀ ਪ੍ਰਬੰਧ ਹੈ ਜੋ ਇਹਨਾਂ ਮੁਲਕਾਂ ਦੀ ਆਰਥਕਤਾ ਦਾ ਆਧਾਰ ਹੈ ਅਤੇ ਜੋ ਲੋਕਾਂ ਨੂੰ ਹਰ ਸਮੇਂ ਯੋਗ ਅਯੋਗ ਢੰਗਾਂ ਨਾਲ ਦੂਜਿਆਂ ਤੋਂ ਅੱਗੇ ਨਿਕਲਣ ਲਈ ਹੱਲਾਸ਼ੇਰੀ ਦਿੰਦਾ ਹੈ।ਇਹ ਦੌੜ ਇਥੇ ਜੀਵਨ ਦੇ ਹਰ ਪਹਿਲੂ ਤੇ ਛਾਈ ਹੋਈ ਹੈ। ਪੰਜਾਬੀ ਬੰਦਾ ਇਸ ਦੌੜ ਵਿਚ ਅਨਾੜੀ ਦੌੜਾਕ ਵਾਂਗ ਸ਼ਾਮਲ ਹੁੰਦਾ ਹੈ। ਉਹ ਕਦੇ ਹੰਭਲਾ ਮਾਰ ਕੇ ਬਾਕੀਆਂ ਨਾਲੋਂ ਅੱਗੇ ਨਿੱਕਲ ਜਾਂਦਾ ਹੈ ਕਦੇ ਪਿਛੇ ਰਹਿ ਜਾਂਦਾ ਹੈ ਤੇ ਕਦੇ ਦੌੜ ਦੇ ਨਿਯਮ ਭੁਲ ਭੁਲਾ ਕੇ ਹੇਰਾਫੇਰੀ ਤੇ ਉਤੱਰ ਆਉਂਦਾ ਹੈ।
ਇਸ ਸਮੇਂ ਕੈਨੇਡਾ ਵਿਚ ਪੰਜਾਬੀਆਂ ਦੀ ਗਿਣਤੀ ਤਿੰਨ ਲੱਖ ਦੇ ਲਗਭਗ ਹੈ ਅਤੇ ਉਹਨਾਂ ਦੀ ਹੋਂਦ ਇਥੇ ਮਹੱਤਵ ਵਾਲੀ ਬਣ ਚੁੱਕੀ ਹੈ; ਉਹਨਾਂ ਦਾ ਸਮਾਜਿਕ ਅਤੇ ਸਭਿਆਚਾਰਕ ਜੀਵਨ ਪੂਰੀ ਤਰਾਂ ਸਰਗਰਮ ਹੈ ਅਤੇ ਇਹ ਤੱਥ ਆਪਣੇ ਆਪ ਵਿਚ ਇਕ ਪ੍ਰਾਪਤੀ ਹੈ। ਰਾਜਸੀ ਖੇਤਰ ਵਿਚ ਤਾਂ ਉੇਹ ਦੇਸ਼ ਦੀ ਰਾਜਸੱਤਾ ਦੇ ਹਰ ਪੱਧਰ ਤੇ ਪਹੁੰਚ ਚੁੱਕੇ ਹਨ। “ਪੈਸਾ ਬਣਾਉਣ” ਦੀ ਦੌੜ ਵਿਚ ਵੀ ਉਹ ਕਿਸੇ ਤੋਂ ਪਿਛੇ ਨਹੀਂ ਰਹੇ। ਇਸ ਦੌੜ ਵਿਚ ਸਫਲਤਾ ਲਈ ਉਹਨਾਂ ਨੇ ਕਈ ਤਰ੍ਹਾਂ ਦੇ ਕੁਕਰਮ ਵੀ ਅਪਣਾਏ ਹਨ। ਭਾਰਤ ਅਤੇ ਪੰਜਾਬ ਵਿਚ ਰਿਸ਼ਵਤ ਲੈਣਾ-ਦੇਣਾ ਜੀਵਨ ਦਾ ਇਕ ਆਮ ਵਰਤਾਰਾ ਬਣ ਚੁੱਕਾ ਹੈ। ਬਹੁਤੇ ਲੋਕ ਇਸ ਵਰਤਾਰੇ ਤੋਂ ਪੈਦਾ ਹੋਣ ਵਾਲੀ ਆਚਰਣਕ ਗਿਰਾਵਟ ਤੋ ਚੇਤੰਨ ਨਹੀਂ ਰਹੇ ਜਾਪਦੇ। ਕੈਨੇਡਾ ਆ ਕੇ ਇਹ ਵਰਤਾਰਾ ਕਈ ਰੂਪਾਂ ਵਿਚ ਉਜਾਗਰ ਹੁੰਦਾ ਹੈ: ਆਵਾਸ ਦੇ ਨਿਯਮਾਂ ਦੀ ਦੁਰਵਰਤੋਂ, ਝੂਠੇ ਵਿਆਹ, ਆਪਣੇ ਹੀ ਦੇਸ਼ ਤੋਂ ਆਏ ਅਨਪੜ੍ਹ ਤੇ ਬੇਵੱਸ ਲੋਕਾਂ ਦਾ ਸ਼ੋਸ਼ਨ ਕੁਝ ਕੁ ਮਿਸਾਲਾਂ ਹਨ।
ਡਰੱਗਾਂ ਦਾ ਮੰਦਾ ਧੰਦਾ ਸਭ ਤੋਂ ਬਦਨਾਮੀ ਵਾਲਾ ਹੈ। ਇਹ ਧੰਦਾ ਪੰਜਾਬੀਆਂ ਨੇ ਪੰਜਾਬ ਤੋਂ ਨਹੀ ਲਿਆਂਦਾ, ਕੈਨੇਡਾ ਦੇ ਮੁਖਧਾਰਾ ਸਮਾਜ ਤੋਂ ਅਪਣਾਇਆ ਹੈ। ਪਰ ਮੁਖਧਾਰਾ ਡਰੱਗ ਡੀਲਰਾਂ ਵਾਂਗ ਉਹਨਾਂ ਕੋਲ ਲੋੜੀਂਦੀ ਚਤੁਰਤਾ, ਪ੍ਰਬੰਧਕੀ ਤਕਨੀਕਾਂ ਤੇ ਗਤੀ ਵਿਧੀਆਂ ਦਾ ਗਿਆਨ ਨਹੀਂ ਸੀ। ਨਤੀਜੇ ਵਜੋਂ ਉਹਨਾਂ ਨੇ ਇਹ ਅਤਿ ਖ਼ਤਰਨਾਕ ਧੰਦਾ ਹੋਸ਼ੇ ਅਤੇ “ਵੇਖੀ ਜਾਊ” ਪੱਧਰ ਤੇ ਕੀਤਾ। ਪਿਛਲੇ ਦਹਾਕੇ ਵਿਚ ਹੋਏ ਸੌ ਤੋਂ ਵੱਧ ਨੌਜਵਾਨਾਂ ਦਾ ਕਤਲ ਇਹਨਾਂ ਨਤੀਜਿਆਂ ਦੀ ਹੀ ਇਕ ਮਿਸਾਲ ਹੈ। ਡਰੱਗ-ਧੰਦੇ ਵਿਚ ਅਜੇ ਵੀ ਬਹੁਤ ਪੰਜਾਬੀ ਉਲਝ ਰਹੇ ਹਨ, ਜਾਪਦਾ ਹੈ ਉਹ ਇਸ ਵਿਚ ਮੁਖਧਾਰਾ ਸਮਾਜ ਨੂੰ ਵੀ ਪਿਛੇ ਛੱਡ ਗਏ ਹਨ। ਪੰਜਾਬੀ ਲੋਕ ਅਕਸਰ ਹੀ ਕਹਿ ਦਿੰਦੇ ਹਨ ਕਿ ਇਥੇ ਹਰ ਦੂਜਾ ਪੰਜਾਬੀ ਵਰਜਿਤ ਡਰੱਗਾਂ ਦਾ ਧੰਦਾ ਕਰ ਰਿਹਾ ਹੈ। ਇਹ ਅਤਿਕਥਨੀ ਹੈ ਪਰ ਇਹ ਅਤਿਕਥਨੀ ਸਮੱਸਿਆ ਦੀ ਗੰਭੀਰਤਾ ਵੱਲ ਸੰਕੇਤ ਜ਼ਰੂਰ ਕਰਦੀ ਹੈ। ਇਸੇ ਲਈ ਅੱਜ ਬੇਈਮਾਨੀ, ਪਰਿਵਾਰਕ ਹਿੰਸਾ, ਮੁਕੱਦਮੇਬਾਜ਼ੀ ਤੇ ਕਤਲ ਵਰਗੇ ਲੱਛਣ ਪੰਜਾਬੀ ਸਭਿਆਚਾਰ ਨਾਲ ਜੁੜਦੇ ਜਾ ਰਹੇ ਹਨ।
ਡਰੱਗਾਂ ਦੇ ਮੰਦੇ ਧੰਦੇ ਨੇ ਮੁਖ ਤੌਰ ਤੇ ਨੌਜਵਾਨ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਸੁੱਖੇ ਦੀ ਮਹਿਕ  ਇਸ ਧੰਦੇ ਵਿਚ ਉਲਝੇ ਜਾਂ ਉਲਝ ਰਹੇ ਨੌਜਵਾਨ ਮੁੰਡੇ ਕੁੜੀਆਂ ਉਤੇ ਹੀ ਕੇਂਦ੍ਰਿਤ ਹੈ।
ਨਸ਼ੀਲੇ ਪਦਾਰਥਾਂ ਦੀ ਵਰਤੋਂ ਨੌਜਵਾਨ ਅਕਸਰ ਸਕੂਲ ਵਿਚ ਸ਼ੁਰੂ ਕਰਦੇ ਹਨ। ਬਹੁਤੇ ਕੇਵਲ ਜਵਾਨੀ ਦੇ ਜੋਰ ਵਿਚ ਤਜ਼ਰਬੇ ਹੀ ਕਰਦੇ ਹਨ ਜਾਂ ਨਸ਼ੇ ਵਰਜਿਤ ਹੋਣ ਕਰਕੇ ਉਹਨਾਂ ਨੂੰ ਅਜਮਾਉਣਾ ਚਾਹੁੰਦੇ ਹਨ। ਕਈ ਨੌਜਵਾਨ ਮਾਪਿਆਂ ਅਤੇ ਸਕੂਲ ਅਧਿਕਾਰੀਆਂ ਦੇ ਹੁਕਮਾਂ ਨੂੰ ਵੰਗਾਰਨ ਲਈ ਨਸ਼ੇ ਕਰਦੇ ਹਨ ਤੇ ਕਈ ਮਾਨਸਿਕ ਤਣਾਓ ਜਾਂ ਹੋਰ ਉਲਝਣਾ ਤੋਂ ਤੰਗ ਆ ਕੇ ਇਹਨਾਂ ਦਾ ਆਸਰਾ ਲੈਂਦੇ ਹਨ। ਕਾਰਨ ਕੋਈ ਵੀ ਹੋਵੇ ਬਹੁਤੇ ਵਿਦਿਆਰਥੀ ਕੁਝ ਚਿਰ ਪਿਛੋਂ ਇਹ ਨਸ਼ਾਪੱਤੀ ਆਪਣੇ ਆਪ ਤਿਆਗ ਦਿੰਦੇ ਹਨ। ਪਰ ਕੁਝ ਅਜਿਹੇ ਵੀ ਰਹਿ ਜਾਂਦੇ ਹਨ ਜਿਹਨਾਂ ਨੂੰ ਨਸ਼ੇ ਦਾ ਅਮਲ ਪੈ ਜਾਂਦਾ ਹੈ ਤੇ ਇਸ ਸਦਕਾ ਉਹ ਡੂੰਘੇ ਦੁੱਖ ਭੋਗਦੇ ਹਨ।
ਸਭ ਤੋਂ ਵੱਧ ਖ਼ਤਰਾ ਉਹਨਾਂ ਨੂੰ ਹੁੰਦਾ ਹੈ ਜੋ ਡਰੱਗ ਡੀਲਰਾਂ ਦੇ ਪ੍ਰਭਾਵ ਥੱਲੇ ਆ ਜਾਂਦੇ ਹਨ। ਇਹ ਡੀਲਰ ਅਪਰਾਧ ਅਤੇ ਨਾਜਾਇਜ਼ ਮਾਇਆ ਦੀ ਲੁਕਵੀਂ ਦੁਨੀਆ ਨਾਲ ਜੁੜੇ ਹੋਏ ਹੁੰਦੇ ਹਨ ਅਤੇ ਹਰ ਸਮੇਂ ਨਵੇਂ ਰੰਗਰੂਟ, ਨਵੇਂ ਗਾਹਕਾਂ ਦੀ ਤਾਲਾਸ਼ ਵਿਚ ਰਹਿੰਦੇ ਹਨæ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਇਹਨਾਂ ਦਾ ਮੁੱਖ ਨਿਸ਼ਾਨਾ ਬਣਦੇ ਹਨ। ਇਹ ਜਵਾਨ ਮੁੰਡੇ ਕੁੜੀਆਂ ਨੂੰ ਫਲੈਸ਼ੀ ਕਾਰਾਂ, ਸ਼ਾਨਦਾਰ ਬੰਗਲੇ, ਅਤੇ ਮਹਿੰਗੇ ਹੋਟਲਾਂ ਦੀ ‘ਉਚੇਰੀ’ ਜ਼ਿੰਦਗੀ ਦੇ ਰੰਗੀਨ ਦ੍ਰਿਸ਼ ਵਿਖਾਉਂਦੇ ਹਨ। ਜਿਹੜੇ ਨੌਜਵਾਨ ਮਿਹਨਤ ਤੋਂ ਕੰਨੀ ਕਤਰਾਉਂਦੇ ਹਨ ਪਰ ਪੈਸਾ ਛੇਤੀ ਬਣਾਉਣਾ ਚਾਹੁੰਦੇ ਹਨ, ਉਹ ਇਹਨਾਂ ਦੇ ਝਾਂਸੇ ਵਿਚ ਆ ਜਾਂਦੇ ਹਨ। ਇਸ ਧੰਦੇ ਵਿਚ ਉਹਨਾਂ ਨੂੰ ਮਰਨ ਮਾਰਨ ਦੀ ਪ੍ਰਵਾਹ ਵੀ ਨਹੀਂ ਰਹਿੰਦੀ। ਆਪਸੀ ਝਗੜਿਆਂ ਦੇ ਫ਼ੈਸਲੇ ਅਕਸਰ ਬੰਦੂਕ ਨਾਲ ਹੁੰਦੇ ਹਨ ਕਿਉਂਕਿ ਕਾਨੂੰਨ ਕੋਲ ਪਹੁੰਚ ਕਰਨ ਨਾਲ ਉਹ ਆਪ ਵੀ ਫਸਦੇ ਹਨ। ਉਂਜ ਵੀ ਪੁਲੀਸ ਕੋਲ ਸ਼ਕਾਇਤ ਕਰਨ ਨੂੰ ਉਹ ਹੇਠੀ ਵਾਲਾ ਕੰਮ ਸਮਝਦੇ ਹਨ।
ਅਜਿਹੀਆਂ ਅਨੇਕਾਂ ਸਥਿਤੀਆਂ ਹਨ ਜਿਹਨਾਂ ਵਿਚ ਨੌਜਵਾਨ ਨਸ਼ਿਆਂ ਨਾਲ ਤਜ਼ਰਬੇ ਕਰਦੇ ਕਰਦੇ ਗੈਂਗ-ਸੰਸਾਰ ਵਿਚ ਫਸ ਜਾਂਦੇ ਹਨ ਤੇ ਫੇਰ ਉਸ ਚੋਂ ਬਾਹਰ ਨਿਕਲਣਾ ਅਸੰਭਵ ਹੋ ਜਾਂਦਾ ਹੈ। ਸੁੱਖੇ ਦੀ ਮਹਿਕ  ਇਕ ਅਜਿਹੀ ਸਥਿਤੀ ਨੂੰ ਹੀ ਰੂਪਮਾਨ ਕਰਦਾ ਹੈ। ਇਸ ਵਿਚਲੇ ਸੀਨ ਲਗਭਗ ਯਥਾਰਥਕ ਹਨ; ਇਹਨਾਂ ਨੂੰ ਲੇਖਕ ਨੇ ਕਿਸੇ ਨਾ ਕਿਸੇ ਰੂਪ ਵਿਚ ਨੇੜੇ ਤੋਂ ਦੇਖਿਆ ਹੈ।
ਵਾਰਤਾਲਾਪਾਂ ਵਿਚ ਪੰਜਾਬੀ ਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਰਤੀਆਂ ਗਈਆਂ ਹਨ। ਇਹ ਨਾਟਕ ਦੇ ਕਨੇਡੀਅਨ-ਪੰਜਾਬੀ ਪਾਤਰਾਂ ਦੀ ਮੰਗ ਹੈ। ਦੋਹਾਂ ਭਾਸ਼ਾਵਾਂ ਵਿਚ ਪਾਤਰਾਂ ਦੀ ਅਭਿਵਿਅਕਤੀ, ਉਚਾਰਣ ਅਤੇ ਬੋਲੀ ਦਾ ਈਡੀਅਮ ਵਧੇਰੇ ਨਿਖਰ ਕੇ ਸਾਹਮਣੇ ਆਉਂਦਾ ਹੈ। ਕੈਨੇਡਾ ਵਿਚ ਜੰਮੇ ਪਲੇ ਬੱਚੇ ਜਾਂ ਜੋ ਬਚਪਨ ਵਿਚ ਹੀ ਏਥੇ ਆ ਗਏ ਸਨ ਅੰਗਰੇਜ਼ੀ ਬੋਲਦੇ ਹਨ ਪਰ ਪੰਜਾਬੀ ਵੀ ਸਮਝਦੇ ਹਨ, ਤੇ ਆਪਣੀਆਂ ਮਾਵਾਂ ਨਾਲ ਦੋਹਾਂ ਬੋਲੀਆਂ ਵਿਚ ਗੱਲਬਾਤ ਕਰਦੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਜੰਮੀਆਂ ਪਲੀਆਂ ਮਾਵਾਂ ਪੰਜਾਬੀ ਬੋਲਦੀਆਂ ਹਨ ਪਰ ਆਪਣੇ ਬੱਚਿਆਂ ਦੀ ਬੋਲੀ ਹੋਈ ਅੰਗਰੇਜ਼ੀ ਵੀ ਸਮਝ ਲੈਂਦੀਆਂ ਹਨ। ਮੋਹ ਪਿਆਰ ਲੜਾਈ ਝਗੜੇ ਦੇ ਜਜ਼ਬੇ ਦੋਹਾਂ ਬੋਲੀਆਂ ਵਿਚ ਹੀ ਪੂਰੀ ਤਰ੍ਹਾਂ ਪ੍ਰਗਟ ਹੁੰਦੇ ਹਨ। ਇਸ ਨਾਟਕ ਵਿਚਲੀ ਅੰਗਰੇਜ਼ੀ ਪੰਜਾਬੀ ਮੂਲ ਦੇ ਮੁੰਡੇ ਕੁੜੀਆਂ ਬੋਲਦੇ ਹਨ, ਇਹ ਗੋਰੇ ਲੋਕਾਂ ਵੱਲੋਂ ਬੋਲੀ ਜਾਂਦੀ ਅੰਗਰੇਜ਼ੀ ਤੋਂ ਕੁਝ ਵੱਖਰੀ ਹੈ, ਇਸ ਉਤੇ ਪੰਜਾਬੀ ਬੋਲੀ ਦੇ ਮੁਹਾਵਰੇ ਦਾ ਅਤੇ ਪੰਜਾਬੀ ਸਭਿਆਚਾਰ ਦਾ ਪ੍ਰਭਾਵ ਹੈ।
ਪਰ ਨਾਟਕ ਦੀ ਭਾਸ਼ਾ ਨਿਰਦੇਸ਼ਕ ਤੇ ਵੀ ਨਿਰਭਰ ਕਰਦੀ ਹੈ। ਉਹ ਪਾਤਰਾਂ ਅਤੇ ਸਥਿਤੀ ਅਨੁਸਾਰ ਅੰਗਰੇਜ਼ੀ ਸੰਬਾਦ ਨੂੰ ਪੰਜਾਬੀ ਵਿਚ ਜਾਂ ਪੰਜਾਬੀ ਨੂੰ ਅੰਗਰੇਜ਼ੀ ਵਿਚ ਅਨੁਵਾਦ ਕਰ ਸਕਦਾ ਜਾਂ ਸਕਦੀ ਹੈ। ਕੰਪਿਊਟਰ ਨੇ ਵਾਰਤਾਲਾਪ ਨੂੰ ਦੋਹਾਂ ਭਾਸ਼ਾਵਾਂ ਵਿਚ ਲਿਖਣਾ ਆਸਾਨ ਕਰ ਦਿਤਾ ਹੈ।